ਪਟਿਆਲਾ ਪੁਲਿਸ ਨੇ ਕਰਵਾਇਆ ਸਾਹਿਤਕ ਸਮਾਗਮ, -ਨਿੰਦਰ ਘੁਗਿਆਣਵੀ ਦਾ ਸਫ਼ਰਨਾਮਾ 'ਦੇਖੀ ਤੇਰੀ ਵਲੈਤ' ਜਾਰੀ
ਪਟਿਆਲਾ, 6 ਨਵੰਬਰ:ਪਟਿਆਲਾ ਪੁਲਿਸ ਨੇ ਇੱਕ ਨਿਵੇਕਲਾ ਉਪਰਾਲਾ ਕਰਦਿਆਂ ਇੱਥੇ ਪੁਲਿਸ ਲਾਈਨ ਵਿਖੇ ਇੱਕ ਸਾਹਿਤਕ ਸਮਾਗਮ ਕਰਵਾਇਆ। ਇਸ ਮੌਕੇ ਉੱਘੇ ਲੇਖਕ ਨਿੰਦਰ ਘੁਗਿਆਣਵੀ ਦੀ 49ਵੀਂ ਪੁਸਤਕ ਇੰਗਲੈਂਡ ਫੇਰੀ 'ਤੇ ਅਧਾਰਤ ਸਫ਼ਰਨਾਮਾ 'ਦੇਖੀ ਤੇਰੀ ਵਲੈਤ' ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ, ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਅਤੇ ਹੱਡੀਆਂ ਦੇ ਰੋਗਾਂ ਦੇ ਮਾਹਰ ਡਾ. ਹਰਦੀਪ ਸਿੰਘ ਮਾਨ ਨੇ ਸਾਂਝੇ ਤੌਰ 'ਤੇ ਜਾਰੀ ਕੀਤੀ।ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨੇ ਪੁਲਿਸ ਲਾਇਨ ਵਿਖੇ ਇਸ ਸਾਹਿਤਕ ਸਮਾਗਮ ਨੂੰ ਰਚਾਉਣ ਦਾ ਮੰਤਵ ਦਸਦਿਆਂ ਕਿਹਾ ਕਿ ਪੁਲਿਸ ਵਾਲਿਆਂ ਦੀ ਭੱਜਦੌੜ ਭਰੀ ਜ਼ਿੰਦਗੀ ਨੂੰ ਸਾਹਿਤ ਨਾਲ ਜੋੜਨ ਦਾ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਨੇ ਪੁਲਿਸ ਟ੍ਰੇਨਿੰਗ ਅਕੈਡਮੀ ਫ਼ਿਲੌਰ ਅਤੇ ਹੋਰਨੀਂ ਥਾਈਂ ਟ੍ਰੇਨੀ ਅਧਿਕਾਰੀਆਂ ਨੂੰ ਲੈਕਚਰ ਦੇਣ ਜਾਂਦੇ ਨਿੰਦਰ ਘੁਗਿਆਣਵੀ ਨੂੰ ਵਿਸ਼ੇਸ਼ ਤੌਰ 'ਤੇ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਆਪਣੀ ਅਗਲੀ 50ਵੀਂ ਕਿਤਾਬ ਦਾ ਵਿਸ਼ਾ ਪੁਲਿਸ ਨਾਲ ਸਬੰਧਤ ਦਿਲਚਸਪ ਘਟਨਾਵਾਂ ਅਤੇ ਵਰਤਾਰਿਆਂ ਨੂੰ ਬਣਾਉਣ ਤਾਂ ਜੋ ਪੁਲਿਸ 'ਚ ਨਵੇਂ ਆਉਣ ਵਾਲੇ ਅਧਿਕਾਰੀਆਂ ਤੇ ਜਵਾਨਾਂ ਨੂੰ ਪੁਰਾਣੀ ਪੀੜ੍ਹੀ ਦੇ ਅਫ਼ਸਰਾਂ ਤੇ ਤਜ਼ਰਬਿਆਂ ਬਾਰੇ ਜਾਣਕਾਰੀ ਮਿਲ ਸਕੇ।ਸ੍ਰੀ ਦੁੱਗਲ ਜੋ ਕਿ ਨਿੰਦਰ ਘੁਗਿਆਣਵੀ ਦੀਆਂ ਬਹੁਤ ਪੜ੍ਹੀਆਂ ਗਈਆਂ ਰਚਨਾਵਾਂ ਦਾ ਅੰਗਰੇਜ਼ੀ ਅਤੇ ਤੇਲਗੂ ਉਲੱਥਾ ਵੀ ਕਰਵਾ ਚੁੱਕੇ ਹਨ, ਨੇ ਕਿਹਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਵਿਅਕਤੀ ਵੱਡੀਆਂ ਯੂਨੀਵਰਸਿਟੀਆਂ ਅਤੇ ਅਕੈਡਮੀਆਂ 'ਚ ਹੀ ਪੜ੍ਹਕੇ ਵਿਦਵਾਨ ਬਣੇ, ਨਿੰਦਰ ਜਿਹੇ ਲੇਖਕਾਂ ਨੂੰ ਆਪਣੀਆਂ ਲਿਖਤਾਂ 'ਤੇ ਹੀ ਪੀ.ਐਚ.ਡੀ. ਦੇ ਥੀਸਸ ਲਿਖੇ ਹੋਣ ਦਾ ਮਾਣ ਹੈ।ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਨਿੰਦਰ ਘੁਗਿਆਣਵੀ ਨੂੰ ਇੱਕ ਪ੍ਰਤੀਬੱਧ ਲੇਖਕ ਕਰਾਰ ਦਿੰਦਿਆਂ ਕਿਹਾ ਕਿ ਉਸਦੀ ਸਾਹਿਤ ਸੋਝੀ ਕਮਾਲ ਦੀ ਹੈ, ਕਿਉਂਜੋ ਏਨੀ ਥੋੜੀ ਉਮਰ ਵਿੱਚ 49 ਕਿਤਾਬਾਂ ਦਾ ਸਥਾਪਤ ਲੇਖਕ ਹੋਣਾ ਕਿਸੇ-ਕਿਸੇ ਦੇ ਹਿੱਸੇ ਆਉਂਦਾ ਹੈ। ਉਨ੍ਹਾਂ ਲੇਖਕ ਦੀ ਵੱਡੀ ਵਿਸ਼ੇਸ਼ਤਾ ਦਸਦਿਆਂ ਕਿਹਾ ਕਿ ਉਸਨੇ ਆਪਣੇ ਛੋਟੇ ਅਹੁਦਿਆਂ 'ਤੇ ਵੀ ਕੀਤੇ ਕੰਮਾਂ ਨੂੰ ਵੀ ਬੇਝਿਜਕ ਹੋ ਕੇ ਆਪਣੀਆਂ ਲਿਖਤਾਂ 'ਚ ਪਰੋਇਆ ਹੈ। ਉਨ੍ਹਾਂ ਉਸਨੂੰ ਅੰਦਰੋ-ਬਾਹਰੋਂ ਇੱਕੋ ਜਿਹਾ ਆਖਿਆ ਜੋ ਕਿ ਕਿਸੇ ਵੀ ਗੱਲ ਨੂੰ ਵਧਾਉਣ-ਚੜ੍ਹਾਉਣ ਜਾਂ ਲੁਕਾਉਣ ਦੀ ਆਦਤ ਤੋਂ ਕੋਹਾਂ ਦੂਰ ਹੈ। ਉਨ੍ਹਾਂ ਨੇ ਕਿਹਾ ਕਿ ਨਿੰਦਰ ਦੀ ਇਹ ਪੁਸਤਕ ਇੱਕ ਪੜ੍ਹਨਯੋਗ ਤੇ ਸਾਂਭਣਯੋਗ ਰਚਨਾ ਹੈ।
ਡਾ. ਹਰਦੀਪ ਸਿੰਘ ਮਾਨ ਨੇ ਨਿੰਦਰ ਨੂੰ ਬਹੁਪੱਖੀ ਪ੍ਰਤਿਭਾ ਦਾ ਧਾਰਨੀ ਦੱਸਦਿਆਂ ਕਿਹਾ ਕਿ ਉਸ ਨਾਲ ਭਾਵੇਂ ਉਨ੍ਹਾਂ ਦੀ ਇਸ ਪੁਸਤਕ ਦੇ ਰੀਲੀਜ਼ ਸਮਾਗਮ ਤੋਂ ਇੱਕ ਦਿਨ ਪਹਿਲਾਂ ਹੀ ਮੁਲਾਕਾਤ ਹੋਈ ਅਤੇ ਉਸਦੀ ਸ਼ਖ਼ਸੀਅਤ ਨੇ ਇਹ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਉਸਨੂੰ ਪਹਿਲੀ ਵਾਰ ਮਿਲ ਰਹੇ ਹਨ। ਉਨ੍ਹਾਂ ਕਾਮਨਾ ਕੀਤੀ ਕਿ ਨਿੰਦਰ ਮਾਂ ਬੋਲੀ ਦੀ ਸੇਵਾ 'ਚ ਅੱਗੇ ਵੱਧਦਾ ਹੋਇਆ, ਜਲਦੀ ਹੀ ਪੰਜਾਬੀ ਪਾਠਕਾਂ ਦੀ ਝੋਲੀ 'ਚ ਆਪਣੀ 50ਵੀਂ ਪੁਸਤਕ ਪਾਉਣ। ਨਿੰਦਰ ਘੁਗਿਆਣਵੀ ਨੇ ਆਪਣੇ ਸਾਹਿਤਕ ਸਫ਼ਰ 'ਤੇ ਚਾਨਣਾ ਪਾਉਂਦਿਆਂ ਜਿੱਥੇ ਜ਼ਿਲ੍ਹਾ ਪੁਲਿਸ ਵੱਲੋਂ ਉਸਦੀ ਪੁਸਤਕ ਦੀ ਘੁੰਡ ਚੁਕਾਈ ਲਈ ਰੱਖੇ ਸਮਾਗਮ ਲਈ ਧੰਨਵਾਦ ਕੀਤਾ ਉਥੇ ਆਪਣੀ 2005 ਤੇ 2010 ਦੀ ਇੰਗਲੈਂਡ ਫੇਰੀ 'ਤੇ ਅਧਾਰਤ ਇਸ ਕਿਤਾਬ 'ਚ ਪੀੜ੍ਹੀਆਂ ਦੇ ਵਖਰੇਵੇਂ, ਬਜ਼ੁਰਗਾਂ ਦੇ ਇਕਲਾਪੇ ਅਤੇ ਰਿਸ਼ਤਿਆਂ ਦੀ ਟੁੱਟ-ਭੱਜ ਬਾਰੇ ਕੀਤੇ ਵਰਨਣ ਬਾਰੇ ਦਿਲਚਸਪ ਪਰ ਸੱਚੀਆਂ ਘਟਨਾਵਾਂ ਵੀ ਸੁਣਾਈਆਂ। ਉਨ੍ਹਾਂ ਨੇ ਸ੍ਰੀ ਦੁੱਗਲ ਵੱਲੋਂ ਉਨ੍ਹਾਂ ਨੂੰ ਪੰਜਾਬੀ ਪਾਠਕ ਸੱਥ ਤੋਂ ਅੱਗੇ ਹੋਰਨਾਂ ਭਾਸ਼ਾਵਾਂ ਦੇ ਪਾਠਕਾਂ ਵਿੱਚ ਲਿਜਾਣ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਡਾ. ਯੋਗਰਾਜ ਤੇ ਡਾ. ਹਰਦੀਪ ਸਿੰਘ ਮਾਨ ਅਤੇ ਹੋਰਨਾਂ ਪੰਜਾਬੀ ਸਾਹਿਤ ਪ੍ਰੇਮੀਆਂ ਵੱਲੋਂ ਪੁਸਤਕ ਦੀ ਘੁੰਡ ਚੁਕਾਈ ਦੇ ਇਸ ਸੀਮਤ ਅਤੇ ਸਾਦੇ ਸਮਾਗਮ ਵਿੱਚ ਸ਼ਿਰਕਤ ਕਰਕੇ ਹੌਂਸਲਾ ਅਫ਼ਜਾਈ ਕਰਨ ਲਈ ਵੀ ਸ਼ੁਕਰੀਆ ਅਦਾ ਕੀਤਾ।
ਫੋਟੋ ਕੈਪਸ਼ਨ-ਉੱਘੇ ਪੰਜਾਬੀ ਲੇਖਕ ਨਿੰਦਰ ਘੁਗਿਆਣਵੀ ਦੀ ਇੰਗਲੈਂਡ ਦੇ ਸਫ਼ਰਨਾਮੇ 'ਤੇ ਅਧਾਰਤ ਪੁਸਤਕ 'ਦੇਖੀ ਤੇਰੀ ਵਲੈਤ' ਦੀ ਘੁੰਡ ਚੁਕਾਈ ਕਰਦੇ ਹੋਏ ਐਸ.ਐਸ.ਪੀ. ਵਿਕਰਮ ਜੀਤ ਦੁੱਗਲ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ, ਡਾ. ਹਰਦੀਪ ਸਿੰਘ ਮਾਨ ਤੇ ਐਸ.ਪੀ. ਵਰੁਣ ਸ਼ਰਮਾ।