ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਨੋਡਲ ਅਫ਼ਸਰਾਂ ਨਾਲ ਚੋਣ ਤਿਆਰੀਆਂ ਦੀ ਸਮੀਖਿਆ

ਨੋਡਲ ਅਫ਼ਸਰ ਆਪੋ-ਆਪਣੀ ਜ਼ਿੰਮੇਂਵਾਰੀ ਮੁਤਾਬਕ ਵਿਧਾਨ ਸਭਾ ਚੋਣ ਪ੍ਰਕਿਰਿਆ ਨੂੰ
ਨਿਰਵਿਘਨ ਨੇਪਰੇ ਚਾੜ੍ਹਨ
ਨਵਾਂਸ਼ਹਿਰ, 12 ਜਨਵਰੀ :- ਅਗਾਮੀ ਵਿਧਾਨ ਸਭਾ ਚੋਣ ਪ੍ਰਕਿਰਿਆ ਨੂੰ ਸੁਚਾਰੂ ਰੂਪ ਅਤੇ
ਨਿਰਵਿਘਨਤਾ ਸਹਿਤ ਨੇਪਰੇ ਚਾੜ੍ਹਨ ਅਤੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ
ਹਿੱਤ ਜ਼ਿਲ੍ਹੇ ਵਿੱਚ 33 ਨੋਡਲ ਅਫ਼ਸਰ ਲਾਏ ਗਏ ਹਨ ਜਿਨ੍ਹਾਂ ਨੂੰ ਚੋਣ ਅਮਲ ਨਾਲ ਸਬੰਧਤ
ਵੱਖ-ਵੱਖ ਜ਼ਿੰਮੇਂਵਾਰੀਆਂ ਸੌਂਪੀਆਂ ਗਈਆਂ ਹਨ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ
ਅੱਜ ਇਨ੍ਹਾਂ ਵੱਖ-ਵੱਖ ਨੋਡਲ ਅਫ਼ਸਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ
ਜ਼ਿੰਮੇਂਵਾਰੀਆਂ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਵੱਲੋਂ ਆਦਰਸ਼ ਚੋਣ ਜ਼ਾਬਤੇ ਬਾਅਦ
ਕੀਤੇ ਕਾਰਜਾਂ ਦੀ ਸਮੀਖਿਆ ਬਾਅਦ ਕੀਤਾ। ਡਿਪਟੀ ਕਮਿਸ਼ਨਰ ਨੇ ਸਮੂਹ ਨੋਡਲ ਅਫ਼ਸਰਾਂ ਨੂੰ
ਆਪੋ-ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਲਗਨ ਨਾਲ ਕਰਨ ਲਈ ਆਖਿਆ ਅਤੇ ਕਿਹਾ ਕਿ ਚੋਣ
ਪ੍ਰਕਿਰਿਆ ਕਿਸੇ ਇਕੱਲੇ ਦਾ ਕੰਮ ਨਾ ਹੋ ਕੇ ਸਮੁੱਚੇ ਰੂਪ 'ਚ ਟੀਮ ਵਰਕ ਹੈ।
ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨੂੰ ਚੋਣ ਅਮਲ
ਵਿੱਚ ਬੂਥ ਪੱਧਰ ਤੱਕ ਲੋੜੀਂਦੀ ਮਾਨਵੀ ਸ਼ਕਤੀ ਦੀ ਪੂਰਤੀ ਸਬੰਧੀ ਨੋਡਲ ਅਫ਼ਸਰ ਲਾਇਆ ਗਿਆ
ਹੈ ਅਤੇ ਉਹ ਪੋਲਿੰਗ ਸਟਾਫ਼, ਮਾਈਕ੍ਰੋ ਅਬਜ਼ਰਵਰ ਤੇ ਕਾਊਂਟਿੰਗ ਸਟਾਫ਼ ਆਦਿ ਦੀ ਤਾਇਨਾਤੀ
ਲਈ ਜ਼ਿੰਮੇਂਵਾਰ ਹੋਣਗੇ। ਡਾ. ਨਰੇਸ਼ ਕਟਾਰੀਆ ਖੇਤੀਬਾੜੀ ਅਫ਼ਸਰ ਨੂੰ ਈ.ਵੀ.ਐਮ./ਵੀ ਵੀ
ਪੈਟ ਮਸ਼ੀਨਾਂ ਦੇ ਰੱਖ-ਰਖਾਅ, ਸੁਰੱਖਿਆ ਇੰਤਜ਼ਾਮ ਕਰਵਾਉਣ ਅਤੇ ਉਨ੍ਹਾਂ ਦੀ ਚੈਕਿੰਗ ਅਤੇ
ਹੋਰ ਕਾਰਜਾਂ ਲਈ ਨੋਡਲ ਅਫ਼ਸਰ ਲਾਇਆ ਗਿਆ ਹੈ।
ਜੀ ਐਮ ਪੰਜਾਬ ਰੋਡਵੇਜ਼ ਜਸਵੀਰ ਸਿੰਘ ਨੂੰ ਚੋਣ ਅਮਲ ਦੌਰਾਨ ਪੋਲਿੰਗ ਸਟਾਫ਼ ਦੀ
ਆਵਾਜਾਈ ਲਈ ਵਾਹਨ ਪ੍ਰਬੰਧਨ ਲਈ ਨੋਡਲ ਅਫ਼ਸਰ ਲਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ
ਜ਼ਿਲ੍ਹੇ ਦਾ ਸਮੁੱਚਾ 'ਟ੍ਰਾਂਸਪੋਰਟ ਪਲਾਨ' ਮੁਕੰਮਲ ਕਰਕੇ ਜੀ ਐਮ ਨੂੰ ਸੌਂਪਣ ਲਈ ਆਖਿਆ
ਤਾਂ ਜੋ ਲੋੜ ਮੁਤਾਬਕ ਵਾਹਨਾਂ ਦਾ ਅਗਾਊਂ ਰੂਪ ਵਿੱਚ ਪ੍ਰਬੰਧ ਕੀਤਾ ਜਾ ਸਕੇ।
ਪਿ੍ਰੰਸੀਪਲ ਸ੍ਰੀ ਸੁਰਿੰਦਰਪਾਲ ਅਗਨੀਹੋਤਰੀ ਨੂੰ ਚੋਣ ਜ਼ਾਬਤਾ, ਪੋਲਿੰਗ ਸਟਾਫ਼ ਤੇ ਹੋਰ
ਚੋਣ ਅਮਲ ਨਾਲ ਸਬੰਧਤ ਕਮੇਟੀਆਂ ਦੀ ਸਿਖਲਾਈ ਦਾ ਨੋਡਲ ਅਫ਼ਸਰ ਲਾਇਆ ਗਿਆ ਹੈ। ਸ੍ਰੀ
ਰਾਮਪਾਲ ਐਸ ਡੀ ਓ ਲੋਕ ਨਿਰਮਾਣ ਨੂੰ ਚੋਣ ਅਮਲ ਲਈ ਲੋੜੀਂਦੀ ਸਮੱਗਰੀ, ਵੀਡਿਓ ਤੇ
ਡਿਜੀਟਲ ਕੈਮਰਿਆਂ, ਸੀ ਸੀ ਟੀ ਵੀ ਕੈਮਰਿਆਂ, ਅਬਜ਼ਰਵਰਾਂ ਦੇ ਦਫ਼ਤਰਾਂ ਦੇ ਪ੍ਰਬੰਧ, ਐਮ
ਸੀ ਐਮ ਸੀ ਰੂਮ ਲਈ ਲੋੜੀਂਦੇ ਸਟਾਫ਼ ਲਈ ਨੋਡਲ ਅਫ਼ਸਰ ਲਾਇਆ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਮਿਤ ਸਰੀਨ ਨੂੰ ਸ਼ਹਿਰੀ ਅਤੇ ਡੀ ਡੀ
ਪੀ ਓ ਦਵਿੰਦਰ ਸ਼ਰਮਾ ਨੂੰ ਦਿਹਾਤੀ ਖੇਤਰਾਂ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਮੁਕੰਮਲ ਰੂਪ
ਵਿੱਚ ਪਾਲਣਾ ਕਰਵਾਉਣ ਲਈ ਨੋਡਲ ਅਫ਼ਸਰਾਂ ਵਜੋਂ ਲਾਇਆ ਗਿਆ ਹੈ। ਜ਼ਿਲ੍ਹਾ ਖੁਰਾਕ ਤੇ
ਸਪਲਾਈ ਕੰਟਰੋਲਰ ਸ੍ਰੀਮਤੀ ਮਧੂ, ਮੰਡੀ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਜਗਦੀਪ ਸਿੰਘ
ਤੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਭਗਵਿੰਦਰ ਸਿੰਘ ਤੁਲੀ ਨੂੰ
ਅਬਜ਼ਰਵਰਾਂ ਨਾਲ ਲਾਇਜ਼ਨ ਅਫ਼ਸਰ ਲਾਇਆ ਗਿਆ ਹੈ।
ਸ੍ਰੀ ਮਨਵਿੰਦਰ ਸਿੰਘ ਐਸ.ਪੀ. (ਐਚ) ਨੂੰ ਅਮਨ ਅਤੇ ਕਾਨੂੰਨ ਨਾਲ ਸਬੰਧਤ
ਸੂਚਨਾ ਦਾ ਸੰਗ੍ਰਹਿ ਕਰਨ ਅਤੇ ਜ਼ਿਲ੍ਹਾ ਚੋਣ ਅਫ਼ਸਰ ਨਾਲ ਦੀ ਤਰਫ਼ੋਂ ਇਸ ਨੂੰ ਚੋਣ ਕਮਿਸ਼ਨ
ਨੂੰ ਭੇਜਣ ਲਈ ਨੋਡਲ ਅਫ਼ਸਰ ਲਾਇਆ ਗਿਆ ਹੈ। ਇਸ ਦੇ ਨਾਲ ਹੀ ਉਹ ਜ਼ਿਲ੍ਹਾ ਸੁਰੱਖਿਆ ਪਲਾਨ
ਤਿਆਰ ਕਰਨ ਦੇ ਨਾਲ ਕੇਂਦਰੀ ਸੁਰੱਖਿਆ ਬਲਾਂ ਦੇ ਰਹਿਣ, ਤਾਇਨਾਤੀ ਆਦਿ ਸਬੰਧੀ ਤਾਲਮੇਲ
ਵੀ ਕਰਨਗੇ।
ਸ੍ਰੀ ਅਨਿਲ ਭੱਟੀ, ਆਮਦਨ ਕਰ ਅਫ਼ਸਰ ਨੂੰ ਖਰਚਾ ਨਿਗਰਾਨੀ ਲਈ ਨੋਡਲ ਅਫ਼ਸਰ
ਲਾਇਆ ਗਿਆ ਹੈ। ਉਹ ਸਹਾਇਕ ਖਰਚਾ ਨਿਗਰਾਨਾਂ ਨੂੰ ਸਿਖਲਾਈ ਦੇਣ ਤੋਂ ਇਲਾਵਾ ਖਰਚਾ
ਨਿਗਰਾਨੀ ਵਿੱਚ ਲੱਗੀਆਂ ਟੀਮਾਂ ਦੀ ਨਿਗਰਾਨੀ ਵੀ ਕਰਨਗੇ।
ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੂੰ ਪੋਸਟਲ ਬੈਲੇਟ/ਡੰਮੀ ਬੈਲੇਟ,
ਚੋਣ ਡਿਊਟੀ 'ਤੇ ਲਾਏ ਸਟਾਫ਼, ਦਿਵਿਆਂਗ ਅਤੇ 80 ਸਾਲ ਤੋਂ ਉੱਪਰ ਦੇ ਮਤਦਾਤਾਵਾਂ ਅਤੇ
ਚੋਣ ਡਿਊਟੀ 'ਚ ਵਰਤੀਆਂ ਜਾ ਰਹੀਆਂ ਗੱਡੀਆਂ ਦੇ ਚਾਲਕਾਂ ਦੇ ਬੈਲੇਟ ਪੇਪਰਾਂ ਲਈ ਨੋਡਲ
ਅਫ਼ਸਰ ਲਾਇਆ ਗਿਆ ਹੈ। ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰਵੀ ਇੰਦਰ ਸਿੰਘ ਨੂੰ ਨੋਡਲ ਅਫ਼ਸਰ
ਮੀਡੀਆ/ਸੰਚਾਰ ਲਾਇਆ ਗਿਆ ਹੈ। ਡਿਪਟੀ ਜ਼ਿਲ੍ਹਾ ਸਿਖਿਆ ਅਫ਼ਸਰ ਅਮਰੀਕ ਸਿੰਘ ਨੂੰ ਨੋਡਲ
ਅਫ਼ਸਰ ਕੰਪਿੳੂਟ੍ਰਾਈਜ਼ੇਸ਼ਨ ਤੇ ਵੈਬ ਸਟ੍ਰੀਮਿੰਗ ਲਾਇਆ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੂੰ ਸਵੀਪ ਗਤੀਵਿਧੀਆਂ ਲਈ ਨੋਡਲ
ਅਫ਼ਸਰ ਲਾਇਆ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਨੂੰ ਚੋਣਾਂ
ਦੌਰਾਨ ਆਉਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ, ਸੀ ਵਿਜਿਲ, ਜ਼ਿਲ੍ਹਾ ਕੰਟਰੋਲ ਰੂਮ ਅਤੇ
ਹੈਲਪ ਲਾਈਨ ਸਬੰਧੀ ਨੋਡਲ ਅਫ਼ਸਰ ਲਾਇਆ ਗਿਆ ਹੈ। ਸਹਾਇਕ ਜ਼ਿਲ੍ਹਾ ਸੂਚਨਾ ਅਫ਼ਸਰ ਸ੍ਰੀ
ਵਿਸ਼ਾਲ ਸ਼ਰਮਾ ਨੂੰ ਆਈ ਸੀ ਟੀ ਐਪਲੀਕੇਸ਼ਨ, ਐਸ.ਐਮ.ਐਸ. ਮਾਨੀਟਰਿੰਗ ਅਤੇ ਸੰਚਾਰ ਪਲਾਨ
ਲਈ ਨੋਡਲ ਅਫ਼ਸਰ ਲਾਇਆ ਗਿਆ ਹੈ।
ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਹਨੂੰਵੰਤ ਸਿੰਘ ਨੂੰ ਜ਼ਿਲ੍ਹੇ ਵਿੱਚ ਚੋਣਾਂ ਦੌਰਾਨ
ਸ਼ਰਾਬ ਦੀ ਚੈਕਿੰਗ ਲਈ ਨੋਡਲ ਅਫ਼ਸਰ ਲਾਇਆ ਗਿਆ ਹੈ ਜਿਸ ਤਹਿਤ ਉਨ੍ਹਾਂ ਨੂੰ ਥੋਕ ਦੀਆਂ
ਦੁਕਾਨਾਂ ਅਤੇ ਠੇਕਿਆਂ 'ਤੇ ਨਿਗਰਾਨੀ ਲਈ ਆਖਿਆ ਗਿਆ ਹੈ।
ਡਿਪਟੀ ਈ ਐਸ ਏ ਸੁਨੀਤਾ ਪਾਲ ਤੇ ਮਾਈਨਿੰਗ ਅਫ਼ਸਰ ਹਰਜੋਤ ਕੌਰ ਨੂੰ ਪੁਲਿਸ, ਆਬਕਾਰੀ,
ਖਰਚਾ ਸੈਲਾਂ ਅਤੇ ਆਰ ਓਜ਼ ਤੋਂ ਨਾਮਜ਼ਦਗੀ ਰਿਪੋਰਟਾਂ ਇਕੱਤਰ ਕਰਨ ਅਤੇ ਮੁੱਖ ਚੋਣ ਅਫ਼ਸਰ
ਪੰਜਾਬ ਦੇ ਦਫ਼ਤਰ ਨੂੰ ਭੇਜਣ ਲਈ ਨੋਡਲ ਅਫ਼ਸਰ ਲਾਇਆ ਗਿਆ ਹੈ।
ਜ਼ਿਲ੍ਹਾ ਪੱਧਰੀ ਸਿੰਗਲ ਵਿੰਡੋ ਅਪ੍ਰੇਸ਼ਨ ਸੈਲ ਜੋ ਕਿ ਚੋਣ ਅਮਲ ਨਾਲ ਸਬੰਧਤ ਵੱਖ-ਵੱਖ
ਮਨਜੂਰੀਆਂ ਨੂੰ ਵੇਖੇਗਾ, ਦਾ ਨੋਡਲ ਅਫ਼ਸਰ ਸੁਪਰਡੈਂਟ ਐਮ ਏ ਬ੍ਰਾਂਚ ਨੂੰ ਲਾਇਆ ਗਿਆ
ਹੈ।
ਮਾਈਕ੍ਰੋ ਅਬਜ਼ਰਵਰਾਂ ਦੀ ਸਿਖਲਾਈ, ਰਵਾਨਗੀ ਤੇ ਵਾਪਸੀ ਲਈ ਆਰ ਕੇ ਸ਼ਰਮਾ ਲੀਡ ਬੈਂਕ
ਮੈਨੇਜਰ ਨੋਡਲ ਅਫ਼ਸਰ ਹੋਣਗੇ।
ਈ ਵੀ ਐਮਜ਼ ਦੀ ਰਵਾਨਗੀ, ਪ੍ਰਾਪਤੀ, ਸਟਰੋਂਗ ਰੂਮਜ਼ ਅਤੇ ਗਿਣਤੀ ਕੇਂਦਰਾਂ ਸਬੰਧਤੀ ਵਧੀਕ
ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਮਿਤ ਸਰੀਨ ਨੂੰ ਨੋਡਲ ਅਫ਼ਸਰ ਲਾਇਆ ਗਿਆ ਹੈ।
ਚੋਣ ਅਮਲੇ ਦੀ ਚੋਣ ਬੂਥਾਂ 'ਤੇ ਪਹੁੰਚਣ ਬਾਅਦ ਲੋੜੀਂਦੀਆਂ ਖਾਣੇ ਆਦਿ ਦੀ ਤੇ ਹੋਰ
ਭਲਾਈ ਸਹੂਲਤਾਂ ਲਈ ਜ਼ਿਲ੍ਹਾ ਭਲਾਈ ਅਫ਼ਸਰ ਆਸ਼ੀਸ਼ ਕਥੂਰੀਆ ਨੂੰ ਨੋਡਲ ਅਫ਼ਸਰ ਜਦਕਿ ਜ਼ਿਲ੍ਹਾ
ਸਮਾਜਿਕ ਸੁਰੱਖਿਆ ਅਫ਼ਸਰ ਅਮਿ੍ਰਤ ਬਾਲਾ ਨੂੰ ਅੰਗਹੀਣ ਵੋਟਰਾਂ ਨੂੰ ਪੋਲਿੰਗ ਬੂਥਾਂ 'ਤੇ
ਵ੍ਹੀਲ ਚੇਅਰ ਆਦਿ ਦੀ ਸਹੂਲਤ ਉਪਲਬਧ ਕਰਵਾਉਣ ਲਈ ਨੋਡਲ ਅਫ਼ਸਰ ਲਾਇਆ ਗਿਆ ਹੈ।
ਮਤਦਾਨ ਕੇਂਦਰਾਂ 'ਤੇੇ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਤਹਿਤ ਸਟਾਫ਼ ਤਾਇਨਾਤ ਕਰਨ ਅਤੇ
ਕੋਵਿਡ-19 ਤੋਂ ਬਚਾਅ ਲਈ ਵਰਤੇ ਸਮਾਨ ਦੇ ਨਿਪਟਾਰੇ ਲਈ ਸਿਵਲ ਸਰਜਨ ਡਾ. ਦਵਿੰਦਰ
ਢਾਂਡਾ ਨੋਡਲ ਅਫ਼ਸਰ ਹੋਣਗੇ। ਉਨ੍ਹਾਂ ਨਾਲ ਐਸ ਡੀ ਓ ਚਰਨਜੀਤ ਸਿੰਘ ਪ੍ਰਦੂਸ਼ਣ ਕੰਟਰੋਲ
ਬੋਰਡ ਵੀ ਲਾਏ ਗਏ ਹਨ।
ਇਲੈਕਟ੍ਰਾਨਿਕ ਪੋਸਟਲ ਬੈਲੇਟ ਪੇਪਰਾਂ ਤੇ ਪੋਸਟਲ ਬੈਲੇਟ ਪੇਪਰਾਂ ਦੀ ਗਿਣਤੀ ਲਈ
ਅਰਸ਼ਜੀਤ ਸਿੰਘ ਜੀ ਐਮ ਜ਼ਿਲ੍ਹਾ ਉਦਯੋਗ ਕੇਂਦਰ ਤੇ ਆਸ਼ੀਸ਼ ਕਥੂਰੀਆ ਜ਼ਿਲ੍ਹਾ ਭਲਾਈ ਅਫ਼ਸਰ
ਨੋਡਲ ਅਫ਼ਸਰ ਹੋਣਗੇ। ਮਨਰੇਗਾ ਦੇ ਸਹਾਇਕ ਮੈਨੇਜਰ ਗੁਰਮੁਖ ਸਿੰਘ ਨੂੰ ਹਰੇਕ ਹਲਕੇ ਦੇ
20 ਫ਼ੀਸਦੀ ਪੋਲਿੰਗ ਬੂਥਾਂ ਤੋਂ ਮਤਦਾਨ ਦੇ ਦਿਨ ਹੋਣ ਵਾਲੀ ਵੈੱਬਕਾਸਟਿੰਗ ਦੇ ਅਗਾਊਂ
ਪ੍ਰਬੰਧ ਕਰਨ ਲਈ ਨੋਡਲ ਅਫ਼ਸਰ ਲਾਇਆ ਗਿਆ ਹੈ।
ਜ਼ਿਲ੍ਹਾ ਚੋਣ ਪ੍ਰਬੰਧਨ ਪਲਾਨ ਤੇ ਰੋਜ਼ਾਨਾ ਰਿਪੋਰਟਾਂ ਅਪਡੇਟ ਕਰਨ ਦੀ ਜ਼ਿੰਮੇਂਵਾਰੀ
ਰਾਜਵਿੰਦਰ ਸਿੰਘ ਸੰਧੂ ਤੇ ਅਮਨਦੀਪ ਕੰਪਿਊਟਰ ਫੈਕਲਟੀ ਦੀ ਹੋਵੇਗੀ। ਵੀਡਿਓ
ਕਾਨਫ੍ਰੰਸਿੰਗ ਲਈ ਪਵਨ ਇੰਚਾਰਜ ਸੰਦੀਪ, ਟੈਲੀਕਾਮ ਤੇ ਇੰਟਰਨੈਟ ਸਹੂਲਤ ਲਈ ਸ਼ਵਨਿੰਦਰ
ਸਿੰਘ ਐਸ ਡੀ ਓ ਟੈਲੀਫ਼ੋਨ, ਚੋਣ ਸਮੱਗਰੀ ਲਈ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ
ਤੇ ਕੁਲਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਮੀਟਿੰਗਾਂ ਤੇ ਆਰਡਰਾਂ ਲਈ ਏ ਡੀ ਸੀ
ਜਸਬੀਰ ਸਿੰਘ ਅਤੇ ਚੋਣ ਡਿਊਟੀ ਤੋਂ ਛੋਟ ਲਈ ਆਉਣ ਵਾਲੀ ਅਰਜ਼ੀ ਵਿਚਾਰਨ ਲਈ ਮੈਡੀਕਲ
ਬੋਰਡ ਦੇ ਨੋਡਲ ਅਫ਼ਸਰ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਲਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਾਰੇ ਨੋਡਲ ਅਫ਼ਸਰਾਂ ਨੂੰ ਆਪਣੀ ਚੋਣ ਡਿਊਟੀ ਨੂੰ
ਪੂਰੀ ਜ਼ਿੰਮੇਂਵਾਰੀ, ਤਨਦੇਹੀ ਅਤੇ ਨਿਰਪੱਖਤਾ ਨਾਲ ਨਿਭਾਉਣ ਲਈ ਆਖਿਆ। ਉਨ੍ਹਾਂ ਕਿਹਾ
ਕਿ ਲੋਕਤੰਤਰ ਪ੍ਰਤੀ ਸਾਡੀ ਇਹ ਵੱਡੀ ਤੇ ਚਣੌਤੀ ਭਰਪੂਰ ਜ਼ਿੰਮੇਵਾਰੀ ਹੈ ਜਿਸ ਨੂੰ
ਨਿਭਾਉਣ ਲਈ ਸਾਨੂੰ ਪ੍ਰਤੀਬੱਧ ਹੋਣਾ ਪਵੇਗਾ।
ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਚੋਣ ਅਮਲ ਲਈ ਲਾਏ ਗਏ ਵੱਖ-ਵੱਖ ਨੋਡਲ
ਅਫ਼ਸਰਾਂ ਨਾਲ ਮੀਟਿੰਗ ਕਰਦੇ ਹੋਏ।