ਸਰਕਾਰੀ ਸਕੂਲ ਨਵਾਂਸ਼ਹਿਰ ਦਾ ਨਵਾਂ ਬਲਾਕ ਲੋਕ ਅਰਪਿਤ
ਸਰਕਾਰੀ ਪ੍ਰਾਇਮਰੀ ਸਕੂਲ ਮਜਾਰਾ ਨੌ ਅਬਾਦ ਦੇ ਬੱਚਿਆਂ ਨੂੰ ਵੰਡੇ ਟੈਬਲੇਟ




ਨਵਾਂਸ਼ਹਿਰ, 7 ਨਵੰਬਰ : ਵਿਧਾਇਕ ਅੰਗਦ ਸਿੰਘ ਵੱਲੋਂ ਅੱਜ ਸਰਕਾਰੀ ਸਕੂਲ ਨਵਾਂਸ਼ਹਿਰ ਦਾ ਨਵਾਂ ਬਲਾਕ ਲੋਕ ਅਰਪਣ ਕੀਤਾ ਗਿਆ। ਇਸ ਦੌਰਾਨ ਉਨਾਂ ਸਰਕਾਰੀ ਪ੍ਰਾਇਮਰੀ ਸਕੂਲ ਮਜਾਰਾ ਲੌ ਅਬਾਦ ਦੇ ਬੱਚਿਆਂ ਨੂੰ ਟੈਬਲੇਟ ਵੀ ਤਕਸੀਮ ਕੀਤੇ। ਇਸ ਮੌਕੇ ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ ਗਿਆ ਹੈ, ਜਿਸ ਦੇ ਉਸਾਰੂ ਸਿੱਟੇ ਸਾਹਮਣੇ ਆਏ ਹਨ। ਉਨਾਂ ਕਿਹਾ ਕਿ ਇਸ ਨਾਲ ਜਿਥੇ ਸਰਕਾਰੀ ਸਕੂਲਾਂ ਵਿਚ ਦਾਖ਼ਲਿਆਂ ਵਿਚ ਭਾਰੀ ਵਾਧਾ ਹੋਇਆ ਹੈ, ਉਥੇ ਇਨਾਂ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਵੀ ਪ੍ਰਾਈਵੇਟ ਸਕੂਲਾਂ ਨੂੰ ਪਛਾੜਿਆ ਗਿਆ ਹੈ। ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਸਦਕਾ ਅੱਜ ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਸਮੇਂ ਦੇ ਹਾਣ ਦਾ ਬਣਾ ਦਿੱਤਾ ਹੈ ਕਿ ਹਰੇਕ ਵਿਅਕਤੀ ਸਰਕਾਰੀ ਸਕੂਲਾਂ ਵਿਚ ਆਪਣੇ ਬੱਚੇ ਨੂੰ ਪੜਾਉਣਾ ਚਾਹੁੰਦਾ ਹੈ। ਉਨਾਂ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਨਾਂ ਨੂੰ ਪਰਮਾਤਮਾ ਨੇ ਵਿੱਦਿਆ ਦੀ ਰੋਸ਼ਨੀ ਦੇ ਕੇ ਨਿਵਾਜ਼ਿਆ ਹੈ ਅਤੇ ਹੁਣ ਉਨਾਂ ਦਾ ਫਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਵਿਚ ਆਪਣੀ ਭੂਮਿਕਾ ਨਿਭਾਉਣ। ਉਨਾਂ ਦੱਸਿਆ ਕਿ ਅੱਜ ਪਹਿਲੇ ਪੜਾਅ ਤਹਿਤ ਜ਼ਿਲੇ ਦੇ 8 ਪ੍ਰਾਇਮਰੀ ਸਕੂਲਾਂ ਨੂੰ 59 ਟੈਬਲੇਟ ਵੰਡੇ ਗਏ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਸ) ਸੁਸ਼ੀਲ ਕੁਮਾਰ ਤੁਲੀ, ਜ਼ਿਲਾ ਸਿੱਖਿਆ ਅਫ਼ਸਰ (ਅ) ਪਵਨ ਕੁਮਾਰ, ਉੱਪ ਜ਼ਿਲਾ ਸਿੱਖਿਆ ਅਫ਼ਸਰ ਛੋਟੂ ਰਾਮ, ਪਿ੍ਰਸੀਪਲ ਸਰਬਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ। 
ਕੈਪਸ਼ਨ :- 01 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੇ ਨਵੇਂ ਬਲਾਕ ਨੂੰ ਲੋਕ ਅਰਪਣ ਕਰਦੇ ਹੋਏ ਵਿਧਾਇਕ ਅੰਗਦ ਸਿੰਘ  ਨਾਲ ਹਨ ਜ਼ਿਲਾ ਸਿੱਖਿਆ ਅਫ਼ਸਰ (ਸ) ਸੁਸ਼ੀਲ ਕੁਮਾਰ ਤੁਲੀ, ਜ਼ਿਲਾ ਸਿੱਖਿਆ ਅਫ਼ਸਰ (ਅ) ਪਵਨ ਕੁਮਾਰ, ਪਿ੍ਰੰਸੀਪਲ ਸਰਬਜੀਤ ਸਿੰਘ ਤੇ ਹੋਰ। 
ਕੈਪਸ਼ਨ :- 02 -ਸਰਕਾਰੀ ਪ੍ਰਾਇਮਰੀ ਨੌ ਅਬਾਦ ਦੇ ਵਿਦਿਆਰਥੀਆਂ ਨੂੰ ਟੈਬਲੇਟ ਵੰਡਦੇ ਹੋਏ ਵਿਧਾਇਕ ਅੰਗਦ ਸਿੰਘ।  ਨਾਲ ਹਨ ਜ਼ਿਲਾ ਸਿੱਖਿਆ ਅਫ਼ਸਰ (ਸ) ਸੁਸ਼ੀਲ ਕੁਮਾਰ ਤੁਲੀ, ਜ਼ਿਲਾ ਸਿੱਖਿਆ ਅਫ਼ਸਰ (ਅ) ਪਵਨ ਕੁਮਾਰ, ਪਿ੍ਰੰਸੀਪਲ ਸਰਬਜੀਤ ਸਿੰਘ ਤੇ ਹੋਰ।