ਗ੍ਰਾਹਕ ਖੁਦ ਜਾਗਰੁਕ ਹੋ ਕੇ ਖਾਣ- ਪੀਣ ਵਾਲੀਆਂ ਵਸਤਾਂ ਦੀ ਖ੍ਰੀਦਾਰੀ ਕਰਨ


ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਫੂਡ ਸੇਫਟੀ ਦੀਆਂ ਟੀਮਾਂ ਵੱਲੋਂ ਮਠਿਆਈਆਂ ਅਤੇ ਖਾਣ- ਪੀਣ ਵਾਲੀਆਂ ਵਸਤਾਂ ਦੇ 90 ਸੈਂਪਲ ਭਰੇ
ਨਵਾਂਸ਼ਹਿਰ : 11 ਨਵੰਬਰ -  ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ, ਫੂਡ ਸੇਫਟੀ ਵਿੰਗ ਵੱਲੋਂ ਵਿਢੀ ਗਈ ਮੁਹਿੰਮ ਦੌਰਾਨ ਡਿਪਟੀ ਕਮਿਸ਼ਨਰ ਸ.ਭ.ਸ ਨਗਰ ਡਾ.ਸ਼ੇਨਾ ਅਗਰਵਾਲ ਦੀਆਂ ਹਦਾਇਤਾਂ ਅਨੁਸਾਰ ਜਿਲੇ ਭਰ 'ਚ ਫੂਡ ਸੇਫਟੀ ਟੀਮਾਂ ਵੱਲੋਂ ਮਠਿਆਈਆਂ, ਡਰਾਈ ਫਰੂਟ, ਦੁੱਧ ਪਨੀਰ , ਦੁੱਧ ਤੋਂ ਤਿਆਰ ਵਸਤਾਂ, ਜੁਸ, ਕੋਲਡ ਡਰਿੰਕ, ਨਮਕੀਨ, ਬਿਸਕੁਟ ਕੰਨਫੈਕਸ਼ਨਰੀ ਦੇਸੀ ਘਿਉ ਦਾਲਾਂ, ਮਸਾਲੇ, ਰਿਫਾਇਂਡ ਤੇਲ, ਆਦਿ ਦੇ ਮਹੀਨਾ ਅਕਤੂਬਰ ਅਤੇ ਨਵੰਬਰ ਦੌਰਾਨ ਕੁੱਲ 90 ਸੈਂਪਲ ਭਰ ਕੇ ਨਿਰੀਖਣ ਲਈ ਭੇਜੇ ਗਏ ਹਨ। ਇਸ ਦੌਰਾਨ ਪੁਰਾਣੀਆਂ, ਉੱਲੀ ਲੱਗੀਆਂ, ਜਿਆਦਾ ਰੰਗ ਵਾਲੀਆਂ ਮਠਿਆਈਆਂ, ਨਸ਼ਟ ਕਰਵਾਈਆਂ ਗਈਆਂ ਅਤੇ 14 ਅਦਾਰਿਆਂ ਨੂੰ ਸੁਧਾਰ ਨੋਟਿਸ ਜਾਰੀ ਕੀਤੇ ਗਏ।   ਸ਼੍ਰੀ ਮਨੋਜ ਖੋਸਲਾ, ਸਹਾਇਕ ਕਮਿਸ਼ਨਰ (ਫੂਡ)ਨੇ ਗ੍ਰਾਹਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਜਾਗਰੁਕ ਹੋ ਕੇ ਖਾਣ- ਪੀਣ ਵਾਲੀਆਂ ਵਸਤਾਂ ਦੀ ਖ੍ਰੀਦਾਰੀ ਕਰਨ ਤਾਂ ਜੋ ਉਨਾਂ ਦੀ ਸਿਹਤ ਤੇ ਮਾੜਾ ਪ੍ਰਭਾਵ ਨਾ ਪਵੇ। ਉਹ ਵਸਤਾਂ ਖ੍ਰੀਦਣ ਸਮੇਂ ਐਕਸਪਾਈਰੀ ਡੇਟ/Best before ਚੈਕ ਕਰਨੀ ਯਕੀਨੀ ਬਨਾਉਣ ਅਤੇ ਨਾਲ ਹੀ ਪੈਕਟ ਉਪਰ ਫਰਮ ਦਾ ਪੂਰਾ ਨਾਂ,ਪਤਾ, ਬੈਚ ਨੰਬਰ, ਬਣਾਉਣ ਦੀ ਮਿਤੀ, ਆਦਿ ਵੀ ਦੇਖ ਕੇ ਬਿੱਲ ਰਾਹੀਂ ਖ੍ਰੀਦਣ।  ਉਨਾਂ ਹਲਵਾਈਆਂ ਨੂੰ ਵੀ ਤਾੜਨਾ ਕੀਤੀ ਕਿ ਉਹ ਜਿਆਦਾ ਪੁਰਾਣੀਆਂ ਮਠਿਆਈਆਂ ਸਟੋਰ ਕਰਕੇ ਨਾ ਵੇਚਣ ਬਲਕਿ ਤਾਜੀਆਂ ਅਤੇ ਉੱਚ ਕੁਆਲਟੀ ਦੀਆਂ ਮਠਿਆਈਆਂ ਹੀ ਪਬਲਿਕ ਨੂੰ ਮੁੱਹਈਆਂ ਕਰਵਾਉਣ ਤਾਂ ਜੋ ਲੋਕਾਂ ਦੀ ਸਿਹਤ ਤੇ ਮਾੜਾ ਪ੍ਰਭਾਵ ਨਾ ਪਵੇ। ਉਨਾਂ ਕਿਹਾ ਕਿ ਵਿਭਾਗ ਲੋਕਾਂ ਨੂੰ ਸ਼ੂੱਧ ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਉਪਲਬਧ ਕਰਵਾਉਣ ਲਈ ਵਚਨਵੱਧ ਹੈ। ਤਿਉਹਾਰਾਂ ਦੇ ਸੀਜ਼ਨ ਖਾਸ ਕਰਕੇ ਦੀਵਾਲੀ ਦੀ ਖੁਸ਼ੀ ਮਨਾਉਣ ਲਈ ਸਭ ਤੋਂ ਪਹਿਲਾਂ ਮਠਿਆਈਆਂ ਅਤੇ ਫਿਰ ਹੋਰ ਕਈ ਤਰਾਂ ਦੀਆਂ ਖਾਣ-ਪੀਣ ਵਾਲੀਆਂ ਵਸਤਾਂ ਘਰ ਵਿੱਚ ਲਿਆ ਕੇ ਮਨਾਉਣ ਦਾ ਰਿਵਾਜ ਪਿਛਲੇ ਲੰਬੇ ਅਰਸੇ ਤੋਂ ਚਲਦਾ ਆ ਰਿਹਾ ਹੈ। ਜਿਸ ਕਰਕੇ ਇਨਾਂ ਤਿਉਹਾਰੀ ਦਿਨਾਂ ਵਿੱਚ ਖਾਸ ਕਰਕੇ ਹਲਵਾਈਆਂ ਦੀਆਂ ਦੁਕਾਨਾਂ ਵਿੱਚ ਹਰ ਵੇਲੇ ਮਠਿਆਈਆਂ ਖ੍ਰੀਦਣ ਲਈ ਭੀੜ ਦੇਖੀ ਜਾ ਸਕਦੀ ਹੈ। ਇਸ ਲਈ ਕਈ ਦੁਕਾਨਦਾਰ ਸਮਾਨ ਤਿਆਰ ਕਰਨ ਵਿੱਚ ਜਿੱਥੇ ਲਾਪਰਵਾਹੀ ਵਰਤਦੇ ਹਨ, ਉਥੇ ਹੀ ਉਹ ਤਿਆਰ ਕੀਤਾ ਸਮਾਨ ਵੇਚਣ ਦੌਰਾਨ ਆਪਣਾ ਥੋੜਾ ਜਿਹਾ ਫਾਇਦਾ ਵਧਾਉਣ ਦੇ ਲਾਲਚ ਵਿੱਚ ਘਟੀਆ ਕੁਆਲਟੀ ਦਾ ਅਤੇ ਸਸਤਾ ਸਮਾਨ ਵਰਤ ਕੇ ਵਸਤਾਂ ਤਿਆਰ ਕਰਕੇ ਵੇਚਦੇ ਹਨ ਅਤੇ ਲੋਕਾਂ ਦੀ ਕੀਮਤੀ ਸਿਹਤ ਨਾਲ ਖਿਲਵਾੜ ਕਰਦੇ ਹਨ। ਉਨਾਂ ਸਮੂਹ ਹਲਵਾਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲਿਆ ਨੂੰ ਅਪੀਲ ਕੀਤੀ ਕਿ ਉਹ ਸ਼ੁੱਧ, ਤਾਜੀਆਂ ਮਠਿਆਈਆਂ ਅਤੇ ਉੱਚ ਕੁਆਲਟੀ ਦੀਆਂ ਵਸਤਾਂ ਵੇਚਣ ਤਾਂ ਜੋ ਲੋਕ ਤਿਉਹਾਰੀ ਸੀਜਨ ਦਾ ਆਨੰਦ ਮਾਣ ਸਕਣ।