ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਿਰਧ ਆਸ਼ਰਮ ਵਿਖੇ
ਕੌਮੀ ਕਾਨੂੰਨੀ ਸੇਵਾਵਾਂ ਦਿਵਸ ਸਬੰਧੀ ਸੈਮੀਨਾਰ
ਨਵਾਂਸ਼ਹਿਰ, 12 ਨਵੰਬਰ : ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਏ. ਐਸ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਿਰਧ ਆਸ਼ਰਮ ਫੱਤੂਆਣਾ ਭਰੋ ਮਜਾਰਾ ਵਿਖੇ ਕੌਮੀ ਕਾਨੂੰਨੀ ਸੇਵਾਵਾਂ ਦਿਵਸ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਅਥਾਰਟੀ ਦੇ ਪੈਨਲ ਵਕੀਲ ਐਮ. ਪੀ ਨਈਅਰ ਅਤੇ ਪੈਰਾ ਲੀਗਲ ਵਲੰਟੀਅਰ ਅਵਤਾਰ ਚੰਦ ਚੂੰਬਰ ਅਤੇ ਜਸਵਿੰਦਰ ਕੌਰ ਰਾਣੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਐਡਵੋਕੇਟ ਨਈਅਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਦਿਨ ਨੂੰ ਸਮੁੱਚੇ ਰਾਸ਼ਟਰ ਪੱਧਰ 'ਤੇ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਕਾਨੂੰਨੀ ਸੇਵਾਵਾਂ ਐਕਟ ਲਾਗੂ ਹੋਇਆ ਸੀ, ਜਿਸ ਤਹਿਤ ਗ਼ਰੀਬ ਅਤੇ ਪੱਛੜੇ ਵਰਗ ਦੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਦੀ ਵਿਵਸਥਾ ਬਣਾਈ ਗਈ। ਉਨਾਂ ਦੱਸਿਆ ਕਿ ਇਸ ਐਕਟ ਤਹਿਤ ਸਰਕਾਰ ਨੇ ਇਹ ਯਤਨ ਕੀਤੇ ਹਨ ਕਿ ਸਾਰੇ ਲੋਕਾਂ ਦੀ ਇਨਸਾਫ਼ ਤੱਕ ਬਰਾਬਰ ਪਹੁੰਚ ਹੋਵੇ। ਇਹ ਪਹੁੰਚ ਬਰਾਬਰ ਕਰਨ ਲਈ ਉਹ ਵਿਅਕਤੀ, ਜੋ ਕਿਸੇ ਕਾਰਨ ਖ਼ੁਦ ਆਪਣਾ ਵਕੀਲ ਕਰਨ ਵਿਚ ਅਸਮਰੱਥ ਹਨ, ਉਨਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਉਪਲਬੱਧ ਕਰਵਾਈ ਜਾਂਦੀ ਹੈ। ਇਸ ਮੌਕੇ ਉਨਾਂ ਦੱਸਿਆ ਕਿ 12 ਦਸੰਬਰ ਨੂੰ ਜ਼ਿਲੇ ਵਿਚ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ, ਜਿਸ ਦੌਰਾਨ ਵੱਖ-ਵੱਖ ਤਰਾਂ ਦੇ ਕੇਸਾਂ ਦਾ ਨਿਪਟਾਰਾ ਸਬੰਧਤ ਧਿਰਾਂ ਦੀ ਆਪਸੀ ਸਹਿਮਤੀ ਨਾਲ ਕੀਤਾ ਜਾਵੇਗਾ। ਇਸ ਮੌਕੇ ਬਿਰਧ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਦੀਆਂ ਆਧਾਰ ਕਾਰਡ ਨਾਲ ਸਬੰਧਤ ਮੁਸ਼ਕਲਾਂ ਦਾ ਹੱਲ ਵੀ ਕੀਤਾ ਗਿਆ।  
ਕੈਪਸ਼ਨ :-ਬਿਰਧ ਆਸ਼ਰਮ ਫੱਤੂਆਣਾ ਭਰੋ ਮਜਾਰਾ ਵਿਖੇ ਕੌਮੀ ਕਾਨੂੰਨੀ ਸੇਵਾਵਾਂ ਦਿਵਸ ਸਬੰਧੀ ਕਰਵਾਏ ਸੈਮੀਨਾਰ ਦਾ ਦਿ੍ਰਸ਼।