ਤਿਉਹਾਰਾਂ ਦੇ ਮੱਦੇਨਜ਼ਰ ਮਠਿਆਈਆਂ ਤੇ ਖਾਧ ਪਦਾਰਥਾਂ ਦੀ ਜਾਂਚ ਲਈ 50 ਨਮੂਨੇ ਲਏ, -ਮੋਬਾਇਲ ਵੈਨ ਰਾਹੀਂ ਜ਼ਿਲ੍ਹੇ ਭਰ 'ਚ ਖਾਧ ਪਦਾਰਥਾਂ ਦੇ 228 ਨਮੂਨਿਆਂ ਦੀ ਜਾਂਚ
ਪਟਿਆਲਾ, 11 ਨਵੰਬਰ:
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿਉਹਾਰਾਂ ਦੇ ਸੀਜਨ ਦੌਰਾਨ ਬਣਨ ਵਾਲੀਆਂ ਮਠਿਆਈਆਂ ਤੇ ਹੋਰ ਖਾਣ ਪੀਣ ਦੇ ਸਮਾਨ ਦੀ ਉੱਚ ਗੁਣਵੱਤਾ ਨੂੰ ਯਕੀਨੀ ਬਣਾਉਣ ਦੇ ਦਿੱਤੇ ਆਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਖਾਣ ਪੀਣ ਦੀਆਂ ਵਸਤਾਂ ਦੇ ਹੁਣ ਤੱਕ 278 ਨਮੂਨੇ ਲਏ ਜਾ ਚੁੱਕੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਪਟਿਆਲਾ ਸ਼ਹਿਰ ਦੇ ਸਾਰੇ ਬਾਜ਼ਾਰਾਂ ਸਮੇਤ ਸਮਾਣਾ, ਪਾਤੜਾਂ, ਨਾਭਾ ਤੇ ਰਾਜਪੁਰਾ, ਦੂਧਨਸਾਧਾ ਸਬ ਡਵੀਜਨਾਂ ਵਿਖੇ ਵੀ ਖਾਧ ਪਦਾਰਥਾਂ ਦੀ ਜਾਂਚ ਜਾਰੀ ਹੈ। ਮਠਿਆਈਆਂ ਅਤੇ ਖਾਧ ਪਦਾਰਥਾਂ ਦੀਆਂ ਵੱਖ-ਵੱਖ ਦੁਕਾਨਾਂ ਤੋਂ ਜਾਂਚ ਲਈ ਲਏ ਗਏ 50 ਨਮੂਨਿਆਂ 'ਚੋਂ 33 ਦੀ ਰਿਪੋਰਟ ਆ ਗਈ ਹੈ, ਜਿਨ੍ਹਾਂ 'ਚੋਂ 3 ਨਮੂਨੇ ਫੇਲ ਹੋਏ ਹਨ, ਫੇਲ ਹੋਏ ਨਮੂਨਿਆਂ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਵਿੱਚੋਂ ਸਵੀਟਸ ਸ਼ਾਪ ਦੀਆਂ ਵਰਕਸ਼ਾਪਾਂ ਤੋਂ 22 ਨਮੂਨੇ ਲਏ ਗਏ ਸਨ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸਿਹਤ ਮੰਤਰੀ ਸ. ਬਲਬੀਰ ਸਿੰਘ ਦੀ ਦੇਖ-ਰੇਖ ਹੇਠ ਸਿਹਤ ਵਿਭਾਗ ਵੱਲੋਂ ਤਿਉਹਾਰਾਂ ਦੇ ਸੀਜਨ ਦੌਰਾਨ ਮੋਬਾਇਲ ਵੈਨ ਵੀ ਜ਼ਿਲ੍ਹੇ 'ਚ ਚਲਾਈ ਗਈ ਹੈ, ਜਿਸ ਰਾਹੀਂ ਅਕਤੂਬਰ ਮਹੀਨੇ 158 ਅਤੇ ਇਸ ਮਹੀਨੇ ਹੁਣ ਤੱਕ 70 ਨਮੂਨੇ ਲਏ ਗਏ ਹਨ, ਇਸ ਵੈਨ ਰਾਹੀਂ ਲਏ ਗਏ ਨਮੂਨਿਆਂ ਦਾ ਨਤੀਜਾ ਉਸੇ ਸਮੇਂ ਮੁਹੱਈਆ ਕਰਵਾਇਆ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਹਲਵਾਈਆਂ, ਡੇਅਰੀ ਮਾਲਕਾਂ, ਢਾਬੇ ਤੇ ਹੋਟਲਾਂ ਦੇ ਮਾਲਕਾਂ ਸਮੇਤ ਖਾਧ ਪਦਾਰਥ ਵੇਚਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਮਾਪਦੰਡਾਂ ਵਾਲੀਆਂ ਮਠਿਆਈਆਂ ਤੇ ਖਾਧ ਪਦਾਰਥ ਹੀ ਵੇਚਣ ਤਾਂ ਕਿ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਗੱਲੋਂ ਗੰਭੀਰ ਹੈ ਕਿ ਤਿਉਹਾਰਾਂ ਦੇ ਸੀਜਨ ਸਮੇਤ ਹਰ ਸਮੇਂ ਲੋਕਾਂ ਨੂੰ ਮਿਆਰੀ ਖਾਧ ਪਦਾਰਥ ਮਿਲਣ ਜਿਸ ਲਈ ਖਾਧ ਪਦਾਰਥ ਵੇਚਣ ਵਾਲਿਆਂ ਸਮੇਤ ਹੋਰ ਵਪਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਏ.ਡੀ.ਸੀ. (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸ਼ੈਲੀ ਜੇਤਲੀ ਦੀ ਅਗਵਾਈ ਹੇਠਲੀ ਸਿਹਤ ਵਿਭਾਗ ਦੀ ਟੀਮ ਨੂੰ ਸਹਿਯੋਗ ਦੇਣ, ਕਿਉਂਕਿ ਨਮੂਨੇ ਭਰਨ ਦੀ ਇਸ ਮੁਹਿੰਮ ਦਾ ਮੰਤਵ ਕਿਸੇ ਨੂੰ ਪ੍ਰੇਸ਼ਾਨ ਕਰਨਾਂ ਨਹੀਂ ਹੈ। ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪ੍ਰਸ਼ਾਸਨ ਆਪਣੀ ਨੈਤਿਕ ਤੇ ਕਾਨੂੰਨੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਮਿਲਾਵਟਖੋਰਾਂ ਵਿਰੁੱਧ ਸਖ਼ਤੀ ਨਾਲ ਪੇਸ਼ ਆਉਣ ਦੇ ਆਦੇਸ਼ਾਂ ਤਹਿਤ ਮਿਲਾਵਟ ਖੋਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।
ਫੋਟੋ ਕੈਪਸ਼ਨ-ਡਾ. ਸ਼ੈਲੀ ਜੇਤਲੀ ਦੀ ਅਗਵਾਈ ਹੇਠਲੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਟੀਮ ਖਾਧ ਪਦਾਰਥਾਂ ਦੇ ਨਮੂਨੇ ਭਰਦੀ ਹੋਈ।