ਆਬਕਾਰੀ ਵਿਭਾਗ ਅਤੇ ਜ਼ਿਲ੍ਹਾ ਪੁਲਿਸ ਦੀ ਸਾਂਝੀ ਟੀਮ ਨੇ ਰਾਹੋਂ ਵਿੱਚ ਨਾਜਾਇਜ਼ ਤੌਰ 'ਤੇ ਸਟੋਰ ਕੀਤੀ ਸ਼ਰਾਬ ਦੀ ਵੱਡੀ ਖੇਪ ਬਰਾਮਦ ਕੀਤੀ

ਲਗਪਗ ਇੱਕ ਕਰੋੜ ਰੁਪਏ ਦੀ ਮੁੱਲ ਦੀ ਸ਼ਰਾਬ ਦੇ 1616 ਡੱਬੇ ਬਰਾਮਦ, ਪੁਲਿਸ ਨੇ ਅਗਲੇਰੀ ਜਾਂਚ ਲਈ ਮਕਾਨ ਮਾਲਕ ਨੂੰ ਹਿਰਾਸਤ ਵਿੱਚ ਲਿਆ

 ਨਵਾਂਸ਼ਹਿਰ, 30 ਜਨਵਰੀ : - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਦੀ ਸਾਂਝੀ ਟੀਮ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਜ਼ਿਲ੍ਹੇ ਦੇ ਰਾਹੋਂ ਕਸਬੇ ਵਿੱਚ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਲਗਪਗ ਇੱਕ ਕਰੋੜ ਰੁਪਏ ਦੀ ਕੀਮਤ ਦੀ ਨਿੱਜੀ ਜਗ੍ਹਾ 'ਤੇ ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੇ 1616 ਡੱਬੇ ਇੰਗਲਿਸ਼ ਵਿਸਕੀ ਦੇ ਬਰਾਮਦ ਕੀਤੇ ਹਨ।  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ, ਸੀ.ਆਈ.ਏ.ਸਟਾਫ਼ ਅਤੇ ਰਾਹੋਂ ਥਾਣਾ ਦੀ ਪੁਲਿਸ ਦੀ ਸਾਂਝੀ ਟੀਮ ਨੇ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਰਾਹੋਂ ਕਸਬੇ ਵਿੱਚ ਦਾਣਾ ਮੰਡੀ ਨੇੜੇ ਸਥਿਤ ਇੱਕ ਰਿਹਾਇਸ਼ੀ ਕਮ ਵਪਾਰਕ ਥਾਂ ਦੀ ਤਲਾਸ਼ੀ ਲਈ।  ਛਾਪੇਮਾਰੀ ਦੌਰਾਨ ਟੀਮ ਨੂੰ 1616 ਕੇਸ ਸ਼ਰਾਬ ਦੇ ਮਿਲੇ ਜਿਨ੍ਹਾਂ ਵਿੱਚ ਪਟਿਆਲਾ ਪੈਗ, ਮੈਕਡੌਵਲ ਨੰਬਰ 1 ਅਤੇ ਆਫਿਸਰਜ਼ ਚੁਆਇਸ ਬਲੂ ਦੇ ਲੇਬਲ ਵਾਲੇ ਸ਼ਰਾਬ ਦੇ ਡੱਬੇ ਸਟੋਰ ਕੀਤੇ ਬਰਾਮਦ ਹੋਏ।  ਐਸ ਐਸ ਪੀ ਕੰਵਰਦੀਪ ਕੌਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਰਿਕਾਰਡ ਅਨੁਸਾਰ ਕੁੱਲ 1616 ਕੇਸ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਵਿੱਚ ਪਟਿਆਲਾ ਪੈੱਗ (ਪੰਜਾਬ ਵਿੱਚ ਵਿਕਰੀ ਲਈ) ਦੇ 730 ਕੇਸ, ਮੈਕਡੌਵਲ ਨੰਬਰ 1 (ਪੰਜਾਬ ਵਿੱਚ ਵਿਕਰੀ ਲਈ) ਦੇ 390 ਕੇਸ ਅਤੇ ਅਫਸਰ ਚੁਆਇਸ ਬਲੂ (ਪੰਜਾਬ ਵਿੱਚ ਵਿਕਰੀ ਲਈ) ਦੇ 496 ਕੇਸ ਸ਼ਾਮਲ ਹਨ।     ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ ਅਤੇ ਇਮਾਰਤ ਦੇ ਮਾਲਕ ਸਤੀਸ਼ ਕੁਮਾਰ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਗਿਆ ਹੈ।     ਐਸਐਸਪੀ ਨੇ ਦੱਸਿਆ ਕਿ ਈਟੀਓ ਰਾਜ ਕੁਮਾਰ ਅਤੇ ਆਬਕਾਰੀ ਇੰਸਪੈਕਟਰ ਮਨਜੀਤ ਸਿੰਘ ਅਤੇ ਹਰਜਿੰਦਰ ਸਿੰਘ ਸਮੇਤ ਪੁਲੀਸ ਟੀਮਾਂ ਵਿੱਚ ਸੀਆਈਏ ਸਟਾਫ਼ ਇੰਚਾਰਜ ਦਲਬੀਰ ਸਿੰਘ ਅਤੇ ਰਾਹੋਂ ਥਾਣਾ ਦੇ ਐਸਐਚਓ ਬਖਸ਼ੀਸ਼ ਸਿੰਘ ਸ਼ਾਮਲ ਸਨ।   ਡਿਪਟੀ ਕਮਿਸ਼ਨਰ ਸਾਰੰਗਲ ਨੇ ਆਬਕਾਰੀ ਅਤੇ ਪੁਲਿਸ ਵਿਭਾਗ ਵੱਲੋਂ ਇਨ੍ਹਾਂ ਸ਼ਰਾਬ ਦੇ ਡੱਬਿਆਂ ਦੀ ਬਰਾਮਦਗੀ ਲਈ ਸ਼ਲਾਘਾ ਕੀਤੀ ਜੋ ਕਿ ਮੌਜੂਦਾ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਲੁਭਾਉਣ ਲਈ ਵਰਤੇ ਜਾਣੇ ਸਨ। ਉਨ੍ਹਾਂ ਇਸ ਨੂੰ ਵੱਡੀ ਪ੍ਰਾਪਤੀ ਕਰਾਰ ਦਿੱਤਾ।  ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਚੋਣ ਪ੍ਰਕਿਰਿਆ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖੇਗਾ।