ਐਸ.ਐਸ.ਪੀ ਵੱਲੋਂ ਪਟਿਆਲਾ ਦੀ ਪੁਲਿਸ ਲਾਈਨ 'ਚ ਆਪਣੀ ਕਿਸਮ ਦਾ ਪਹਿਲਾ ਹੈਲਮੈਟ ਬੈਂਕ ਸਥਾਪਤ



ਪਟਿਆਲਾ, 11 ਨਵੰਬਰ: ਪਟਿਆਲਾ ਦੀ ਪੁਲਿਸ ਲਾਈਨ ਵਿਖੇ ਆਪਣੀ ਕਿਸਮ ਦਾ ਪਹਿਲਾ ਹੈਲਮੈਟ ਬੈਂਕ ਸਥਾਪਤ ਕੀਤਾ ਗਿਆ ਹੈ। ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਇਸ ਹੈਲਮੈਟ ਬੈਂਕ ਦੀ ਸਥਾਪਨਾ ਕਰਦਿਆਂ ਇਸ ਕੰਮ 'ਚ ਆਪਣੇ ਚੱਲ ਰਹੇ ਪ੍ਰਾਜੈਕਟ 'ਸੜ੍ਹਕ' ਤਹਿਤ ਯੋਗਦਾਨ ਪਾਉਣ ਵਾਲੀ ਸਮਾਜਿਕ ਸੰਸਥਾ ਪਟਿਆਲਾ ਫਾਊਂਡੇਸ਼ਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਪਟਿਆਲਾ ਟ੍ਰੈਫਿਕ ਪੁਲਿਸ ਦੀ ਸਥਾਨਕ ਪੀ.ਸੀ.ਆਰ ਯੂਨਿਟ ਦੇ ਇਸ ਉਪਰਾਲੇ ਨੂੰ ਸੜ੍ਹਕ ਸੁਰੱਖਿਆ ਵੱਲ ਪੁੱਟਿਆ ਇੱਕ ਹੋਰ ਅਹਿਮ ਕਦਮ ਦੱਸਿਆ ਹੈ। ਸ੍ਰੀ ਦੁੱਗਲ ਨੇ ਕਿਹਾ ਕਿ ਇਸ ਉਪਰਾਲੇ ਦਾ ਮੰਤਵ ਹੈਸ਼ਟੈਗ ਡਬਲਿਯੂ.ਡੀ.ਓ.ਆਰ 2020 ਤਹਿਤ ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਯਾਦ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਫਾਊਂਡੇਸ਼ਨ ਵੱੱਲੋਂ ਡੀਜਾਇਨ ਕੀਤੀ ਗਈ ਹੈਲਮੈਟ ਬੈਂਕ ਦੀ ਐਪ ਰਾਹੀਂ ਰਿਕਾਰਡ ਰੱਖਦਿਆਂ ਪੀਸੀਆਰ ਯੂਨਿਟ ਨੂੰ 50 ਹੈਲਮੈਟ ਪ੍ਰਦਾਨ ਕੀਤੇ ਗਏ ਹਨ, ਜੋ ਕਿ ਵਰਤਕੇ ਵਾਪਸ ਕਰਨ ਯੋਗ ਹੋਣਗੇ। ਐਸ.ਐਸ.ਪੀ. ਨੇ ਪਟਿਆਲਾ ਫਾਊਂਡੇਸ਼ਨ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਸ ਬੈਂਕ ਦਾ ਇੱਕ ਉਦੇਸ਼ ਇਹ ਵੀ ਹੈ ਕਿ ਦੋ ਪਹੀਆ ਵਾਹਨਾਂ ਦੇ ਚਾਲਕਾਂ ਨੂੰ ਹੈਲਮੈਟ ਪਹਿਨਣ ਲਈ ਪ੍ਰੇਰਤ ਕੀਤਾ ਜਾਵੇ ਤਾਂ ਕਿ ਉਨ੍ਹਾਂ ਨੂੰ ਰੋਜ਼ਾਨਾ ਸਕੂਟਰ ਮੋਟਰਸਾਇਕਲ ਚਲਾਉਣ ਸਮੇਂ ਹੈਲਮੈਟ ਪਾਉਣ ਦੀ ਆਦਤ ਪਾਉਂਦਿਆਂ ਕਿਸੇ ਦੁਰਘਟਨਾ ਹੋਣ ਦੀ ਸੂਰਤ 'ਚ ਉਨ੍ਹਾਂ ਦੇ ਸਿਰ ਦੀ ਸੁਰੱਖਿਆ ਹੋ ਸਕੇ ਅਤੇ ਟ੍ਰੈਫਿਕ ਨਿਯਮਾਂ ਦੀ ਵੀ ਪਾਲਣਾ ਹੋ ਸਕੇ। ਇਸ ਮੌਕੇ ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਸ੍ਰੀ ਰਵੀ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਹੈਲਮੈਟ ਬੈਂਕ ਦੀ ਐਪ ਦੀ ਟ੍ਰੇਨਿੰਗ ਬਾਰੇ ਵਰਕਸ਼ਾਪ ਵੀ ਲਗਾਈ ਗਈ ਹੈ। ਉਨ੍ਹਾਂ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਸੜ੍ਹਕ ਪ੍ਰਾਜੈਕਟ ਬਾਰੇ ਦੱਸਿਆ ਕਿ ਇਸ ਤਹਿਤ ਉਨ੍ਹਾਂ ਵੱਲੋਂ ਆਮ ਲੋਕਾਂ, ਖਾਸ ਕਰਕੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਤੇ ਛੋਟੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਇਸ ਮੌਕੇ ਐਸ.ਪੀ. ਟ੍ਰੈਫਿਕ ਤੇ ਸੁਰੱਖਿਆ ਪਲਵਿੰਦਰ ਸਿੰਘ ਚੀਮਾ, ਡੀਐਸਪੀ ਟ੍ਰੈਫਿਕ ਅੱਛਰੂ ਰਾਮ ਸ਼ਰਮਾ, ਪਟਿਆਲਾ ਫਾਊਂਡੇਸ਼ਨ ਦੇ ਮੈਂਬਰ ਅਨਮੋਲਜੀਤ ਸਿੰਘ, ਐਸਪੀ ਚਾਂਦ, ਰਕੇਸ਼ ਗੋਇਲ, ਹਰਪ੍ਰੀਤ ਸੰਧੂ, ਐਡਵੋਕੇਟ ਰਕੇਸ਼ ਬਹਾਦਰ, ਰਾਹੁਲ ਸ਼ਰਮਾ, ਵਲੰਟੀਅਰ ਹਰਸ਼ਦੀਪ ਸਿੰਘ, ਭਰਪੂਰ ਸਿੰਘ, ਸਿਮਰਨਜੀਤ ਕੌਰ, ਮਾਧੁਰ ਵਰਮਾ, ਰਣਜੀਤ ਸਿੰਘ, ਸੁਖਦਰਸ਼ਨਪਾਲ ਸਿੰਘ, ਗੁਰਪ੍ਰੀਤ ਕੌਰ, ਪਲਕ, ਨੀਰਜ ਗੁਪਤਾ ਆਦਿ ਵੀ ਮੌਜੂਦ ਸਨ।
ਫੋਟੋ ਕੈਪਸ਼ਨ-ਪੁਲਿਸ ਲਾਈਨ ਪਟਿਆਲਾ ਵਿਖੇ ਲਾਂਚ ਕੀਤੇ ਗਏ ਪਹਿਲੇ ਹੈਲਮੈਟ ਬੈਂਕ ਦੀਆਂ ਤਸਵੀਰ