ਅਨੁਸੂਚਿਤ ਜਾਤੀ ਨਾਲ ਸਬੰਧਤ ਨੌਜਵਾਨ ਸਟੈਨੋਗ੍ਰਾਫ਼ੀ ਦੇ ਇੱਕ ਸਾਲਾ ਮੁਫ਼ਤ ਕੋਰਸ ਲਈ 20 ਨਵੰਬਰ ਤੱਕ ਕਰਨ ਅਪਲਾਈ
-ਕੋਰਸ ਲਈ ਚੁਣੇ ਗਏ ਵਿਦਿਆਰਥੀਆਂ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਵਜ਼ੀਫ਼ਾ
ਪਟਿਆਲਾ, 13 ਨਵੰਬਰ: ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪੰਜਾਬ ਰਾਜ ਦੇ ਨੌਜਵਾਨਾਂ ਨੂੰ ਪੰਜਾਬੀ ਸਟੈਨੋਗ੍ਰਾਫ਼ੀ ਦੇ ਨਾਲ ਬੇਸਿਕ ਕੰਪਿਊਟਰ ਕੋਰਸ ਦੀ ਇਕ ਸਾਲ ਦੀ ਮੁਫ਼ਤ ਟਰੇਨਿੰਗ ਪਟਿਆਲਾ ਵਿਖੇ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਾਲ 2020-21 ਲਈ ਪੰਜਾਬ ਦੇ ਗਰੈਜੂਏਟ ਨੌਜਵਾਨਾਂ ਨੂੰ ਪੰਜਾਬੀ ਸਟੈਨੋਗ੍ਰਾਫ਼ੀ ਤੇ ਬੇਸਿਕ ਕੰਪਿਊਟਰ ਕੋਰਸ ਦੀ ਇਕ ਸਾਲਾ ਮੁਫ਼ਤ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਦਾਖਲੇ ਦੀ ਯੋਗਤਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਬਿਨੈਕਾਰ ਅਨੁਸੂਚਿਤ ਜਾਤੀ ਨਾਲ ਸਬੰਧਤ ਪੰਜਾਬ ਰਾਜ ਦਾ ਪੱਕਾ ਵਸਨੀਕ ਹੋਣਾ ਚਾਹੀਦਾ ਹੈ ਤੇ ਉਸ ਦੀ ਉਮਰ 20 ਨਵੰਬਰ 2020 ਤੱਕ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਸਾਲਾਨਾ ਆਮਦ ਹੱਦ ਪੇਂਡੂ ਖੇਤਰ ਲਈ 67649 ਰੁਪਏ ਅਤੇ ਸ਼ਹਿਰੀ ਖੇਤਰ ਲਈ 88756 ਰੁਪਏ ਤੋਂ ਵੱਧ ਨਾ ਹੋਵੇ। ਉਨ੍ਹਾਂ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣਾ ਬਿਨੈ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਪਟਿਆਲਾ ਦੇ ਦਫ਼ਤਰ ਡਾ. ਅੰਬੇਦਕਰ ਭਵਨ, ਐਸ.ਐਸ.ਟੀ. ਨਗਰ ਪਟਿਆਲਾ ਵਿਖੇ ਜਮਾਂ ਕਰਵਾ ਸਕਦੇ ਹਨ ਜਾ ਫੇਰ ਵਿਭਾਗ ਦੀ ਈ-ਮੇਲ dwopatiala@gmail.com 'ਤੇ ਪੀ.ਡੀ.ਐਫ਼ ਫਾਈਲ ਬਣਾਕੇ 20 ਨਵੰਬਰ ਤੱਕ ਭੇਜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦਾ ਲਿਖਤੀ ਟੈਸਟ ਅਤੇ ਇੰਟਰਵਿਊ 27 ਨਵੰਬਰ ਨੂੰ ਸਵੇਰੇ 10 ਵਜੇ ਹੋਵੇਗੀ।