ਨਵਾਂਸ਼ਹਿਰ, 24 ਜਨਵਰੀ 2022 :- ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਉੱਤੇ ਜਿੱਤ ਪ੍ਰਾਪਤ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਛੇੜੀ ਹੋਈ ਹੈ। ਇਸੇ ਕੜੀ ਤਹਿਤ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਤਰਸੇਮ ਲਾਲ ਨੇ ਬੂਸਟਰ ਡੋਜ਼ ਅਤੇ ਉਨ੍ਹਾਂ ਦੇ ਬੇਟੇ ਤਰਕਪ੍ਰੀਤ ਗੁਰੂ ਵਲੋਂ ਲੋਕਾਂ ਨੂੰ ਪ੍ਰੇਰਿਤ ਕਰਨ ਲੲੀ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਕੋਵੀਡ ਰੋਕੂ ਪਹਿਲੀ ਡੋਜ਼ ਦਾ ਟੀਕਾਕਰਨ ਕਰਵਾਇਆ ਗਿਆ। ਇਸ ਮੌਕੇ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਦਵਿੰਦਰ ਢਾਂਡਾ ਜੀ ਨੇ ਜ਼ਿਲ੍ਹੇ ਦੇ ਯੋਗ ਵਿਅਕਤੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੋਵਿਡ ਤੋਂ ਬਚਣ ਲਈ ਆਪਣਾ ਸੰਪੂਰਨ ਟੀਕਾਕਰਨ ਪਹਿਲ ਦੇ ਆਧਾਰ ਉੱਤੇ ਕਰਵਾਉਣ, ਕਿਉਂਕਿ ਇਹੀ ਕੋਵਿਡ ਤੋਂ ਬਚਣ ਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ। ਟੀਕਾਕਰਨ ਦੀ ਦਰ ਵਧਾਉਣ ਲਈ ਸਿਹਤ ਵਿਭਾਗ ਨੇ 15-18 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ 'ਚ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਵੀ ਲਗਾਈ ਜਾ ਰਹੀ ਹੈ, ਜਿਸ ਤਹਿਤ ਪਹਿਲੇ ਪੜਾਅ 'ਚ ਹੈਲਥ ਕੇਅਰ ਵਰਕਰ, ਫਰੰਟਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਸਹਿ ਰੋਗਾਂ ਤੋਂ ਪੀੜਤ ਵਿਅਕਤੀ ਇਸ ਬੂਸਟਰ ਡੋਜ਼ ਲਈ ਯੋਗ ਹਨ। ਦੂਜੀ ਖੁਰਾਕ ਤੋਂ ਬਾਅਦ ਨੌਂ ਮਹੀਨਿਆਂ ਦਾ ਅੰਤਰ ਬੂਸਟਰ ਖੁਰਾਕ ਲਈ ਯੋਗ ਹੋਣ ਲਈ ਜ਼ਰੂਰੀ ਹੈ। ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਤਰਸੇਮ ਲਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ ਸੰਕ੍ਰਮਣ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਕੋਵਿਡ ਦੇ ਹੋਰ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਇਸ ਲਈ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਹਰੇਕ ਵਿਅਕਤੀ ਦੁਆਰਾ ਕੋਵਿਡ ਦੇ ਢੁੱਕਵੇਂ ਵਿਵਹਾਰ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਵੀ ਕੀਤੀ, ਕਿਉਂਕਿ ਓਮੀਕ੍ਰੋਨ ਵੇਰੀਐਂਟ ਦੀ ਸੰਕ੍ਰਮਣ ਦੀ ਦਰ ਡੈਲਟਾ ਵੇਰੀਐਂਟ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾਂ ਕਮਲਦੀਪ ਸਿੰਘ ਐੱਮ ਐਲ ਟੀ, ਮਨਪ੍ਰੀਤ ਕੌਰ ਏ ਐਨ ਐਮ, ਸਰਬਜੀਤ ਐਮ ਐਮ ਯੂ, ਗੁਰਦੀਪ ਕੌਰ, ਜਸਵਿੰਦਰ ਕੌਰ, ਜਸਪ੍ਰੀਤ ਕੌਰ ਸੁਨੀਤਾ ਆਸ਼ਾ ਅਤੇ ਤਤਕਪ੍ਰੀਤ ਗੁਰੂ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।