ਕੌਮੀ ਬਾਗਬਾਨੀ ਮਿਸ਼ਨ ਅਧੀਨ ਜ਼ਿਲੇ ਦੇ ਬਾਗ ਲਗਾਉਣ ਵਾਲੇ ਜ਼ਿਮੀਂਦਾਰਾਂ ਨੂੰ ਉਪਦਾਨ ਦਿੱਤਾ ਜਾ ਰਿਹਾ: ਡਾ. ਜਗਦੀਸ਼ ਸਿੰਘ ਕਾਹਮਾ
ਨਵਾਂਸ਼ਹਿਰ, 8 ਜੁਲਾਈ :- ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਾਗਬਾਨੀ ਵਿਭਾਗ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲੇੇ ਵਿਚ ਪਲਾਂਟੇਸ਼ਨ ਦੀ ਸ਼ੁਰੂਆਤ ਕਰਦਿਆਂ ਪਿੰਡ ਗੁਣਾਚੌਰ ਵਿਖੇ ਐਨ. ਆਰ. ਆਈ ਅਤੇ ਅਗਾਂਹਵਧੂ ਕਿਸਾਨ ਅਵਤਾਰ ਸਿੰਘ ਦੇ ਫਾਰਮ 'ਤੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਫਲ਼ਾਂ ਦਾ ਬੂਟਾ ਲਗਾਇਆ। ਇਸ ਦੌਰਾਨ ਉਨਾਂ ਜ਼ਿਲੇ ਦੇ ਐਨ. ਆਰ. ਆਈ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿਚ ਬਾਗ ਲਗਵਾਉਣ, ਤਾਂ ਜੋ ਉਨਾਂ ਦੇ ਖੇਤ ਸੁਰੱਖਿਅਤ ਰਹਿ ਸਕਣ ਅਤੇ ਉਨਾਂ ਦੀ ਆਮਦਨ ਵਿਚ ਵੀ ਵਾਧਾ ਹੋ ਸਕੇ। ਐਨ. ਆਰ. ਆਈ ਕਿਸਾਨ ਅਵਤਾਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਉਹ ਅਮਰੀਕਾ ਜਾਣ ਤੋਂ ਪਹਿਲਾਂ ਵੀ ਹਾਈਟੈੱਕ ਤਕਨੀਕ ਨਾਲ ਸਬਜ਼ੀਆਂ ਦੀ ਖੇਤੀ ਕਰਦੇ ਸਨ। ਉਨਾਂ ਦੱਸਿਆ ਕਿ ਹੁਣ ਆਪਣੀ ਮਿੱਟੀ ਨਾਲ ਜੁੜਨ, ਪਾਣੀ ਦੀ ਬੱਚਤ ਅਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਬਾਗਬਾਨੀ ਵਿਭਾਗ ਦੀ ਯੋਗ ਅਗਵਾਈ ਹੇਠ ਉਹ 10 ਏਕੜ ਵਿਚ ਬਾਗ ਲਗਾ ਰਹੇ ਹਨ। ਉਨਾਂ ਦੱਸਿਆ ਕਿ ਅਜੋਕੇ ਸਮੇਂ ਵਿਚ ਪਾਣੀ ਦੀ ਬੱਚਤ ਨੂੰ ਮੁੱਖ ਰੱਖਦਿਆਂ ਉਨਾਂ ਇਸ ਬਾਗ ਵਿਚ ਡਰਿੱਪ ਸਿਸਟਮ ਲਗਵਾਇਆ ਹੈ। ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ ਡਾ. ਜਗਦੀਸ਼ ਸਿੰਘ ਕਾਹਮਾ ਅਤੇ ਬਾਗਬਾਨੀ ਵਿਕਾਸ ਅਫ਼ਸਰ ਬੰਗਾ (ਬਾਹੜੋਵਾਲ)-ਕਮ-ਨੋਡਲ ਅਫ਼ਸਰ ਆਲੂ (ਪੰਜਾਬ) ਨੇ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਅਧੀਨ ਜ਼ਿਲੇ ਦੇ ਬਾਗ ਲਗਾਉਣ ਵਾਲੇ ਜ਼ਿਮੀਂਦਾਰਾਂ ਨੂੰ ਉਪਦਾਨ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਕੋਈ ਕਿਸਾਨ ਬਾਗਾਂ, ਸਬਜ਼ੀਆਂ, ਖੁੰਬਾਂ, ਸ਼ਹਿਦ ਦੀਆਂ ਮੱਖੀਆਂ, ਬਾਗਬਾਨੀ ਮਸ਼ੀਨਰੀ, ਸੁਰੱਖਿਅਤ ਖੇਤੀ, ਵਰਮੀ ਕੰਪੋਸਟ ਆਦਿ ਦਾ ਧੰਦਾ ਕਰਨਾ ਚਾਹੁੰਦਾ ਹੈ, ਤਾਂ ਉਹ ਜ਼ਿਲੇ ਦੇ ਮੁੱਖ ਦਫ਼ਤਰ ਜਾਂ ਬਲਾਕ ਪੱਧਰ 'ਤੇ ਸੰਪਰਕ ਕਰ ਸਕਦਾ ਹੈ। ਇਸ ਮੌਕੇ ਸਬ ਇੰਸਪੈਕਟਰ ਬਾਗਬਾਨੀ ਨਵਾਂਸ਼ਹਿਰ ਹਰਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਿਸਾਨ ਹਾਜ਼ਰ ਸਨ।
ਕੈਪਸ਼ਨ :- ਐਨ. ਆਰ. ਆਈ ਅਤੇ ਅਗਾਂਹਵਧੂ ਕਿਸਾਨ ਅਵਤਾਰ ਸਿੰਘ ਦੇ ਫਾਰਮ 'ਤੇ ਬੂਟਾ ਲਗਾਉਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ। ਨਾਲ ਹਨ ਸਹਾਇਕ ਡਾਇਰੈਕਟਰ ਬਾਗਬਾਨੀ ਡਾ. ਜਗਦੀਸ਼ ਸਿੰਘ ਕਾਹਮਾ ਤੇ ਹੋਰ।