ਕਾਂਗਰਸ ਛੱਡਣ ਵਾਲੀ ਅਦਿਤੀ ਸਿੰਘ ਦੇ ਪਤੀ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਦੀ ਟਿਕਟ 'ਤੇ ਪੰਜਾਬ 'ਚ ਫਸਿਆ ਪੇਚ

ਅੰਗਦ ਸਿੰਘ ਦੀ ਮਾਤਾ ਗੁਰਇਕਬਾਲ ਕੌਰ ਨੂੰ ਟਿਕਟ ਦੇ ਸਕਦੀ ਹੈ ਕਾਂਗਰਸ  ਪਾਰਟੀ
ਨਵਾਂਸ਼ਹਿਰ 23 ਜਨਵਰੀ :  ਇਸ ਵਾਰ ਲਗਦਾ ਹੈ  ਕਿ ਕਾਂਗਰਸ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਨੂੰ ਟਿਕਟ ਦੇਣ ਦੇ ਮੂਡ 'ਚ ਨਹੀਂ ਹੈ। ਹਾਲ ਹੀ 'ਚ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਸਦਰ ਤੋਂ ਵਿਧਾਇਕ ਅੰਗਦ ਸਿੰਘ ਦੀ ਪਤਨੀ ਅਦਿਤੀ ਸਿੰਘ ਕਾਂਗਰਸ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਜਪਾ 'ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੂੰ ਭਾਜਪਾ ਨੇ ਰਾਏਬਰੇਲੀ ਸਦਰ ਤੋਂ ਉਮੀਦਵਾਰ ਵਜੋਂ ਮੈਦਾਨ 'ਚ ਉਤਾਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਗਾਂਧੀ ਨੇ ਸਟੈਂਡ ਲਿਆ ਹੈ ਕਿ ਉਹ ਅਦਿਤੀ ਦੇ ਪਤੀ ਅੰਗਦ ਸਿੰਘ ਨੂੰ ਨਵਾਂਸ਼ਹਿਰ ਤੋਂ ਟਿਕਟ ਨਹੀਂ ਦੇਣਗੇ। ਕੁਝ ਦਿਨ ਪਹਿਲਾਂ ਕਾਂਗਰਸ ਵੱਲੋਂ ਸੂਬੇ ਦੇ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ। ਇਸ ਸੂਚੀ 'ਚ ਉਮੀਦ ਕੀਤੀ ਜਾ ਰਹੀ ਸੀ ਕਿ ਅੰਗਦ ਸਿੰਘ ਨੂੰ ਟਿਕਟ ਮਿਲੇਗੀ ਪਰ ਟਿਕਟ ਨਾ ਮਿਲਣ ਕਾਰਨ ਅੰਗਦ ਦੇ ਸਮਰਥਕ ਨਿਰਾਸ਼ ਸਨ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਅੰਗਦ ਨੂੰ ਟਿਕਟ ਦੇਣ 'ਚ ਪ੍ਰਿਅੰਕਾ ਗਾਂਧੀ ਹੀ ਅੜਿੱਕਾ ਬਣੀ ਹੋਈ ਹੈ। ਇਸ ਦੇ ਨਾਲ ਹੀ ਕਈ ਕਾਂਗਰਸੀ ਆਗੂ ਇਸ ਪਰਿਵਾਰ ਨੂੰ ਟਿਕਟ ਦਿਵਾਉਣਾ ਚਾਹੁੰਦੇ ਹਨ ਕਿਉਂਕਿ ਅੰਗਦ ਸਿੰਘ ਦਾ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਨਵਾਂਸ਼ਹਿਰ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਪਰਿਵਾਰ ਦੇ ਕਈ ਮੈਂਬਰ ਵਿਧਾਇਕ ਰਹਿ ਚੁੱਕੇ ਹਨ। ਅੰਗਦ ਸਿੰਘ ਦੇ ਪਿਤਾ ਸਵਰਗੀ ਪ੍ਰਕਾਸ਼ ਸਿੰਘ ਦੇ ਦਾਦਾ ਸਵਰਗੀ ਦਿਲਬਾਗ ਸਿੰਘ ਵੀ ਸੂਬੇ ਦੇ ਖੇਤੀਬਾੜੀ ਮੰਤਰੀ ਰਹਿ ਚੁੱਕੇ ਹਨ ਜਿਸ ਕਾਰਨ ਪਾਰਟੀ ਅੰਗਦ ਸਿੰਘ ਦੀ ਮਾਤਾ ਗੁਰਇਕਬਾਲ ਕੌਰ ਨੂੰ ਟਿਕਟ ਦੇ ਸਕਦੀ ਹੈ। ਇਸ ਦੇ ਲਈ ਕਈ ਸੂਬਾ ਪੱਧਰੀ ਆਗੂ ਜ਼ੋਰ ਲਗਾ ਰਹੇ ਹਨ। ਵਿਧਾਇਕ ਅੰਗਦ ਸਿੰਘ ਦਾ ਪਰਿਵਾਰ ਲੰਮੇ ਸਮੇਂ ਤੋਂ ਸਿਆਸਤ ਨਾਲ ਜੁੜਿਆ ਹੋਇਆ ਹੈ। ਅੰਗਦ ਦੇ ਪਿਤਾ ਪ੍ਰਕਾਸ਼ ਸਿੰਘ ਦੇ ਚਾਚਾ ਦਿਲਬਾਗ ਸਿੰਘ ਸਾਲ 1962 'ਚ ਪਹਿਲੀ ਵਾਰ ਨਵਾਂਸ਼ਹਿਰ ਤੋਂ ਵਿਧਾਇਕ ਬਣੇ ਸਨ। ਉਹ ਲਗਾਤਾਰ ਛੇ ਵਾਰ ਨਵਾਂਸ਼ਹਿਰ ਤੋਂ ਵਿਧਾਇਕ ਰਹੇ। ਉਨ੍ਹਾਂ ਤੋਂ ਬਾਅਦ ਸਾਲ 1997 'ਚ ਦਿਲਬਾਗ ਸਿੰਘ ਦਾ ਪੁੱਤਰ ਚਰਨਜੀਤ ਸਿੰਘ ਵਿਧਾਇਕ ਬਣਿਆ। ਸਾਲ 2002 ਵਿਚ ਅੰਗਦ ਦੇ ਪਿਤਾ ਪ੍ਰਕਾਸ਼ ਸਿੰਘ ਨਵਾਂਸ਼ਹਿਰ ਤੋਂ ਚੋਣ ਜਿੱਤ ਕੇ ਵਿਧਾਨ ਸਭਾ ਪੁੱਜੇ ਸਨ। 2012 ਵਿਚ ਅੰਗਦ ਸਿੰਘ ਦੀ ਮਾਤਾ ਗੁਰਇਕਬਾਲ ਕੌਰ ਨੇ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਅਤੇ ਜਿੱਤੀ। ਅੰਗਦ ਸਿੰਘ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਤੋਂ ਟਿਕਟ ਮਿਲੀ ਸੀ। ਆਪਣੀ ਪਹਿਲੀ ਹੀ ਚੋਣ ਵਿਚ ਉਹ ਜਿੱਤ ਕੇ ਵਿਧਾਨ ਸਭਾ ਪਹੁੰਚੇ ਸਨ। ਇਸ ਤੋਂ ਪਹਿਲਾਂ ਸਾਲ 2008 'ਚ ਉਹ ਨਵਾਂਸ਼ਹਿਰ ਯੂਥ ਕਾਂਗਰਸ ਦੇ ਜਨਰਲ ਸਕੱਤਰ ਵੀ ਚੁਣੇ ਗਏ ਸਨ। ਵਿਧਾਇਕ ਅੰਗਦ ਸਿੰਘ ਨੇ ਸ਼ਿਮਲਾ ਦੇ ਬਿਸ਼ਪ ਕਾਟਨ ਸਕੂਲ ਤੇ ਮੋਹਾਲੀ ਦੇ ਯਾਦਵਿੰਦਰਾ ਪਬਲਿਕ ਸਕੂਲ ਤੋਂ ਪੜ੍ਹਾਈ ਕੀਤੀ ਹੈ। 24 ਨਵੰਬਰ 2021 ਨੂੰ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਅਦਿਤੀ ਸਿੰਘ ਨੇ ਵੀ ਕਾਂਗਰਸ ਨਾਲੋਂ ਆਪਣੇ ਸਾਰੇ ਰਿਸ਼ਤੇ ਤੋੜਦੇ ਹੋਏ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਅਦਿਤੀ ਨੇ ਆਪਣੇ ਨੇੜਲੇ ਵਿਰੋਧੀ ਨੂੰ ਲਗਪਗ 90,000 ਵੋਟਾਂ ਦੇ ਫਰਕ ਨਾਲ ਹਰਾਇਆ। ਉਨ੍ਹਾਂ ਦੇ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਦੇ ਪਿਤਾ ਅਖਿਲੇਸ਼ ਸਿੰਘ ਦੀ 20 ਅਗਸਤ 2019 ਨੂੰ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਅਦਿਤੀ ਦੀ ਸਰਗਰਮੀ ਵਧ ਗਈ ਹੈ। ਦੋਹਾਂ ਦਾ ਵਿਆਹ 21 ਨਵੰਬਰ ਨੂੰ ਦਿੱਲੀ 'ਚ ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਇਸ ਤੋਂ ਬਾਅਦ ਸਿੱਖ ਰੀਤੀ-ਰਿਵਾਜ਼ਾਂ ਨਾਲ ਨਵਾਂਸ਼ਹਿਰ ਦੇ ਪਿੰਡ ਸਲੋਹ ਸਥਿਤ ਉਨ੍ਹਾਂ ਦੀ ਕੋਠੀ ਵਿੱਚ ਮੁੜ ਵਿਆਹ ਹੋਇਆ।