ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਰਕੇ ਆਉਣ ਵਾਲਾ ਸਮਾਂ ਗਊਧਨ ਲਈ ਚਿੰਤਾਜਨਕ-ਸਚਿਨ ਸ਼ਰਮਾ


ਪਟਿਆਲਾ, 6 ਨਵੰਬਰ:
ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ 'ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਨੀਤੀਆਂ ਕਰਕੇ ਪੰਜਾਬ ਵਿੱਚ ਗਊਧਨ ਲਈ ਆਉਣ ਵਾਲਾ ਸਮਾਂ ਚਿੰਤਾਜਨਕ ਹੋ ਸਕਦਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਰਾਜ ਅੰਦਰ ਗਊਸ਼ਾਲਾਵਾਂ 'ਚ ਗਊਧਨ ਲਈ ਜਮ੍ਹਾਂ ਕੀਤੇ ਤੂੜੀ ਅਤੇ ਚਾਰਾ ਆਦਿ ਸਮਾਪਤ ਹੋਣ ਦੀ ਕਗਾਰ 'ਤੇ ਜਾ ਪੁੱਜਾ ਹੈ। ਚੇਅਰਮੈਨ ਨੇ ਕਿਹਾ ਕਿ ਪੰਜਾਬ, ਭਾਰਤ ਦਾ ਸਰਹੱਦੀ ਰਾਜ ਹੋਣ ਦੇ ਨਾਲ-ਨਾਲ ਖੇਤੀ ਪ੍ਰਧਾਨ ਤੇ ਡੇਅਰੀ ਫਾਰਮਿੰਗ ਧੰਦੇ ਵਾਲਾ ਸੂਬਾ ਹੈ ਅਤੇ ਇਸ ਕਾਰੋਬਾਰ 'ਚ ਸਮੁੱਚਾ ਯੋਗਦਾਨ ਕਿਸਾਨ ਭਰਾਵਾਂ ਵੱਲੋਂ ਹੀ ਪਾਇਆ ਜਾਂਦਾ ਹੈ। ਇਨ੍ਹਾਂ ਦੇ ਯੋਗਦਾਨ ਸਦਕਾ ਹੀ ਗਊਸ਼ਾਲਾਵਾਂ 'ਚ ਤੂੜੀ ਤੇ ਚਾਰੇ ਦੀ ਪੂਰਤੀ ਹੁੰਦੀ ਹੈ ਪਰੰਤੂ ਇਸ ਮੌਜੂਦਾ ਸਥਿਤੀ 'ਚ ਜਦੋਂ ਸਮੁੱਚਾ ਕਿਸਾਨੀ ਵਰਗ ਆਪਣੇ ਪਰਿਵਾਰਾਂ ਸਮੇਤ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਸੰਘਰਸ਼ ਕਰ ਰਿਹਾ ਹੈ, ਤਾਂ ਅਜਿਹੇ 'ਚ ਖੇਤੀ ਸਹੀ ਢੰਗ ਨਾਲ ਨਾ ਹੋਣ ਕਰਕੇ ਆਉਣ ਵਾਲੇ ਸਮੇਂ 'ਚ ਸੂਬੇ ਅੰਦਰਲੇ ਗਊਧਨ ਲਈ ਗੰਭੀਰ ਚਿੰਤਾ ਜਨਕ ਹਾਲਾਤ ਪੈਦਾ ਹੋਣ ਦਾ ਵੀ ਖਦਸ਼ਾ ਬਣ ਗਿਆ ਹੈ। ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਨਰਿੰਦਰ ਮੋਦੀ ਦੀਆਂ ਤਾਨਸ਼ਾਹੀ ਅਤੇ ਕਿਸਾਨ ਵਿਰੋਧੀ ਨੀਤੀਆਂ ਕਰਕੇ ਕਿਸਾਨ ਅਤੇ ਮਜ਼ਦੂਰ ਖੇਤਾਂ 'ਚ ਨਹੀਂ ਜਾਣਗੇ ਤਾਂ ਗਊਧਨ ਲਈ ਚਾਰਾ ਤੇ ਤੂੜੀ ਕਿਥੋਂ ਆਵੇਗੀ, ਜਿਸ ਲਈ ਇਸ ਵਿਕਰਾਲ ਹੁੰਦੀ ਜਾ ਰਹੀ ਸਮੱਸਿਆ ਦੇ ਵੱਲ ਤੁਰੰਤ ਧਿਆਨ ਦਿੰਦਿਆਂ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਵੱਲੋਂ ਉਠਾਏ ਗਏ ਮੁੱਦਿਆਂ ਪ੍ਰਤੀ ਗੰਭੀਰ ਚਿੰਤਨ ਕਰਕੇ ਇਸਦਾ ਠੋਸ ਹੱਲ ਕੱਢਿਆ ਜਾਣਾ ਚਾਹੀਦਾ ਹੈ। ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਗਊ ਮਾਤਾ ਸਨਾਤਨ ਧਰਮ ਦੀ ਆਸਥਾ ਤੇ ਵਿਸ਼ਵਾਸ਼ ਦਾ ਵਿਸ਼ਾ ਹੈ, ਹਜਾਰਾਂ ਲੱਖਾਂ ਲੋਕ ਆਪਣੀ ਸਮਰੱਥਾਂ ਅਨੁਸਾਰ ਗਊਧਨ ਲਈ ਚਾਰੇ ਆਦਿ ਦਾ ਪ੍ਰਬੰਧ ਕਰਦੇ ਹਨ ਅਤੇ ਇਹ ਸਿਲਸਿਲਾ ਯੁਗਾਂ-ਯੁਗਾਂਤਰਾਂ ਤੋਂ ਚੱਲ ਰਿਹਾ ਅਤੇ ਇਸ ਦਾ ਸਾਰਾ ਸਿਹਰਾ ਕਿਸਾਨਾਂ ਨੂੰ ਹੀ ਜਾਂਦਾ ਹੈ ਪਰੰਤੂ ਜਦੋਂ ਕਿਸਾਨ ਖ਼ੁਦ ਨਿਆਂ ਲਈ ਭਟਕ ਰਿਹਾ ਹੋਵੇ ਤਾਂ ਇਸ ਹਾਲਾਤ 'ਚ ਗਊਧਨ ਤੇ ਮਨੁੱਖੀ ਜਿੰਦਗੀ ਦਾ ਪਾਲਣ ਪੋਸ਼ਣ ਪ੍ਰਭਾਵਤ ਹੋਣਾ ਲਾਜਮੀ ਹੈ। ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਰਾਜ ਅੰਦਰ ਸਾਰੇ ਥਰਮਲ ਪਲਾਂਟਾਂ ਦਾ ਕੋਲਾ ਮੁੱਕ ਚੁੱਕਾ ਹੈ, ਜਿਸ ਕਰਕੇ ਬਿਜਲੀ ਦੇ ਕੱਟ ਲੱਗਣ ਨਾਲ ਗਊਸ਼ਾਲਾਵਾਂ 'ਚ ਸਾਫ਼-ਸਫ਼ਾਈ, ਚਾਰੇ ਦੀ ਕਟਾਈ ਤੇ ਪੀਣ ਵਾਲੇ ਪਾਣੀ ਦੀ ਦਿਕਤ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗਊ ਮਾਤਾ ਆਪਣੇ ਦੁੱਧ ਨਾਲ ਸਰਵਧਰਮ ਦਾ ਪੋਸ਼ਣ ਕਰਦੀ ਹੈ ਜਦੋਂਕਿ ਬੱਚੇ ਦੇ ਜਨਮ ਦੇ ਬਾਅਦ ਮਾਂ ਦੇ ਦੁੱਧ ਦੇ ਇਲਾਵਾ ਉਸਨੂੰ ਅੰਮ੍ਰਿਤ ਰੂਪੀ ਪੌਸ਼ਟਿਕ ਆਹਾਰਾ ਗਊਮਾਤਾ ਦਾ ਦੁੱਧ ਹੀ ਪਿਲਾਇਆ ਜਾਂਦਾ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਇਸ ਮਾਮਲੇ 'ਤੇ ਸਕਾਰਾਤਮਕ ਰੁਖ ਅਪਣਾਉਂਦੇ ਹੋਏ ਕਿਸਾਨਾਂ ਨੂੰ ਨਿਆਂ ਪ੍ਰਦਾਨ ਕੀਤਾ ਜਾਵੇ ਤਾਂ ਕਿ ਰਾਜ ਅੰਦਰ ਗਊਧਨ ਨੂੰ ਕੋਈ ਸਮੱਸਿਆ ਨਾ ਹੋਵੇ। ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਮੁੱਦੇ 'ਤੇ ਪੰਜਾਬ ਸਰਕਾਰ ਦਾ ਸਾਥ ਦਿੱਤਾ ਜਾਵੇ ਤਾਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ, ਕਿਸਾਨੀ ਅਤੇ ਖੁਸ਼ਹਾਲੀ 'ਚ ਆਪਣਾ ਯੋਗਦਾਨ ਪਾ ਸਕੇ।