ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਦੇ ਪਿੜਾਈ ਸੀਜ਼ਨ ਦੀ ਰਸਮੀ ਸ਼ੁਰੂਆਤ, ਮਿੱਲ ਨੇ ਪਿੜਾਈ ਸੀਜ਼ਨ ਲਈ 30 ਲੱਖ ਕੁਇੰਟਲ ਗੰਨੇ ਦਾ ਕੀਤਾ ਬੌਂਡ

ਨਵਾਂਸ਼ਹਿਰ, 24 ਨਵੰਬਰ : ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਨੇ ਅੱਜ ਆਪਣਾ 53ਵਾਂ ਪਿੜਾਈ ਸੀਜ਼ਨ 2020-21 ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸ਼ੁਰੂ ਕਰ ਲਿਆ। ਪਿੜਾਈ ਸੀਜ਼ਨ ਦੀ ਰਸਮੀ ਤੌਰ 'ਤੇ ਸ਼ੁਰੂਆਤ ਵਿਧਾਇਕ ਅੰਗਦ ਸਿੰਘ ਵੱਲੋਂ ਬਟਨ ਦਬਾ ਕੇ ਕੀਤੀ ਗਈ। ਇਸ ਮੌਕੇ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਦੀ ਕਾਰਗੁਜ਼ਾਰੀ ਸੂਬੇ ਦੀਆਂ ਹੋਰਨਾਂ ਖੰਡ ਮਿੱਲਾਂ ਨਾਲੋਂ ਬਿਹਤਰ ਰਹੀ ਹੈ ਅਤੇ ਇਸ ਦੀ ਬਕਾਇਆ ਰਾਸ਼ੀ ਵੀ ਸਾਰੀਆਂ ਮਿੱਲਾਂ ਨਾਲੋਂ ਘੱਟ ਹੈ। ਉਨਾਂ ਕਿਹਾ ਕਿ ਇਸ ਦਾ ਸਿਹਰਾ ਮਿੱਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਾਂਦਾ ਹੈ, ਜਿਨਾਂ ਨੇ ਇਮਾਨਦਾਰੀ ਅਤੇ ਮਿਹਨਤ ਨਾਲ ਮਿੱਲ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ। ਉਨਾਂ ਕਿਹਾ ਕਿ ਮਿੱਲ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਵੀ ਕਿਸਾਨਾਂ ਨੂੰ ਜਲਦ ਹੀ ਕਰ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ 6 ਕਰੋੜ ਰੁਪਏ ਦੀ ਲਾਗਤ ਨਾਲ ਮਿੱਲ ਦਾ ਕਾਇਆ ਕਲਪ ਕੀਤਾ ਗਿਆ ਹੈ ਤਾਂ ਜੋ ਪਿੜਾਈ ਸੀਜ਼ਨ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਉਨਾਂ ਮਿੱਲ ਦੇ ਸਮੂਹ ਅਧਿਕਾਰੀਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸੇ ਤਰਾਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਤਾਂ ਜੋ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਣ। ਉਨਾਂ ਜਿਮੀਂਦਾਰ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਿੱਲ ਵਿਚ ਸਰਕਾਰੀ ਮਾਪਦੰਡਾਂ ਮੁਤਾਬਿਕ ਸਹੀ ਕਿਸਮ ਦਾ ਤਾਜ਼ਾ ਅਤੇ ਸਾਫ਼-ਸੁਥਰਾ ਗੰਨਾ ਲਿਆਉਣ, ਤਾਂ ਜੋ ਗੰਨੇ ਦੀ ਪੂਰੀ ਰਿਕਵਰੀ ਪ੍ਰਾਪਤ ਹੋ ਸਕੇ। ਇਸ ਦੌਰਾਨ ਉਨਾਂ ਮਿੱਲ ਦੇ ਕਿਸਾਨ ਘਰ ਅਤੇ ਪਖਾਨਿਆਂ ਦਾ ਨਿਰੀਖਣ ਕੀਤਾ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਉਨਾਂ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਟਰਾਲੀਆਂ ਲੈ ਕੇ ਆਏ ਕਿਸਾਨਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਸੁਰਿੰਦਰ ਪਾਲ ਨੇ ਦੱਸਿਆ ਕਿ ਸੀਜ਼ਨ ਮਿੱਲ ਵੱਲੋਂ ਪਿੜਾਈ ਸੀਜ਼ਨ 2020-21 ਲਈ ਕਰੀਬ 30 ਲੱਖ ਕੁਇੰਟਲ ਗੰਨੇ ਦਾ ਬੌਂਡ ਕੀਤਾ ਗਿਆ ਹੈ ਅਤੇ ਮਿੱਲ ਨੂੰ ਕਰੀਬ 26-27 ਲੱਖ ਕੁਇੰਟਲ ਗੰਨਾ ਪਿਨੜਾਈ ਲਈ ਉਪਲਬੱਧ ਹੋਣ ਦਾ ਅਨੁਮਾਨ ਹੈ। ਉਨਾਂ ਦੱਸਿਆ ਕਿ ਮਿੱਲ ਵੱਲੋਂ ਪੱਤਝੜ ਦੀ ਬਿਜਾਈ ਦੇ ਆਪਣੇ ਟੀਚੇ ਪੂਰੇ ਕਰ ਲਏ ਗਏ ਹਨ। ਉਨਾਂ ਕਿਹਾ ਕਿ ਸੀਜ਼ਨ ਦੌਰਾਨ ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਕਿਸੇ ਵੀ ਵੇਲੇ ਉਨਾਂ ਨੂੰ ਮਿਲ ਸਕਦਾ ਹੈ। ਇਸ ਤੋਂ ਪਹਿਲਾਂ ਜਨਰਲ ਮੈਨੇਜਰ ਅਤੇ ਮਿੱਲ ਅਧਿਕਾਰੀਆਂ ਵੱਲੋਂ ਮਿੱਲ ਵਿਚ ਪੁੱਜੇ ਵਿਧਾਇਕ ਅੰਗਦ ਸਿੰਘ ਅਤੇ ਹੋਰਨਾਂ ਪਤਵੰਤੇ ਸੱਜਣਾਂ ਨੂੰ ਜੀਅ ਆਇਆਂ ਆਖਿਆ ਗਿਆ। ਇਸ ਮੌਕੇ ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਚੇਅਰਮੈਨ ਚਮਨ ਸਿੰਘ ਭਾਨ ਮਜਾਰਾ, ਕਿਸਾਨ ਸਲਾਹਕਾਰ ਕਮੇਟੀ ਮੈਂਬਰ ਸੰਦੀਪ ਸਿੰਘ ਭੰਗਲ, ਸਾਬਕਾ ਚੇਅਰਮੈਨ ਕੁਲਦੀਪ ਸਿੰਘ ਰਾਣਾ ਅਤੇ ਚੌਧਰੀ ਹਰਬੰਸ ਲਾਲ, ਜੋਗਿੰਦਰ ਸਿੰਘ ਬਘੌਰਾਂ, ਸਾਬਕਾ ਡਾਇਰੈਕਟਰ ਗੁਰਸੇਵਕ ਸਿੰਘ ਲਿੱਧੜ, ਮੁਲਾਜ਼ਮ ਯੂਨੀਅਨ ਪ੍ਰਧਾਨ ਹਰਦੀਪ ਸਿੰਘ, ਮੁੱਖ ਗੰਨਾ ਵਿਕਾਸ ਅਫ਼ਸਰ ਹਰਪਾਲ ਸਿੰਘ ਕਲੇਰ, ਗੰਨਾ ਵਿਕਾਸ ਇੰਸਪੈਕਟਰ ਜਸਪਾਲ ਸਿੰਘ ਜਾਡਲੀ, ਚੇਤ ਰਾਮ ਰਤਨ, ਮਿੱਲ ਸੁਪਰਡੈਂਟ ਸੰਜੇ ਕੁਮਾਰ, ਮਿੱਲ ਪ੍ਰਸ਼ਾਸਕ ਅਤੇ ਡੀ. ਆਰ ਗੁਰਪ੍ਰੀਤ ਸਿੰਘ, ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ, ਰਾਕੇਸ਼ ਕੁਮਾਰ ਵਿੱਕੀ ਤੋਂ ਇਲਾਵਾ ਮਿੱਲ ਦੇ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ।  
ਕੈਪਸ਼ਨ :-ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਦੇ ਪਿੜਾਈ ਸੀਜ਼ਨ ਦੀ ਰਸਮੀ ਸ਼ੁਰੂਆਤ ਕਰਦੇ ਹੋਏ ਵਿਧਾਇਕ ਅੰਗਦ ਸਿੰਘ