ਜ਼ਿਲ੍ਹੇ 'ਚ ਵੋਟਰ ਜਾਗਰੂਕਤਾ ਮੁਹਿੰਮ 'ਚ ਤੇਜ਼ੀ ਲਿਆਉਣ ਲਈ ਉਘੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਜ਼ਿਲ੍ਹਾ ਵੋਟਰ ਜਾਗਰੂਕਤਾ ਦੂਤ ਨਿਯੁਕਤਲੋਕਤੰਤਰ ਦੀ ਮਜ਼ਬੂਤੀ ਲਈ 100 ਫ਼ੀਸਦੀ ਵੋਟਰ ਰਜਿਸਟ੍ਰੇਸ਼ਨ ਜ਼ਰੂਰੀ : ਹੌਬੀ ਧਾਲੀਵਾਲ
ਪਟਿਆਲਾ, 13 ਨਵੰਬਰ: 16 ਨਵੰਬਰ ਤੋਂ ਸ਼ੁਰੂ ਹੋ ਰਹੀ ਵੋਟਰ ਲਿਸਟਾਂ ਦੀ ਸਰਸਰੀ ਸੁਧਾਈ ਵਿੱਚ ਹਰੇਕ ਯੋਗ ਵਿਅਕਤੀ ਦੀ ਵੋਟ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਚੋਣ ਵਿਭਾਗ ਵੱਲੋਂ ਵੱਡੇ ਪੱਧਰ 'ਤੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ, ਇਸ ਤਹਿਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਪੂਜਾ ਸਿਆਲ ਗਰੇਵਾਲ ਵੱਲੋਂ ਨਵ ਨਿਯੁਕਤ ਜ਼ਿਲ੍ਹਾ ਵੋਟਰ ਜਾਗਰੂਕਤਾ ਦੂਤ ਅਤੇ ਮੀਡੀਆ ਪਾਰਟਨਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਅੱਜ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਮੁੱਖ ਚੋਣ ਕਮਿਸ਼ਨਰ ਦੀ ਪ੍ਰਵਾਨਗੀ ਨਾਲ ਜ਼ਿਲ੍ਹਾ ਵੋਟਰ ਜਾਗਰੂਕਤਾ ਦੂਤ ਵੱਜੋ ਉਘੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ (ਜ਼ਿਲ੍ਹਾ ਦੂਤ ਵੋਟਰ ਜਾਗਰੂਕਤਾ), ਲੋਕ ਗਾਇਕ ਉਜਾਗਰ ਸਿੰਘ ਅਨਟਾਲ (ਯੁਵਾ ਆਇਕਨ), ਜਗਵਿੰਦਰ ਸਿੰਘ ਸਾਈਕਲਿਸਟ ਅਤੇ ਪੇਂਟਰ (ਜ਼ਿਲ੍ਹਾ ਆਇਕਨ ਦਿਵਿਆਂਗਜਨ), ਜਗਦੀਪ ਸਿੰਘ ਸੋਢੀ (ਜ਼ਿਲ੍ਹਾ ਆਇਕਨ ਦਿਵਿਆਂਗਜਨ), ਸਿਮਰਨ ਮਹੰਤ (ਜ਼ਿਲ੍ਹਾ ਆਇਕਨ ਟਰਾਂਸਜੈਡਰ) ਨੂੰ ਆਪਣੇ ਆਪਣੇ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਲਈ ਜ਼ਿਲ੍ਹਾ ਆਇਕਨ ਨਿਯੁਕਤ ਕੀਤਾ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪੂਜਾ ਸਿਆਲ ਗਰੇਵਾਲ ਨੇ ਕਿਹਾ ਕਿ ਇਹ ਵੋਟਰ ਜਾਗਰੂਕਤਾ ਦੂਤ ਸਮਾਜ ਦੇ ਹਰ ਵਰਗ ਦੇ ਵੋਟਰਾਂ ਨੂੰ ਵੋਟ ਬਣਾਉਣ ਦੇ ਨਾਲ-ਨਾਲ ਵੋਟਾਂ ਸਮੇਂ ਵੋਟ ਪਾਉਣ ਲਈ ਵੀ ਪ੍ਰੇਰਿਤ ਕਰਨਗੇ ਤਾਂ ਕਿ ਲੋਕਤੰਤਰ ਦੀ ਨੀਂਹ ਮਜ਼ਬੂਤ ਰੱਖੀ ਜਾ ਸਕੇ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਸਾਡਾ ਟੀਚਾ ਹੌਬੀ ਧਾਲੀਵਾਲ ਦੀ ਅਗਵਾਈ ਵਿੱਚ ਸਮੂਹ ਨੌਜਵਾਨਾਂ ਨੂੰ ਜੋ ਕਿ 1 ਜਨਵਰੀ 2021 ਤੱਕ 18 ਸਾਲ ਦੇ ਹੋ ਜਾਣਗੇ ਨੂੰ ਲੋਕਤੰਤਰ ਲਈ ਸਭ ਤੋਂ ਜ਼ਰੂਰੀ ਵੋਟ ਦੇ ਹੱਕ ਸਬੰਧੀ ਜਾਗਰੂਕ ਕਰਨਾ ਹੈ। ਇਸ ਮੌਕੇ ਹੌਬੀ ਧਾਲੀਵਾਲ ਨੇ ਸਮੂਹ ਨੌਜਵਾਨਾਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕਰਦਿਆ ਕਿਹਾ ਕਿ ਸਭ ਤੋਂ ਜ਼ਰੂਰੀ ਹੈੇ ਕਿ ਅਸੀ 100 ਫ਼ੀਸਦੀ ਰਜਿਸਟਰੇਸ਼ਨ ਕਰੀਏ, ਤਾਂ ਕਿ ਹਰੇਕ ਯੋਗ ਨਾਗਰਿਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕੇ। ਮੀਟਿੰਗ ਦੌਰਾਨ ਚੋਣ ਤਹਿਸੀਲਦਾਰ ਰਾਮਜੀ ਲਾਲ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ, ਪਰਮਿੰਦਰ ਸਿੰਘ ਰਾਏਪੁਰ, ਪ੍ਰੋ. ਰੁਪਿੰਦਰ ਸਿੰਘ ਆਸਥਾ ਅਤੇ ਸਮੂਹ ਚੋਣ ਕਾਨੂੰਗੋ ਮੌਜੂਦ ਸਨ।ਕੈਪਸ਼ਨ: ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪੂਜਾ ਸਿਆਲ ਗਰੇਵਾਲ ਵੋਟਰ ਜਾਗਰੂਕਤਾ ਦੂਤਾਂ ਨਾਲ ਮੀਟਿੰਗ ਕਰਦੇ ਹੋਏ।