ਨਵਾਂਸ਼ਹਿਰ, 16 ਜਨਵਰੀ: ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਨੇ ਰਾਜ ਸਰਕਾਰ ਦੇ ਸਮੂਹ ਸਰਕਾਰੀ ਦਫ਼ਤਰਾਂ, ਵਿਭਾਗਾਂ, ਅਦਾਰਿਆਂ, ਬੋਰਡਾਂ, ਨਿਗਮਾਂ ਅਤੇ ਵਿੱਦਿਅਕ ਸੰਸਥਾਵਾਂ ਦੇ ਨਾਂ, ਸੜ੍ਹਕਾਂ ਦੇ ਨਾਂ, ਨਾਮ ਪੱਟੀਆਂ, ਮੀਲ ਪੱਥਰ, ਸਾਈਨ ਬੋਰਡ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਲਿਖਣ ਦੇ ਹੁਕਮ ਦਿੱਤੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਸੁਰਿੰਦਰ ਕੌਰ ਅਤੇ ਖੋਜ ਅਫ਼ਸਰ ਅਮਰੀਕ ਸਿੰਘ ਦਿਆਲ ਨੇ ਦੱਸਿਆ ਕਿ ਪੰਜਾਬੀ ਪ੍ਰਚਾਲਣ ਤਹਿਤ ਪੜਾਅਵਾਰ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੇ ਦਫਤਰਾਂ ਦੇ ਰਜਿਸਟਰ, ਨੋਟਿੰਗਜ਼ ਅਤੇ ਪੱਤਰ-ਵਿਵਹਾਰ ਸੰਬੰਧੀ ਕਾਗਜ਼ਾਤ ਦੇਖ ਕੇ, ਪੰਜਾਬੀ ਵਿੱਚ ਕੰਮ-ਕਾਜ ਸੰਬੰਧੀ ਵਿਸਥਾਰਤ ਰਿਪੋਰਟਾਂ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਨੂੰ ਭੇਜੀਆਂ ਜਾ ਰਹੀਆਂ ਹਨ ਤਾਂ ਜੋ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਮਿਲ਼ ਸਕੇ।
ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਇਸ ਪ੍ਰਤੀ ਗੰਭੀਰ ਹੈ ਅਤੇ ਸਮੂਹ ਅਦਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਦਫ਼ਤਰਾਂ/ਸਥਾਨਾਂ ਦੀ ਇਸ ਸੰਬੰਧੀ ਪੜਤਾਲ ਕਰ ਲੈਣ। ਜੇਕਰ ਸ਼ਬਦ-ਜੋੜਾਂ ਸੰਬੰਧੀ ਕੋਈ ਔਕੜ ਆਉਂਦੀ ਹੈ ਤਾਂ ਜ਼ਿਲ੍ਹਾ ਭਾਸ਼ਾ ਦਫ਼ਤਰ ਤੋਂ ਅਗਵਾਈ ਅਤੇ ਸਹਿਯੋਗ ਲਿਆ ਜਾ ਸਕਦਾ ਹੈ।
ਫ਼ੋਟੋ ਕੈਪਸ਼ਨ: ਜ਼ਿਲ੍ਹਾ ਭਾਸ਼ਾ ਅਫ਼ਸਰ ਸੁਰਿੰਦਰ ਕੌਰ, ਖੋਜ ਅਫ਼ਸਰ ਅਮਰੀਕ ਦਿਆਲ।