*ਕੋਵਿਡ-19 ਦੌਰਾਨ ਸ਼ਲਾਘਾਯੋਗ ਕਾਰਜਾਂ ਲਈ ਸੁਸਾਇਟੀ ਦੇ ਮੈਂਬਰਾਂ ਦਾ ਕੀਤਾ ਸਨਮਾਨ
ਨਵਾਂਸ਼ਹਿਰ, 13 ਨਵੰਬਰ : ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਮਨੁੱਖਤਾ ਦੀ ਸਹੀ ਅਰਥਾਂ ਵਿਚ ਸੇਵਾ ਕਰ ਰਹੀ ਹੈ ਅਤੇ ਇਸ ਵੱਲੋਂ ਮਾਨਵਤਾ ਦੇ ਭਲੇ ਲਈ ਨਿਸ਼ਕਾਮ ਭਾਵਨਾ ਨਾਲ ਕੀਤੇ ਜਾ ਰਹੇ ਕਾਰਜ ਆਪਣੇ ਆਪ ਵਿਚ ਇਕ ਮਿਸਾਲ ਹਨ। ਇਹ ਪ੍ਰਗਟਾਵਾ ਵਿਧਾਇਕ ਅੰਗਦ ਸਿੰਘ ਨੇ ਕੋਵਿਡ-19 ਦੌਰਾਨ ਸ਼ਲਾਘਾਯੋਗ ਕਾਰਜਾਂ ਲਈ ਸੁਸਾਇਟੀ ਦੇ ਮੈਂਬਰਾਂ ਨੂੰ ਸਨਮਾਨਿਤ ਕਰਨ ਮੌਕੇ ਕੀਤਾ। ਇਸ ਮੌਕੇ ਸੁਸਾਇਟੀ ਨੂੰ ਮਾਣ ਪੱਤਰ ਸੌਂਪਦਿਆਂ ਉਨਾਂ ਕਿਹਾ ਕਿ ਪੂਰੀ ਦੁਨੀਆ ਵਿਚ ਕੋਵਿਡ-19 ਦਾ ਖ਼ਤਰਨਾਕ ਅਤੇ ਮਾਰੂ ਹਮਲਾ ਹੋਇਆ, ਜਿਸ ਦੌਰਾਨ ਸ਼ਾਇਦ ਹੀ ਕੋਈ ਦੇਸ਼ ਇਸ ਤੋਂ ਬਚਿਆ ਹੈ। ਉਨਾਂ ਕਿਹਾ ਕਿ ਸਾਡਾ ਦੇਸ਼ ਅਤੇ ਪੰਜਾਬ ਸੂਬਾ ਵੀ ਇਸ ਦੀ ਲਪੇਟ ਵਿਚ ਆਇਆ ਹੈ, ਜਿਸ ਦੌਰਾਨ ਸੂਬੇ ਵਿਚ ਸਭ ਤੋਂ ਪਹਿਲਾ ਤੇ ਤੇਜ਼ੀ ਨਾਲ ਹਮਲਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਹੋਇਆ। ਉਨਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨੇ ਇਸ ਬਿਮਾਰੀ ਖਿਲਾਫ਼ ਜਿਸ ਤਰਾਂ ਮਿਲ ਕੇ ਦਿਨ-ਰਾਤ ਲੜਾਈ ਲੜ ਕੇ ਜੋ ਮਿਸਾਲ ਕਾਇਮ ਕੀਤੀ ਹੈ, ਉਹ ਸਭ ਤੋਂ ਵੱਡੀ ਜਿੱਤ ਹੈ। ਉਨਾਂ ਕਿਹਾ ਕਿ ਇਸ ਨਾਲ ਪੂਰੇ ਜ਼ਿਲਾ ਪ੍ਰਸ਼ਾਸਨ ਅਤੇ ਹਲਕਾ ਨਿਵਾਸੀਆਂ ਨੂੰ ਮਾਣ ਮਹਿਸੂਸ ਹੋਇਆ ਹੈ। ਉਨਾਂ ਕਿਹਾ ਕਿ ਉਹ, ਉਨਾਂ ਦਾ ਪਰਿਵਾਰ ਅਤੇ ਸਮੂਹ ਹਲਕਾ ਨਿਵਾਸੀ ਇਸ ਸੇਵਾ ਲਈ ਸੁਸਾਇਟੀ ਦੇ ਹਮੇਸ਼ਾ ਰਿਣੀ ਰਹਿਣਗੇ। ਇਸ ਮੌਕੇ ਉਨਾਂ ਸੁਸਾਇਟੀ ਦੇ 'ਤੇਰਾ ਤੇਰਾ ਸਟਾਲ' ਸੇਵਾ ਕੇਂਦਰ ਲਈ 51 ਹਜ਼ਾਰ ਰੁਪਏ ਦਾ ਯੋਗਦਾਨ ਵੀ ਪਾਇਆ ਅਤੇ ਸੁਸਾਇਟੀ ਨੂੰ ਹਰੇਕ ਤਰਾਂ ਦਾ ਸਹਿਯੋਗ ਦੇਣ ਦੀ ਵਚਨਬੱਧਤਾ ਦੁਹਰਾਈ। ਇਸ ਮੌਕੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਾਜੀਵ ਸਰੀਨ, ਡੀ. ਐਸ. ਪੀ ਰਾਜ ਕੁਮਾਰ, ਰਾਜਿੰਦਰ ਚੋਪੜਾ, ਸੁਖਵਿੰਦਰ ਥਾਂਦੀ, ਸਚਿਨ ਦੀਵਾਨ, ਕਮਲਜੀਤ ਲਾਲ, ਪਿ੍ਰਥਵੀ ਚੰਦ, ਰਾਜੇਸ਼ ਗਾਬਾ, ਰਾਕੇਸ਼ ਵਿੱਕੀ, ਡਾ. ਸਰਤਾਜ ਸਿੰਘ, ਰਮਨ ਉਮੱਤ, ਚੇਤ ਰਾਮ ਰਤਨ, ਸੂਰਜ ਖੋਸਲਾ ਤੇ ਹੋਰ ਹਾਜ਼ਰ ਸਨ।
ਕੈਪਸ਼ਨ :- ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਮੈਂਬਰਾਂ ਨੂੰ ਸਨਮਾਨਿਤ ਕਰਨ ਮੌਕੇ ਵਿਧਾਇਕ ਅੰਗਦ ਸਿੰਘ ਅਤੇ ਹੋਰ ਸ਼ਖਸੀਅਤਾਂ