ਟੀਚੇ ਤੋਂ ਵੱਧ ਦਾਖ਼ਲੇ ਲਈ ਆਈ. ਟੀ. ਆਈ (ਇ) ਦੇ ਪਿ੍ੰਸੀਪਲ ਨੂੰ ਮਿਲਿਆ ਪ੍ਰਸੰਸਾ ਪੱਤਰ


ਨਵਾਂਸ਼ਹਿਰ, 12 ਨਵੰਬਰ : ਉਦਯੋਗਿਕ ਸਿਖਲਾਈ ਸੰਸਥਾ (ਇ) ਸ਼ਹੀਦ ਭਗਤ ਸਿੰਘ ਨਗਰ ਦੇ ਪਿ੍ਰੰਸੀਪਲ ਰਛਪਾਲ ਚੰਦੜ ਨੂੰ ਇਸ ਵਰੇ ਸੰਸਥਾ ਵਿਚ ਮਿੱਥੇ ਟੀਚੇ ਤੋਂ ਵਿਦਿਆਰਥੀਆਂ ਦੇ ਵੱਧ ਦਾਖ਼ਲੇ ਲਈ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਪ੍ਰਸੰਸਾ ਪੱਤਰ ਜਾਰੀ ਕੀਤਾ ਗਿਆ ਹੈ। ਪਿ੍ਰੰਸੀਪਲ ਰਛਪਾਲ ਚੰਦੜ ਨੂੰ ਭੇਜੇ ਗਏ ਪ੍ਰਸੰਸਾ ਪੱਤਰ ਵਿਚ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਲਿਖਿਆ ਹੈ ਕਿ ਇਸ ਵਰੇ ਵਿਭਾਗ ਨੇ ਆਈ. ਟੀ. ਆਈਜ਼ ਵਿਚ ਸੀਟਾਂ ਵਧਾਉਣ ਦਾ ਟੀਚਾ ਮਿੱਥਿਆ ਸੀ, ਤਾਂ ਜੋ ਗ਼ਰੀਬ ਨੌਜਵਾਨ ਕੇਵਲ 3400 ਰੁਪਏ ਸਾਲਾਨਾ ਫੀਸ 'ਤੇ ਹੁਨਰ ਪ੍ਰਾਪਤ ਕਰ ਕੇ ਰੋਜ਼ਗਾਰ ਹਾਸਲ ਕਰ ਸਕਣ। ਪ੍ਰਮੁੱਖ ਸਕੱਤਰ ਨੇ ਲਿਖਿਆ ਕਿ ਉਨਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਸੰਸਥਾ ਵਿਚ ਇਸ ਸਾਲ 264 ਵਿਦਿਆਰਥੀਆਂ ਨੇ ਦਾਖ਼ਲਾ ਲਿਆ ਹੈ ਜਦਕਿ ਪਿਛਲੇ ਸਾਲ ਇਹ ਗਿਣਤੀ ਕੇਵਲ 165 ਸੀ। ਇਸ ਦੇ ਨਾਲ ਹੀ ਇਹ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਸੰਸਥਾ ਨੇ 100 ਫੀਸਦੀ ਦਾਖ਼ਲਾ ਮੁਕੰਮਲ ਕਰ ਲਿਆ ਹੈ। ਪ੍ਰਮੁੱਖ ਸਕੱਤਰ ਨੇ ਪਿ੍ਰੰਸੀਪਲ ਰਛਪਾਲ ਚੰਦੜ ਅਤੇ ਉਨਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟ ਕੀਤੀ ਉਹ ਅਤੇ ਉਨਾਂ ਦੀ ਟੀਮ ਭਵਿੱਖ ਵਿਚ ਵੀ ਇਸੇ ਤਰਾਂ ਵਿਭਾਗ ਦੀ ਬਿਹਤਰੀ ਅਤੇ ਗ਼ਰੀਬਾਂ ਦੀ ਭਲਾਈ ਲਈ ਕੰਮ ਕਰਦੀ ਰਹੇਗੀ। ਸੰਸਥਾ ਦੇ ਸਮੂਹ ਸਟਾਫ ਵੱਲੋਂ ਇਹ ਉਪਲਬੱਧੀ ਹਾਸਲ ਕਰਨ ਲਈ ਪਿ੍ਰੰਸੀਪਲ ਰਛਪਾਲ ਚੰਦੜ ਨੂੰ ਮੁਬਾਰਕਬਾਦ ਦਿੱਤੀ ਗਈ ਜਦਕਿ ਉਨਾਂ ਨੇ ਇਸ ਦਾ ਸਿਹਰਾ ਆਪਣੇ ਸਮੁੱਚੇ ਸਟਾਫ ਨੂੰ ਦਿੱਤਾ, ਜਿਸ ਦੀ ਬਦੌਲਤ ਸੰਸਥਾ ਨੂੰ ਇਹ ਮਾਣ ਹਾਸਲ ਹੋਇਆ ਹੈ।  
ਕੈਪਸ਼ਨ :-ਪਿ੍ੰਸੀਪਲ ਰਛਪਾਲ ਚੰਦੜ ਨੂੰ ਮੁਬਾਰਕਬਾਦ ਦਿੰਦਾ ਹੋਇਆ ਸੰਸਥਾ ਦਾ ਸਮੁੱਚਾ ਸਟਾਫ।