ਨਵਾਂਸ਼ਹਿਰ, 7 ਜਨਵਰੀ :- ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਨਿਰਦੇਸ਼ਾਂ ਤਹਿਤ ਡਾ. ਬਲਜਿੰਦਰ ਸਿੰਘ ਢਿੱਲੋਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-047 ਨਵਾਂਸ਼ਹਿਰ ਦੀ ਅਗਵਾਈ ਵਿੱਚ ਸਵੀਪ ਟੀਮ ਇੰਚਾਰਜ ਲੈਕਚਰਾਰ ਸੁਰਜੀਤ ਮਝੂਰ ਅਤੇ ਜਗਤ ਰਾਜ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਨੇ ਅੱਜ ਸ਼ੂਗਰ ਮਿੱਲ ਦੇ ਦਫਤਰੀ ਅਤੇ ਵਰਕਸ਼ਾਪ ਦੇ ਕਰਮਚਾਰੀਆਂ ਨੂੰ ਵੋਟ ਦੀ ਸਹੀ ਅਤੇ ਜ਼ਰੂਰੀ ਵਰਤੋਂ, ਕਿਸੇ ਪਾਰਟੀ ਅਤੇ ਜਾਤੀ-ਧਰਮ ਤੋਂ ਉੱਪਰ ਉੱਠ ਕੇ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਅਤੇ ਉਨ੍ਹਾਂ ਦੇ ਸ਼ੰਕਿਆਂ ਦੇ ਤਸੱਲੀਬਖਸ਼ ਜਵਾਬ ਦਿੱਤੇ। ਇਸਦੇ ਨਾਲ ਹੀ ਪ੍ਰੇਰਿਤ ਕਰਦੇ ਹੋਏ ਕਿਹਾ ਗਿਆ ਕਿ ਵੋਟ ਦਾ ਇਸਤੇਮਾਲ ਸਹੀ ਅਤੇ ਅਪਣੀ ਪਸੰਦ ਦੇ ਬੇਤਹਰੀਨ ਉਮੀਦਵਾਰ ਲਈ ਹੀ ਕੀਤਾ ਜਾਵੇ ਅਤੇ ਜੇਕਰ ਵਿਧਾਨ ਸਭਾ ਹਲਕੇ ਵਿੱਚ ਸਾਰੇ ਉਮੀਦਵਾਰ ਇਸ ਕਸਵੱਟੀ 'ਤੇ ਸਹੀ ਨਾ ਉਤਰਦੇ ਹੋਣ ਤਾਂ ਵੋਟ 'ਨੋਟਾ' 'ਤੇ ਵੀ ਪਾਈ ਜਾ ਸਕਦੀ ਹੈ। ਇਸ ਜਾਗਰੂਕਤਾ ਦਾ ਸੰਦੇਸ਼ ਅਤੇ ਮਕਸਦ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਤੱਕ ਜ਼ਰੂਰ ਪਹੁੰਚਾਇਆ ਜਾਵੇ ਤਾਂ ਕਿ ਸਹੀ ਲੋਕਤੰਤਰੀ ਕ੍ਰਾਂਤੀ ਪੈਦਾ ਕੀਤੀ ਜਾ ਸਕੇ। ਇਸ ਸਮੇਂ ਸ਼ੂਗਰ ਮਿੱਲ ਮੈਨੇਜਰ ਸ਼੍ਰੀ ਸ਼ੁਕਲਾ, ਪਵਿੱਤਰ ਸਿੰਘ, ਹਰਪਾਲ ਸਿੰਘ, ਸੰਜੇ ਕੁਮਾਰ ਸੁਪਰਡੰਟ, ਪਰਮਿੰਦਰ ਸਿੰਘ ਅਕਾਉਂਟੈਂਟ ਸਮੇਤ ਸਾਰੇ ਵੋਟਰ ਵਰਕਰ ਸ਼ਾਮਿਲ ਸਨ।