2-11-2020 ਨਵਾਂਸ਼ਹਿਰ ਨਿਊਜ਼ 06

2-11-2020 ਨਵਾਂਸ਼ਹਿਰ ਨਿਊਜ਼ 06
ਨਿਰਵਿਘਨ ਨਾਗਰਿਕ ਕੇਂਦਰਿਤ ਸੇਵਾਵਾਂ ਦੇਣ ਲਈ ਪੀ. ਜੀ. ਆਰ. ਐਸ ਵੈੱਬ ਪੋਰਟਲ ਦੀ ਸ਼ੁਰੂਆਤ


ਨਵਾਂਸ਼ਹਿਰ, 2 ਨਵੰਬਰ :
ਸੂਬੇ ਦੇ ਲੋਕਾਂ ਨੂੰ ਨਿਰਵਿਘਨ ਢੰਗ ਨਾਲ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਵਜੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਨ-ਸਟਾਪ ਵੈੱਬ ਪੋਰਟਲ ਦੇ ਰੂਪ ਵਿਚ ਇਕ ਡਿਜੀਟਲ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀ. ਜੀ. ਆਰ. ਐਸ) ਸ਼ੁਰੂ ਕੀਤੀ ਗਈ ਹੈ, ਤਾਂ ਜੋ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸਮਾਂਬੱਧ ਢੰਗ ਨਾਲ ਹੱਲ ਕੀਤਾ ਜਾ ਸਕੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀ. ਜੀ. ਆਰ ਅਤੇ ਪੀ. ਜੀ) ਵੱਲੋਂ ਵਿਕਸਤ ਕੀਤਾ ਗਿਆ ਇਹ ਪੋਰਟਲ ਵੱਖ-ਵੱਖ ਵਿਭਾਗਾਂ ਵਿਚ ਸੇਵਾਵਾਂ ਦੀ ਸਪੁਰਦਗੀ ਸਬੰਧੀ ਪ੍ਰਕਿਰਿਆਵਾਂ ਦੀ ਡਿਜੀਟਲਾਈਜ਼ੇਸ਼ਨ ਲਈ ਬੇਹੱਦ ਅਹਿਮ ਸਾਬਿਤ ਹੋਵੇਗਾ। ਉਨਾਂ ਕਿਹਾ ਕਿ ਪੋਰਟਲ ਦਾ ਉਦੇਸ਼ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰਦਿਆਂ ਨਾਗਰਿਕ ਕੇਂਦਰਿਤ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨਾ ਹੈ। ਉਨਾਂ ਕਿਹਾ ਕਿ ਨਾਗਰਿਕ ਹੁਣ ਆਪਣੀਆਂ ਸ਼ਿਕਾਇਤਾਂ ਸਬੰਧਤ ਸਰਕਾਰੀ ਵਿਭਾਗਾਂ ਕੋਲ connect.punjab.gov.in 'ਤੇ ਜਮਾਂ ਕਰਵਾ ਸਕਦੇ ਹਨ। ਉਨਾਂ ਕਿਹਾ ਕਿ ਸਾਰੇ ਵਿਭਾਗਾਂ ਨੂੰ ਇਸ ਨਾਲ ਜੋੜ ਦਿੱਤਾ ਗਿਆ ਹੈ ਅਤੇ ਅਧਿਕਾਰੀਆਂ ਨੂੰ ਚੰਡੀਗੜ ਅਤੇ ਜ਼ਿਲਾ ਪੱਧਰ ਦੇ ਮੁੱਖ ਦਫ਼ਤਰਾਂ ਵਿਖੇ ਸਿਖਲਾਈ ਦਿੱਤੀ ਗਈ ਹੈ ਅਤੇ ਉਹ ਨਾਗਰਿਕਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਕਰਨ ਅਤੇ ਜਲਦੀ ਹੱਲ ਕਰਨ ਲਈ ਤਿਆਰ ਹਨ। ਉਨਾਂ ਕਿਹਾ ਕਿ ਪੀ. ਜੀ. ਆਰ. ਐਸ ਕੇਂਦਰੀ ਪੋਰਟਲ ਵਜੋਂ ਕੰਮ ਕਰੇਗੀ, ਜਿਥੇ ਸਾਰੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਪੋਰਟਲ 'ਤੇ ਖ਼ੁਦ ਜਾਂ ਈਮੇਲ, ਡਾਕ ਰਾਹੀਂ ਜਾਂ ਸੇਵਾ ਕੇਂਦਰਾਂ 'ਤੇ ਵਿਅਕਤੀਗਤ ਤੌਰ 'ਤੇ ਦਰਜ ਕਰ ਕੇ ਦਰਜ ਕੀਤੀਆਂ ਜਾ ਸਕਦੀਆਂ ਹਨ। ਉਨਾਂ ਦੱਸਿਆ ਕਿ ਪੋਰਟਲ ਦੇ ਜ਼ਰੀਏ, ਨਾਗਰਿਕ ਆਪਣੀਆਂ ਸ਼ਿਕਾਇਤਾਂ ਦੀ ਸਥਿਤੀ ਬਾਰੇ ਆਨਲਾਈਨ ਜਾਣ ਸਕਣਗੇ ਅਤੇ ਉਨਾਂ ਨੂੰ ਪ੍ਰਕਿਰਿਆ ਦੇ ਹਰ ਪੜਾਅ 'ਤੇ ਐਸ. ਐਮ. ਐਸ ਦੁਆਰਾ ਸੂਚਿਤ ਕੀਤਾ ਜਾਵੇਗਾ। ਸ਼ਿਕਾਇਤ ਦਾ ਹੱਲ ਹੋਣ 'ਤੇ ਵੁਨਾਂ ਨੂੰ ਫੋਨ ਕਾਲ ਆਵੇਗੀ ਅਤੇ ਜੇ ਉਹ ਸੰਤੁਸ਼ਟ ਨਹੀਂ ਹਨ ਤਾਂ ਉਨਾਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਕੋਲ ਪਹੁੰਚਾਈ ਜਾਵੇਗੀ। ਉਨਾਂ ਕਿਹਾ ਕਿ ਨਾਗਰਿਕਾਂ ਲਈ ਪ੍ਰਣਾਲੀ ਦੀ ਵਰਤੋਂ ਕਰਨ ਨੂੰ ਸੁਖ਼ਾਲਾ ਬਣਾਉਣ ਲਈ ਸਰਕਾਰ ਭਵਿੱਖ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰੇਗੀ। ਉਨਾਂ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਸ਼ਿਕਾਇਤ ਪੋਰਟਲ 'ਤੇ ਦਰਜ ਕਰਵਾਉਣ ਦੀ ਅਪੀਲ ਕੀਤੀ ਹੈ।
ਫੋਟੋ :-ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ