ਬੰਗਾ-ਗੜ੍ਹਸ਼ੰਕਰ ਸੜਕ ਵਾਸਤੇ 6 ਕਰੋੜ ਰੁਪਏ ਜਾਰੀ, ਅਪ੍ਰੈਲ ਤੱਕ ਬਣ ਕੇ ਤਿਆਰ ਹੋਵੇਗੀ ਸ੍ਰੀ ਆਨੰਦਪੁਰ ਸਾਹਿਬ-ਬੰਗਾ ਸੜਕ: ਐਮਪੀ ਤਿਵਾੜੀਨਵਾਂਸ਼ਹਿਰ: 23 ਨਵੰਬਰ - ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਗੜ੍ਹਸ਼ੰਕਰ ਨੂੰ ਜਾਂਦੀ 16.77 ਕਿਲੋਮੀਟਰ ਲੰਬੀ ਸੜਕ ਅਗਲੇ ਸਾਲ ਅਪ੍ਰੈਲ ਮਹੀਨੇ ਤੱਕ ਪੂਰੀ ਹੋ ਜਾਵੇਗੀ। ਜਦਕਿ ਬੰਗਾ-ਗੜ੍ਹਸ਼ੰਕਰ ਸੜਕ ਵਾਸਤੇ 6 ਕਰੋੜ ਰੁਪਏ ਪੰਜਾਬ ਸਰਕਾਰ ਨੇ ਜਾਰੀ ਕਰ ਦਿੱਤੇ ਹਨ। ਇੱਥੇ ਜਾਰੀ ਇਕ ਬਿਆਨ ਚ ਐਮਪੀ ਤਿਵਾੜੀ ਨੇ ਕਿਹਾ ਕਿ 16.77 ਕਿਲੋਮੀਟਰ ਸੜਕ ਚੋਂ 12 ਕਿਲੋਮੀਟਰ ਦਾ ਹਿੱਸਾ ਪੂਰਾ ਹੋ ਚੁੱਕਾ ਹੈ। ਜਦਕਿ ਬਾਕੀ ਰਹਿੰਦਾ ਕੰਮ 5 ਦਸੰਬਰ, 2020 ਤਕ ਮੁਕੰਮਲ ਕਰ ਲਿਆ ਜਾਵੇਗਾ। ਇਸੇ ਤਰ੍ਹਾਂ 16.77 ਕਿਲੋਮੀਟਰ ਚੋਂ 770 ਮੀਟਰ ਹਿੱਸੇ ਤੇ ਬਣਨ ਵਾਲੀ ਕੰਕਰੀਟ ਦੀ ਰੋਡ 28 ਫਰਵਰੀ, 2021 ਤੱਕ ਮੁਕੰਮਲ ਹੋ ਜਾਵੇਗੀ ਅਤੇ ਪੂਰੀ ਸੜਕ ਦਾ ਪ੍ਰੋਜੈਕਟ 15 ਅਪ੍ਰੈਲ, 2021 ਤਕ ਕੰਪਲੀਟ ਕਰਕੇ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਐਮਪੀ ਤਿਵਾੜੀ ਨੇ ਕਿਹਾ ਕਿ ਇਹ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਅਤੇ ਇੱਥੋਂ ਨਿਕਲਣ ਵਾਲੇ ਲੱਖਾਂ ਲੋਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਬੰਗਾ ਨੂੰ ਜਾਣ ਵਾਲੀ ਖਸਤਾਹਾਲ ਸੜਕ ਦਾ ਨਿਰਮਾਣ ਕੀਤਾ ਜਾਵੇ। ਉੱਥੇ ਹੀ, ਬੰਗਾ ਤੋਂ ਗੜ੍ਹਸ਼ੰਕਰ ਤੱਕ ਸੜਕ ਵਾਸਤੇ ਪੰਜਾਬ ਸਰਕਾਰ ਨੇ 6 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ, ਜਿਸਦਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ।