ਸਮਾਜ ਸੇਵੀ ਸੰਸਥਾ ਕਿਰਪਾਲ ਸਾਗਰ ਦੇ ਮੁੱਖ ਸੇਵਾਦਾਰ ਡਾ. ਕਰਮਜੀਤ ਸਿੰਘ
ਆਰਗੈਨਿਕ ਖੇਤੀ ਲਈ ਕਿਸਾਨਾਂ ਦੇ ਬਣ ਰਹੇ ਹਨ ਪ੍ਰੇਣਾ ਸਰੋਤ




ਨਵਾਂ ਸ਼ਹਿਰ/ਰਾਹੋਂ : 11 ਨਵੰਬਰ -
ਦੁਆਬੇ ਦੀ ਧਰਤੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਸੰਸਾਰ ਦੇ ਪੁਰਾਣੇ ਕਸਬੇ ਰਾਹੋਂ ਤੋ ਤਕਰੀਬਨ ਚਾਰ ਕਿਲੋਮੀਟਰ ਦੂਰ ਪਿੰਡ ਦਰਿਆਪੁਰ ਵਿਖੇ ਤਕਰੀਬਨ ਪਿਛਲੇ ਪੰਜ ਦਹਾਕਿਆਂ  ਤੋਂ ਕਾਰਜਸ਼ੀਲ ਸਮਾਜ ਸੇਵੀ ਸੰਸਥਾ ਕਿਰਪਾਲ ਸਾਗਰ ਜਿਸਦਾ ਮੁੱਖ ਉਦੇਸ਼ ਮਾਨਵਤਾ ਦਾ ਸਰਵਪੱਖੀ ਵਿਕਾਸ ਹੈ ਦੇ ਮੌਜੂਦਾ ਮੁਖੀ ਡਾ.ਕਰਮਜੀਤ ਸਿੰਘ (ਸਪੁੱਤਰ ਡਾ. ਹਰਭਜਨ ਸਿੰਘ ਜੀ ਕਿਰਪਾਲ ਸਾਗਰ) ਪੰਜਾਬ ਵਿਚ ਆਰਗੈਨਿਕ ਖੇਤੀ ਦੇ ਖੇਤਰ 'ਚ ਕਿਸਾਨਾਂ ਦੇ ਪ੍ਰੇਣਾ ਸਰੋਤ ਬਣ ਗਏ ਹਨ। ਪੰਜਾਬ ਦੀ ਇਸ ਧਰਤੀ ਦੇ ਇਸ ਹੋਣਹਾਰ ਕਿਸਾਨ ਪੁੱਤਰ ਡਾ.ਕਰਮਜੀਤ ਸਿੰਘ ਨੇ ਆਰਗੈਨਿਕ ਖੇਤੀਬਾੜੀ ਕਰਨ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਇਹ ਧਰਤੀ ਸਾਡੀ ਮਾਂ ਹੈ। ਅਸੀ ਖਾਦਾਂ ਅਤੇ ਕੀਟਨਾਸ਼ਕਾਂ ਦੀ ਦੁਰਵਰਤੋਂ ਕਰਕੇ ਧਰਤੀ ਮਾਂ ਨੂੰ ਗੰਧਲਾ ਕਰ ਦਿੱਤਾ ਹੈ, ਬੀਮਾਰ ਬਣਾ ਦਿੱਤਾ ਹੈ। ਜਦੋਂ ਅਸੀ ਕੀਟਨਾਸ਼ਕ ਦਵਾਈਆਂ ਦੀ ਨਿਰੰਤਰ ਵਰਤੋਂ ਕਰਦੇ ਹਾਂ ਤਾਂ ਧਰਤੀ ਦੇ ਉਪਜਾਊ ਤੱਤ ਖਤਮ ਹੋ ਰਹੇ ਹਨ। ਸਾਡੀ ਇਸ ਮਿੱਟੀ ਨੂੰ ਬਣਾਉਣ ਵਾਲੇ ਸੂਖਮ ਤੱਤ ਨਸ਼ਟ ਹੋ ਰਹੇ ਹਨ। ਸਾਡੀ ਇਸ ਮਿੱਟੀ ਨੂੰ ਬਨਾਉਣ ਵਾਲੇ ਪ੍ਰਾਣੀਆਂ (ਗੰਡੋਏ ਅਤੇ ਹੋਰ ਜੀਵ ਆਦਿ) ਨੂੰ ਅਸੀ ਖਤਰਨਾਕ ਜ਼ਹਿਰੀਲੇ ਕੀਟਨਾਸ਼ਕ ਦਵਾਈਆ ਪਾ-ਪਾ ਕੇ ਮਾਰ ਰਹੇ ਹਾਂ। ਸਿਰਫ ਜ਼ਿਆਦਾ ਫਸਲ ਲੈਣ ਦੇ ਲਾਲਚ ਨੇ ਸਾਨੂੰ ਦਿਸ਼ਾਹੀਣ ਬਣਾ ਦਿੱਤਾ ਹੈ। 21ਵੀਂ ਸਦੀ ਵਿਚ ਸਾਡਾ ਉਦੇਸ਼ ਸਿਰਫ ਪੈਸਾ ਕਮਾਉਣਾ ਹੋ ਗਿਆ ਹੈ। ਹੁਣ ਇਸ ਦਾ ਭਿਆਨਕ ਨਤੀਜਾ ਸਿੱਟਾ ਨਿਕਲ ਰਿਹਾ ਹੈ ਕਿ ਧਰਤੀ ਬੀਮਾਰ ਹੋ ਰਹੀ ਹੈ। ਜਦੋਂ ਮਾਂ ਹੀ ਬੀਮਾਰ ਹੋ ਗਈ, ਫਿਰ ਉਸ ਦੇ ਬੱਚੇ ਕਿਹੋਂ ਜਿਹੇ ਹੋਣਗੇ ? ਸਾਡਾ ਮਾਨਵਤਾ ਦਾ ਭਵਿੱਖ ਕੀ ਹੋਵੇਗਾ? ਅਸੀ ਕਿਸ ਤਰ੍ਹਾਂ ਸਿਹਤਮੰਦ ਰਹਾਂਗੇ? ਜੋ ਕਿ ਮਾਨਵਤਾ ਨੂੰ ਬਚਾਉਣ ਲਈ ਗੰਭੀਰ ਮੁੱਦੇ ਹਨ ? ਸਾਨੂੰ ਇਹਨਾਂ ਆ ਰਹੀਆਂ ਵੱਡੀਆਂ ਸਮੱਸਿਆਵਾਂ 'ਤੇ ਵਿਚਾਰਾਂ ਕਰਨ ਦੀ ਮੁੱਖ ਜ਼ਰੂਰਤ ਹੈ।  ਡਾ.ਕਰਮਜੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਧਰਤੀ ਮਾਂ ਦੀ ਸਾਂਭ ਸੰਭਾਲ ਦੇ ਇਸੇ ਜਾਗਰੁਕਤਾ ਮਿਸ਼ਨ ਤਹਿਤ ਕਿਰਪਾਲ ਸਾਗਰ ਵਿਖੇ ਸਾਡਾ ਆਰਗੈਨਿਕ ਖੇਤੀ ਕਰਨ ਦਾ ਮੁੱਖ ਮਕਸਦ ਵੀ ਇਹ ਹੈ ਕਿ ਲੋਕਾਂ ਨੂੰ ਖਾਣ ਨੂੰ ਜੋ ਵੀ ਪਦਾਰਥ ਮਿਲੇ ਉਹ ਪੂਰੀ ਤਰ੍ਹਾਂ ਕੀਟ ਨਾਸ਼ਕ ਮੁਕਤ ਹੋਣ। ‍ਕਿਸੇ ਵੀ ਫਸਲ 'ਤੇ ਕਿਸੇ ਵੀ ਕਿਸਮ ਦਾ ਸਪਰੇ ਜਾਂ ਕੋਈ ਰਸਾਇਣਕ ਪ੍ਰਭਾਵ ਨਹੀਂ ਹੋਣਾ ਚਾਹੀਦਾ। ਉਹ ਆਰਗੈਨਿਕ ਹੋਵੇ, ਸ਼ੁੱਧ ਦੇਸੀ ਹੋਵੇ, ਇਹੋ ਉਦੇਸ਼ ਕਿਰਪਾਲ ਸਾਗਰ ਦਾ ਹੈ। ਡਾ, ਸਾਹਿਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੌਜੂਦਾ ਸਮੇਂ ਕਿਰਪਾਲ ਸਾਗਰ ਵਿਖੇ ਅਮਰੂਦਾਂ ਦੇ ਬਾਗ਼, ਬੇਰੀਆਂ, ਮੋਰਿੰਗਾ, ਅਸ਼ਵਗੰਧਾ, ਗੁਲਾਬ ਅਤੇ ਵੱਡੇ ਪੱਧਰ 'ਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਇਹਨਾਂ ਸ਼ਬਜ਼ੀਆਂ ਵਿਚ ਖੁੰਬਾਂ, ਤੋਰੀਆ, ਬੈਂਗਣ, ਟਮਾਟਰ, ਮਟਰ, ਗੋਭੀ, ਖੀਰੇ, ਆਲੂ, ਚਕੁੰਦਰ, ਪੱਤੇ ਵਾਲੀਆ ਸਬਜ਼ੀਆਂ ਆਦਿ ਪ੍ਰਮੁੱਖ ਹਨ, ਇਹ ਸਾਰੀਆ ਫਸਲਾਂ ਅਸੀ ਬਿਨਾਂ ਖਾਦਾਂ ਅਤੇ ਬਿਨਾਂ ਕੀਟਨਾਸ਼ਕਾਂ ਦੇ ਸਪਰੇ ਤੋਂ ਤਿਆਰ ਕੀਤੀ ਸ਼ੁੱਧ ਜ਼ਮੀਨ ਵਿੱਚ ਉਗਾ ਰਹੇ ਹਾਂ। ਆਰਗੈਨਿਕ ਖੇਤੀ ਸਦੰਰਭ 'ਚ ਬੋਲਦਿਆ ਡਾ. ਕਰਮਜੀਤ ਸਿੰਘ ਨੇ ਕਿਹਾ, "ਆਰਗੈਨਿਕ ਦਾ ਅਸਲ ਮਤਲਬ ਹੈ ਸ਼ੁੱਧ ਹੋਣਾ। ਸਾਡਾ ਉਦੇਸ਼ ਹੈ ਕਿਰਪਾਲ ਸਾਗਰ ਦੇ ਵਿਦਿਆਰਥੀ, ਇੱਥੋਂ ਦੇ ਵਸਨੀਕ ਅਤੇ ਜਿੱਥੇ ਤੀਕ ਸਾਡੀ ਫਸਲ ਜਾਂਦੀ ਹੈ, ਅਸੀ ਚੀਜ਼ਾਂ ਨੂੰ ਸ਼ੁੱਧ ਰੂਪ 'ਚ ਭੇਜੀਏ, ਤਾਂ ਕਿ ਜੋ ਵੀ ਲੋਕ ਇਹਨਾਂ ਦਾ ਇਸਤੇਮਾਲ ਕਰਨ ਉਹ ਵੀ ਹਮੇਸ਼ਾਂ ਤੰਦਰੁਸਤ ਰਹਿਣ। ਡਾ. ਕਰਮਜੀਤ ਸਿੰਘ ਨੇ ਆਪਣੇ ਵਿਸ਼ਵ ਪੱਧਰੀ ਸੁਨੇਹੇ 'ਚ  ਕਿਹਾ ਕਿ ਮਾਨਵਤ ਦੀ ਭਲਾਈ ਲਈ ਇਹ ਨਿੱਕੇ-ਨਿੱਕੇ ਕਾਰਜ ਸਾਨੂੰ ਬੇਹੱਦ ਮਜ਼ਬੂਤ ਬਣਾ ਸਕਦੇ ਹਨ। ਇੱਕ ਤੇ ਇੱਕ ਹਮੇਸ਼ਾ ਗਿਆਰਾਂ ਹੁੰਦੇ ਹਨ। ਜੇਕਰ ਹੋਰ ਕਿਸਾਨ ਵੀ ਅਜਿਹਾ ਸੋਚਣ-ਸਿਰਜਣ ਲੱਗ ਜਾਣ ਤਾਂ ਉਹ ਦਿਨ ਦੂਰ ਨਹੀ ਜਦੋ ਇਸ ਧਰਤੀ ਤੋਂ ਸਾਨੂੰ ਅੰਮ੍ਰਿਤ ਦੀਆਂ ਬੂੰਦਾਂ ਰੂਪੀ ਸ਼ੁੱਧ ਫਸਲਾਂ ਮਿਲਣਗੀਆਂ। ਡਾ.ਕਰਮਜੀਤ ਸਿੰਘ ਮੁੱਖ ਸੇਵਾਦਾਰ ਕਿਰਪਾਲ ਸਾਗਰ ਨੇ ਸਮੂਹ ਕਿਸਾਨ ਭਰਾਵਾਂ ਨੂੰ ਦੇਸੀ ਰੂੜੀ ਖਾਦ ਦੀ ਵਰਤੋਂ ਕਰਨ ਕਰਨ ਲਈ ਪ੍ਰੇਰਦੇ ਕਿਹਾ ਕਿ ਇਸ ਤਰ੍ਹਾਂ ਆਰਗੈਨਿਕ ਖੇਤੀ ਕਰਕੇ ਅਸੀਂ ਆਪਣੇ ਘਰ-ਪਰਿਵਾਰ ਨੂੰ, ਪਿੰਡ ਨੂੰ, ਸ਼ਹਿਰ ਨੂੰ, ਆਪਣੇ ਦੇਸ਼ ਨੂੰ ਸਚੁਮੱਚ ਦਾ ਸਵਰਗ ਬਣਾ ਸਕਦੇ ਹਾਂ। ਬਸ ਹੁਣ ਸਾਨੂੰ ਜਾਗਣ ਦੀ ਜ਼ਰੂਰਤ ਹੈ। ਧਰਤੀ ਮਾਂ ਸਾਡਾ ਇੰਤਜ਼ਾਰ ਕਰ ਰਹੀ ਹੈ। ਆਓ ਇਸ ਦਾ ਸਤਿਕਾਰ ਕਰੀਏ ਅਤੇ ਆਰਗੈਨਿਕ ਖੇਤੀ ਕਰਦੇ ਹੋਏ , ਸਮੁੱਚੀ ਮਾਨਵਤਾ ਨੂੰ ਤੰਦਰੁਸਤ ਰੱਖਣ ਅਤੇ ਵਾਤਾਵਰਣ ਸਾਫ ਸੁਥਰਾ ਰੱਖਣ ਵਿਚ ਆਪਣਾ ਯੋਗਦਾਨ ਪਾ ਕੇ ਧਰਤੀ ਮਾਂ ਦੇ ਸੱਚੇ ਪੁੱਤਰ ਬਣੀਏ। ਇਸ  ਮੌਕੇ ਡਾ. ਕਰਮਜੀਤ ਸਿੰਘ ਨੇ ਕਿਰਪਾਲ ਸਾਗਰ ਵਿਖੇ ਪੁੱਜੇ ਕਿਸਾਨਾਂ ਨੂੰ ਆਰਗੈਨਿਕ ਖੇਤੀ ਫਾਰਮਾਂ ਦਾ ਦੌਰਾ ਵੀ ਕਰਵਾਇਆ।
ਫੋਟੋ ਕੈਪਸ਼ਨ : ਡਾ. ਕਰਮਜੀਤ ਸਿੰਘ,  ਆਰਗੈਨਿਕ ਖੇਤੀ ਬਾਰੇ ਕਿਰਪਾਲ ਸਾਗਰ ਵਿਖੇ ਜਾਣਕਾਰੀ ਦਿੰਦੇ ਹੋਏ