ਸ਼ਹਿਰ ਦੀ ਸਫ਼ਾਈ ਸ਼ੁਰੂ ਹੋਣ 'ਤੇ ਸਫ਼ਾਈ ਕਰਮੀਆਂ ਦਾ ਕੀਤਾ ਧੰਨਵਾਦ
ਨਵਾਂਸ਼ਹਿਰ, 2 ਜੁਲਾਈ : ਪਿਛਲੇ ਕਰੀਬ 50 ਦਿਨਾਂ ਤੋਂ ਸਫ਼ਾਈ ਕਰਮੀਆਂ ਦੀ ਚੱਲ ਰਹੀ ਹੜਤਾਲ ਖ਼ਤਮ ਹੋਣ 'ਤੇ ਵਿਧਾਇਕ ਅੰਗਦ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਅੱਜ ਨਗਰ ਕੌਂਸਲ ਦਫ਼ਤਰ ਵਿਖੇ ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ ਅਤੇ ਕੌਂਸਲਰਾਂ ਦੀ ਮੌਜੂਦਗੀ ਵਿਚ ਉਨਾਂ ਸਫ਼ਾਈ ਕਰਮੀਆਂ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਸਫ਼ਾਈ ਕਰਮੀਆਂ ਨੇ ਵੱਡਾ ਦਿਲ ਦਿਖਾਉਂਦਿਆਂ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨਾਂ ਕਿਹਾ ਕਿ ਸਫ਼ਾਈ ਕਰਮੀ ਸ਼ਹਿਰ ਦਾ ਹਿੱਸਾ ਹਨ, ਪਰੰਤੂ ਇਹ ਕੈਬਨਿਟ ਪੱਧਰ ਦਾ ਫ਼ੈਸਲਾ ਸੀ, ਇਸ ਲਈ ਇਹ ਸਥਾਨਕ ਆਗੂਆਂ ਦੇ ਹੱਥ-ਵੱਸ ਨਹੀਂ ਸੀ। ਉਨਾਂ ਕਿਹਾ ਕਿ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਸਫ਼ਾਈ ਕਰਮੀਆਂ ਵੱਲੋਂ ਹੜਤਾਲ ਖ਼ਤਮ ਕਰਨ ਨਾਲ ਸਾਰੇ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਉਨਾਂ ਸ਼ਹਿਰ ਵਾਸੀਆਂ ਦੀ ਵੀ ਸ਼ਲਾਘਾ ਕੀਤੀ, ਜਿਨਾਂ ਨੇ ਇੰਨਾ ਲੰਬਾ ਸਮਾਂ ਠਰੰਮਾ ਦਿਖਾ ਕੇ ਸਫ਼ਾਈ ਕਰਮੀਆਂ ਦਾ ਸਹਿਯੋਗ ਕੀਤਾ ਹੈ। ਉਨਾਂ ਸ਼ਹਿਰ ਵਾਸੀਆਂ ਨੂੰ ਇਕ ਹੋਰ ਵੱਡੀ ਖੁਸ਼ਖਬਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਚੋਣਾਂ ਵਿਚ ਉਨਾਂ ਨਵਾਂਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਨਵਾਂਸ਼ਹਿਰ ਨਗਰ ਕੌਂਸਲ ਵੱਲੋਂ ਲਈ ਜਾਂਦੀ ਨਕਸ਼ਾ ਫੀਸ ਮਤਾ ਲਿਆ ਕੇ ਘਟਾਈ ਜਾਵੇਗੀ, ਤਾਂ ਜੋ ਨਵਾਂਸ਼ਹਿਰ ਵਾਸੀ ਆਪਣੀਆਂ ਰਿਹਾਇਸ਼ੀ ਜਾਂ ਕਮਰਸ਼ੀਅਲ ਬਿਲਡਿੰਗਾਂ ਨੂੰ ਵਧੀਆ ਢੰਗ ਨਾਲ ਕਾਨੂੰਨੀ ਤੌਰ 'ਤੇ ਬਣਾ ਸਕਣ। ਉਨਾਂ ਕਿਹਾ ਕਿ ਨਗਰ ਕੌਂਸਲ ਦੀ ਪਹਿਲੀ ਮੀਟਿੰਗ ਵਿਚ ਇਸ ਸਬੰਧੀ ਮਤਾ ਪਾ ਕੇ ਡਾਇਰੈਕਟਰ ਦਫ਼ਤਰ ਨੂੰ ਪ੍ਰਵਾਨਗੀ ਲਈ ਚੰਡੀਗੜ ਭੇਜਿਆ ਗਿਆ ਸੀ। ਉਨਾਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਵੱਲੋਂ ਇਸ ਮਤੇ ਨੂੰ ਪ੍ਰਵਾਨਗੀ ਮਿਲ ਗਈ ਹੈ ਅਤੇ ਹੁਣ ਨਗਰ ਕੌਂਸਲ ਵੱਲੋਂ ਨਵੀਂ ਨਕਸ਼ਾ ਫੀਸ ਦੇ ਰੇਟ ਤੈਅ ਕਰ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਜੇਕਰ ਕਿਸੇ ਨੇ ਰਿਹਾਇਸ਼ੀ ਪਲਾਟ ਦਾ ਨਕਸ਼ਾ ਪਾਸ ਕਰਵਾਉਣਾ ਹੈ ਤਾਂ ਇਸ ਦੇ ਚਾਰਜ 131 ਰੁਪਏ ਪ੍ਰਤੀ ਵਰਗ ਗਜ਼ ਹੋਣਗੇ, ਜਦਕਿ ਇਸ ਤੋਂ ਪਹਿਲਾਂ ਇਹ 818 ਰੁਪਏ ਪ੍ਰਤੀ ਵਰਗ ਗਜ਼ ਸਨ। ਉਨਾਂ ਦੱਸਿਆ ਕਿ ਕਮਰਸ਼ੀਅਲ ਪਲਾਟ ਦੀ ਨਕਸ਼ਾ ਫੀਸ ਵੀ ਪਹਿਲਾਂ 818 ਵਰਗ ਗਜ਼ ਸੀ, ਜੋ ਘਟਾ ਕੇ 326 ਰੁਪਏ ਪ੍ਰਤੀ ਵਰਗ ਗਜ਼ ਕੀਤੀ ਗਈ ਹੈ। ਉਨਾਂ ਨਵਾਂਸ਼ਹਿਰ ਦੇ ਲੋਕਾਂ ਨੂੰ ਅਪੀਲ ਕਿ ਜਿਹੜੇ ਲੋਕਾਂ ਨੇ ਆਪਣੇ ਨਕਸ਼ੇ ਪਾਸ ਨਹੀਂ ਕਰਵਾਏ, ਉਹ ਸਹੀ ਤਰੀਕੇ ਨਾਲ ਆਪਣੀ ਫਾਈਲ ਜਮਾਂ ਕਰਵਾ ਸਕਦੇ ਹਨ। ਇਸ ਨਾਲ ਉਨਾਂ ਨੂੰ ਵੀ ਵੱਡੀ ਰਾਹਤ ਮਿਲੇਗੀ, ਉਥੇ ਨਗਰ ਕੌਂਸਲ ਨੂੰ ਵੀ ਰੈਵੀਨਿਊ ਮਿਲੇਗਾ। ਉਨਾਂ ਕਿਹਾ ਕਿ ਉਹ ਨਵਾਂਸ਼ਹਿਰ ਅਤੇ ਰਾਹੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਅਤੇ ਇਥੋਂ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਹਮੇਸ਼ਾ ਵਚਨਬੱਧ ਹਨ ਅਤੇ ਇਸ ਤੋਂ ਕਦੇ ਪਿੱਛੇ ਨਹੀਂ ਹਟਣਗੇ।
ਫੋਟੋ :- ਨਗਰ ਕੌਂਸਲ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਅੰਗਦ ਸਿੰਘ। ਨਾਲ ਹਨ ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ ਅਤੇ ਹੋਰ ਕੌਂਸਲਰ ਸਾਹਿਬਾਨ।