ਪਟਿਆਲਾ 7 ਜੁਲਾਈ:- ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ 'ਚ ਸਲੋਗਨ (ਨਾਅਰੇ) ਲਿਖਣ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇੱਕ ਜੁਲਾਈ ਤੋਂ ਆਰੰਭ ਹੋਏ ਇਹ ਆਨਲਾਈਨ ਮੁਕਾਬਲੇ 31 ਜੁਲਾਈ ਤੱਕ ਚੱਲਣਗੇ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਮੁਕਾਬਲਿਆਂ ਦੀ ਤਰ੍ਹਾਂ ਸਲੋਗਨ ਮੁਕਾਬਲਿਆਂ 'ਚ ਵੀ ਜਿਲ੍ਹੇ ਦੇ ਸੈਕੰਡਰੀ ਵਿੰਗ ਦੇ ਸਕੂਲਾਂ ਦੇ ਵਿਦਿਆਰਥੀਆਂ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਹਰੇਕ ਸਕੂਲ 'ਚੋਂ ਵੱਡੀ ਗਿਣਤੀ 'ਚ ਵਿਦਿਆਰਥੀ ਮੁਕਾਬਲਿਆਂ 'ਚ ਹਿੱਸਾ ਲੈਂਦੇ ਹਨ ਅਤੇ ਜੇਤੂ ਵਿਦਿਆਰਥੀਆਂ ਦੀ ਪੇਸ਼ਕਾਰੀ ਨੂੰ ਬਲਾਕ ਪੱਧਰੀ ਮੁਕਾਬਲਿਆਂ ਲਈ ਅੱਗੇ ਭੇਜਿਆ ਜਾਂਦਾ ਹੈ। ਜ਼ਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸੈਸ਼ਨ ਦੌਰਾਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਜੋ ਆਨਲਾਈਨ ਮੁਕਾਬਲੇ ਕਰਵਾਏ ਗਏ ਸਨ, ਉਨ੍ਹਾਂ 'ਚ ਵੀ ਪਟਿਆਲਾ ਜਿਲ੍ਹੇ ਨੇ ਪ੍ਰਤੀਯੋਗੀਆਂ ਦੀ ਗਿਣਤੀ ਪੱਖੋਂ ਪਹਿਲਾ ਸਥਾਨ ਹਾਸਿਲ ਕੀਤਾ ਸੀ ਅਤੇ ਇਸ ਵਾਰ ਵੀ ਉਨ੍ਹਾਂ ਦੇ ਜਿਲ੍ਹੇ ਵਿਦਿਆਰਥੀ ਰਿਕਾਰਡਤੋੜ ਗਿਣਤੀ 'ਚ ਹਿੱਸਾ ਲੈ ਰਹੇ ਹਨ। ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਮੁਕਾਬਲੇ ਆਨਲਾਈਨ ਕਰਵਾਏ ਜਾ ਰਹੇ ਹਨ ਅਤੇ ਸਕੂਲ ਪੱਧਰ ਤੋਂ ਜੇਤੂ ਵਿਦਿਆਰਥੀ ਬਲਾਕ, ਫਿਰ ਜ਼ਿਲ੍ਹਾ ਤੇ ਅਖੀਰ 'ਚ ਰਾਜ ਪੱਧਰ ਦੇ ਮੁਕਾਬਲਿਆਂ 'ਚ ਹਿੱਸਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਦੇ ਜੇਤੂ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਵੱਡੇ ਇਨਾਮ ਦਿੱਤੇ ਗਏ ਸਨ। ਇਨ੍ਹਾਂ ਮੁਕਾਬਲਿਆਂ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਹਰਾ ਦੇ ਪ੍ਰਿੰ. ਭਰਪੂਰ ਸਿੰਘ ਲੌਟ ਦਾ ਕਹਿਣਾ ਹੈ ਕਿ ਅਜਿਹੀਆਂ ਸਹਿ-ਵਿਦਿਅਕ ਸਰਗਰਮੀਆਂ ਵਿਦਿਆਰਥੀਆਂ ਨੂੰ ਸਾਡੇ ਮਾਣਮੱਤੇ ਇਤਿਹਾਸ ਸਬੰਧੀ ਜਾਣੂ ਕਰਵਾਉਂਦੀਆਂ ਹਨ ਅਤੇ ਵਿਦਿਆਰਥੀ ਆਪਣੇ ਗੁਰੂਆਂ ਤੇ ਯੋਧਿਆਂ ਦੀ ਸ਼ਖ਼ਸੀਅਤ ਤੋਂ ਪ੍ਰੇਰਨਾ ਲੈਕੇ, ਵਧੀਆ ਇਨਸਾਨ ਬਣਦੇ ਹਨ। ਉਨ੍ਹਾਂ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ।