ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਿਆਸੀ ਹੋਰਡਿੰਗਾਂ/ਬੈਨਰਾਂ/ਪੋਸਟਰਾਂ ਨੂੰ ਹਟਾਉਣ ਦੀ ਮੁਹਿੰਮ ਦੀ ਅਚਨਚੇਤ ਜਾਂਚ

ਸਰਕਾਰੀ ਇਮਾਰਤਾਂ ਅਤੇ ਜਾਇਦਾਦਾਂ ਨੂੰ ਖਰਾਬ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ- ਡੀ.ਸੀ.
 ਨਵਾਂਸ਼ਹਿਰ, 9 ਜਨਵਰੀ :- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਐਤਵਾਰ ਸ਼ਾਮ ਨੂੰ ਸਿਆਸੀ ਹੋਰਡਿੰਗਾਂ/ਬੈਨਰਾਂ/ਪੋਸਟਰਾਂ/ਦੀਵਾਰ ਪੇਂਟਿੰਗਾਂ ਅਤੇ ਹੋਰ ਚੋਣ ਸਮੱਗਰੀ ਨੂੰ ਹਟਾਉਣ ਦੀ ਮੁਹਿੰਮ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਹੁਕਮ ਦਿੱਤੇ ਕਿ ਸਰਕਾਰੀ ਇਮਾਰਤਾਂ ਜਾਂ ਜਾਇਦਾਦਾਂ ਤੇ ਸਿਆਸੀ ਪੋਸਟਰ ਚਿਪਕਾ ਕੇ ਜਾਂ ਕਿਸੇ ਵੀ ਤਰ੍ਹਾਂ ਦੇ ਹੋਰਡਿੰਗ ਲਗਾ ਕੇ ਖਰਾਬ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਮਿਤ ਸਰੀਨ ਦੇ ਨਾਲ ਇਸ ਨਿਰੀਖਣ ਮੌਕੇ ਸ਼੍ਰੀ ਸਾਰੰਗਲ ਨੇ ਦੱਸਿਆ ਕਿ 8 ਜਨਵਰੀ ਦੀ ਸ਼ਾਮ ਨੂੰ ਚੋਣਾਂ ਦੇ ਐਲਾਨ ਦੇ ਨਾਲ,  ਰਾਜ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਲਾਗੂ ਕੀਤਾ ਗਿਆ ਸੀ ਅਤੇ ਸਿਆਸੀ ਸਮੱਗਰੀ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਸਰਕਾਰੀ ਇਮਾਰਤ ਜਾਂ ਜਾਇਦਾਦ ਤੇ ਸਿਆਸੀ ਇਸ਼ਤਿਹਾਰਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਆਗੂ ਇਮਾਰਤਾਂ 'ਤੇ ਪੋਸਟਰ ਜਾਂ ਹੋਰਡਿੰਗਜ਼ ਨਾ ਲਗਾਵੇ।  ਉਨ੍ਹਾਂ ਜੰਗਲਾਤ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਕਿ ਹੋਰਡਿੰਗਾਂ ਲਈ ਦਰੱਖਤਾਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਪੀ.ਐਸ.ਪੀ.ਸੀ.ਐਲ. ਵਿਭਾਗ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਿਆਸੀ ਪ੍ਰਚਾਰ ਲਈ ਬਿਜਲੀ ਦੇ ਖੰਭਿਆਂ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਕਿਸੇ ਵੀ ਰਾਜਨੀਤਿਕ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਅਤੇ ਸਰਕਾਰੀ, ਅਰਧ-ਸਰਕਾਰੀ (ਬੋਰਡ, ਕਾਰਪੋਰੇਸ਼ਨਾਂ, ਏਜੰਸੀਆਂ ਅਤੇ ਸਹਿਕਾਰੀ) ਵਿੱਚ ਕੋਈ ਨਵਾਂ ਨਾਮ ਸ਼ਾਮਲ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ।  ਸ਼੍ਰੀ ਸਾਰੰਗਲ ਨੇ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।  ਉਨ੍ਹਾਂ ਸਪੱਸ਼ਟ ਕਿਹਾ ਕਿ ਉਲੰਘਣਾ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।