ਪੁਲਿਸ ਨੇ ISYF ਅੱਤਵਾਦੀ ਗਰੁੱਪ ਦੇ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ, ਧਮਾਕੇਖੇਜ ਸਮੱਗਰੀ ਕੀਤੀ ਬਰਾਮਦ

02 ਕਿੱਲੋ 500 ਗ੍ਰਾਮ ਆਰ ਡੀ ਐਕਸ, ਇੱਕ ਡੈਟੋਨੇਟਰ, ਕਮਾਂਡ ਤਾਰ, 5 ਵਿਸਫੋਟਕ ਫਿਊਜ ਤਾਰਾਂ ਅਤੇ ਏਕੇ 47 ਰਾਈਫਲ ਦੇ 12 ਜਿੰਦਾ ਕਾਰਤੂਸ ਬਰਾਮਦ
ਨਵਾਂਸ਼ਹਿਰ : 13 ਜਨਵਰੀ : - (ਵਿਸ਼ੇਸ਼ ਪ੍ਰਤੀਨਿਧੀ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ  ISYF  ਅੱਤਵਾਦੀ ਗਰੁੱਪ ਦੇ ਮੈਬਰਾਂ ਵੱਲੋਂ ਪੰਜਾਬ ਵਿਚ ਵੱਡੇ ਅੱਤਵਾਦੀ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ 2 ਕਿੱਲੋ 500 ਕਿੱਲੋ ਗ੍ਰਾਮ ਆਰ ਡੀ ਐਕਸ, ਇੱਕ ਡੈਟੋਨੇਟਰ, ਕਮਾਂਡ ਤਾਰ, 5 ਵਿਸਫੋਟਕ ਫਿਊਜ ਸਮੇਤ ਤਾਰਾਂ ਅਤੇ ਏਕੇ 47 ਰਾਈਫਲ ਦੇ 12 ਜਿੰਦਾ ਕਾਰਤੂਸ ਬਰਾਮਦ ਕਰਨ ਵਿਚ ਬਹੁਤ ਵੱਡੀ ਸਫ਼ਲਤਾ ਹਾਸਲ ਕੀਤੀ ਗਈ। ਇਹ ਪ੍ਰਾਪਤੀ  ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐੱਸ.ਐੱਸ.ਪੀ  ਕੰਵਰਦੀਪ ਕੌਰ  ਦੇ ਦਿਸ਼ਾ ਨਿਰਦੇਸ਼ਾ ਤਹਿਤ ਐੱਸ.ਪੀ. (ਜਾਂਚ) ਸਰਬਜੀਤ ਸਿੰਘ ਬਾਹੀਆ, ਡੀ.ਐੱਸ.ਪੀ ਡੀ ਹਰਜੀਤ ਸਿੰਘ, ਡੀ.ਐੱਸ.ਪੀ (ਐੱਚ.ਐਂਡ.ਐਫ) ਸੁਰਿੰਦਰ ਚਾਂਦ, ਇੰਸਪੈਕਟਰ ਦਲਬੀਰ ਸਿੰਘ ਇੰਚਾਰਜ ਸੀਆਈਏ ਸਟਾਫ਼, ਐੱਸਆਈ ਹਰਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਸਦਰ ਬੰਗਾ, ਐੱਸਆਈ ਜਰਨੈਲ ਸਿੰਘ, ਇੰਚਾਰਜ ਐਟੀ ਨਾਰਕੋਟਿਕ ਸੈਲ ਦੀ ਪੁਲਿਸ ਟੀਮ ਵੱਲੋਂ ਇਹ ਬ੍ਰਾਮਦਗੀ ਕੀਤੀ ਹੈ।
         ਐੱਸ ਪੀ ( ਜਾਂਚ ) ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਪਿਛਲੇ ਦਿਨੀ ਜੋ ਮੁਕੱਦਮਾ ਨੰਬਰ 4 ਮਿਤੀ 07 ਜਨਵਰੀ 2022 ਅ/ਧ 25(6) ਅਸਲਾ ਐਕਟ, ਵਾਧਾ ਜੁਰਮ 13, 17, 18, 20 ਗੈਰਕਾਨੂੰਨੀ ਗਤੀਵਿਧੀਆ ਰੋਕੂ ਐਕਟ 1967 ਅਤੇ 4,5 ਐਕਸਪਲੋਸਿਵ ਸਬਸਟੈਂਸੇਸ ਐਕਟ 1908 ਥਾਣਾ ਸਿਟੀ ਨਵਾਂਸ਼ਹਿਰ ਵਿਚ ਦਰਜ ਕਰਕੇ ਆਈ ਐੱਸ ਵਾਈ ਐਫ ਗਰੁੱਪ ਦੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਜਿਨ੍ਹਾਂ ਵੱਲੋਂ ਕੀਤੇ ਗਏ ਖੁਲਾਸਿਆ ਦੇ ਅਧਾਰ 'ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਇਲਾਕੇ ਵਿੱਚੋਂ ਇਨ੍ਹਾਂ ਵੱਲੋਂ ਛੁਪਾ ਕੇ ਰੱਖੀ ਹੋਈ ਧਮਾਕੇਖੇਜ ਸਮਗੱਰੀ 2 ਕਿਲੋ 500  ਗ੍ਰਾਮ ਆਰ ਡੀ ਐਕਸ, ਇੱਕ ਡੈਟੋਨੇਟਰ, ਕਮਾਂਡ ਤਾਰ, 5 ਵਿਸਫੋਟਕ ਫਿਊਜ ਸਮੇਤ ਤਾਰਾਂ ਅਤੇ ਏਕੇ 47 ਰਾਈਫਲ ਦੇ 12 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਹਨ। ਐੱਸਪੀ  ਜਾਂਚ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਤਫਤੀਸ਼ ਵਿਚ ਸਾਹਮਣੇ ਆਇਆ ਹੈ ਕਿ ਇਹ ਧਮਾਕੇਖੇਜ਼ ਸਮੱਗਰੀ ਇਨ੍ਹਾਂ ਨੂੰ ਪਾਕਿਸਤਾਨ ਵਿਚ ਸਥਿਤ ਆਈਐੱਸਵਾਈਐਫ ਦੇ ਮੁੱਖੀ ਲਖਵੀਰ ਸਿੰਘ ਰੋਡੇ ਵੱਲੋਂ ਆਪਣੇ ਸਾਥੀ ਸੁਖਪ੍ਰੀਤ ਸਿੰਘ ਉਰਫ ਸੁੱਖ ਵਾਸੀ ਪਿੰਡ ਖਰਲ ਥਾਣਾ ਦੀਨਾਨਗਰ ਜੋ ਕਿ ਇਸ ਸਮੇਂ ਗਰੀਸ ਵਿਚ ਰਹਿ ਰਿਹਾ ਹੈ, ਰਾਹੀਂ ਪਹੁੰਚਾਈ ਗਈ ਸੀ, ਜਿਨ੍ਹਾਂ ਦਾ ਮਕੱਸਦ ਪੰਜਾਬ ਵਿਚ ਅੱਤਵਾਦ ਨੂੰ ਮੁੜ ਸੁਰਜੀਤ ਕਰਕੇ ਪੰਜਾਬ ਰਾਜ ਵਿਚ ਪੁਲਿਸ ਸਟੇਸ਼ਨਾਂ, ਫੌਜੀ ਕੈਪਾਂ, ਕੋਰਟ ਕੰਪਲੈਕਸਾਂ ਅਤੇ ਧਾਰਮਿਕ ਸਥਾਨਾਂ 'ਤੇ ਹਮਲਾ ਕਰਨ ਦੀ ਯੋਜਨਾ ਸੀ। ਜਿਸ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਮੁਸ਼ਤੈਦੀ ਨਾਲ ਕਾਰਵਾਈ ਕਰਦੇ ਹੋਏ ਨਕਾਮ ਕਰ ਦਿੱਤਾ ਗਿਆ ਹੈ।