'ਸੰਵਿਧਾਨ, ਲੋਕਤੰਤਰ ਅਤੇ ਅਸੀਂ' ਵਿਸ਼ੇ 'ਤੇ ਆਨਲਾਈਨ ਕੁਇਜ਼ ਮੁਕਾਬਲਾ 25 ਨੂੰ


ਨਵਾਂਸ਼ਹਿਰ, 23 ਨਵੰਬਰ - ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਮਿਤੀ 25 ਨਵੰਬਰ 2020 ਨੂੰ ਦੁਪਹਿਰ 12 ਵਜੇ 'ਸੰਵਿਧਾਨ, ਲੋਕਤੰਤਰ ਅਤੇ ਅਸੀਂ' ਵਿਸ਼ੇ 'ਤੇ ਇਕ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਸ ਕੁਇਜ਼ ਮੁਕਾਬਲੇ ਵਿਚ ਕੋਈ ਵੀ ਨਾਗਰਿਕ ਭਾਗ ਲੈ ਸਕਦਾ ਹੈ। ਉਨਾਂ ਦੱਸਿਆ ਕਿ ਇਸ ਕੁਇਜ਼ ਵਿਚ ਕੁੱਲ 30 ਸਵਾਲਾਂ ਲਈ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਵਧੀਕ ਮੁੱਖ ਚੋਣ ਅਫ਼ਸਰ ਵੱਲੋਂ ਉਪਰੋਕਤ ਵਿਸ਼ੇ ਸਬੰਧੀ 27 ਲੇਖ ਅਤੇ ਇਨਾਂ ਲੇਖਾਂ ਦੀ ਸੰਖੇਪ ਜਾਣਕਾਰੀ ਵਾਲੀਆਂ ਵੀਡੀਓਜ਼ ਫੇਸਬੁੱਕ ਰਾਹੀਂ ਸਾਂਝੀਆਂ ਕੀਤੀਆਂ ਗਈਆਂ ਹਨ ਅਤੇ ਇਨਾਂ ਲੇਖਾਂ ਦੇ ਆਧਾਰ 'ਤੇ ਹੀ ਇਹ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਕੁਇਜ਼ ਦਾ ਲਿੰਕ 25 ਨਵੰਬਰ 2020 ਨੂੰ ਸਵੇਰੇ 11.50 ਵਜੇ ਮੁੱਖ ਚੋਣ ਅਫ਼ਸਰ, ਪੰਜਾਬ ਦੇ ਫੇਸਬੁੱਕ ਅਤੇ ਟਵਿੱਟਰ 'ਤੇ ਸਾਂਝਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਕੁਇਜ਼ ਨਿਰਧਾਰਤ ਸਮੇਂ ਦੇ ਅੰਦਰ ਹੀ ਪੂਰਾ ਕਰਕੇ ਜਮਾਂ ਕਰਵਾਉਣਾ ਹੋਵੇਗਾ ਅਤੇ 30 ਮਿੰਟ ਤੋਂ ਬਾਅਦ ਕੁਇਜ਼ ਨੂੰ ਜਮਾਂ ਨਹੀਂ ਕੀਤਾ ਜਾ ਸਕੇਗਾ। ਉਨਾਂ ਦੱਸਿਆ ਕਿ ਇਸ ਆਨਲਾਈਨ ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ 1500 ਰੁਪਏ ਪਹਿਲਾ ਇਨਾਮ, 1300 ਰੁਪਏ ਦੂਜਾ ਇਨਾਮ ਅਤੇ 1000 ਰੁਪਏ ਤੀਜਾ ਇਨਾਮ ਦਿੱਤਾ ਜਾਵੇਗਾ। ਜੇਕਰ ਇਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ, ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ। ਉਨਾਂ ਜ਼ਿਲੇ ਦੇ ਵੱਧ ਤੋਂ ਵੱਧ ਨਾਗਰਿਕਾਂ ਨੂੰ ਇਸ ਕੁਇਜ਼ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।
ਫੋਟੋ :-ਡਾ. ਸ਼ੇਨਾ ਅਗਰਵਾਲ, ਜ਼ਿਲਾ ਚੋਣ ਅਫ਼ਸਰ।