ਜ਼ਿਲ੍ਹੇ ਦੇ ਪਿੰਡਾਂ ਨੂੰ ਦੀਵਾਲੀ ਦਾ ਤੋਹਫ਼ਾ
-ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਤੇ ਏ.ਡੀ.ਸੀ. ਵਿਕਾਸ ਨੇ ਪਹਿਲੇ ਪੜਾਅ 'ਚ 15 ਲਾਇਬ੍ਰੇਰੀਆਂ ਬਲਾਕ ਸੰਮਤੀ ਚੇਅਰਮੈਨਾਂ ਨੂੰ ਸੌਂਪੀਆਂ
ਪਟਿਆਲਾ, 15 ਨਵੰਬਰ: ਪੰਜਾਬ ਸਰਕਾਰ ਅਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਹਰ ਬਲਾਕ ਦੇ 5 ਪਿੰਡਾਂ ਨੂੰ ਪਹਿਲੇ ਪੜਾਅ ਹੇਠ ਛੋਟੀਆਂ ਲਾਇਬ੍ਰੇਰੀਆਂ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਇੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਸ੍ਰੀਮਤੀ ਰਾਜ ਕੌਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੀਆਂ ਪੰਚਾਇਤ ਸੰਮਤੀਆਂ ਦੇ ਚੇਅਰਮੈਨਾਂ ਨੂੰ 15 ਲਾਇਬ੍ਰੇਰੀਆਂ ਸੌਂਪੀਆਂ।
ਸ੍ਰੀਮਤੀ ਰਾਜ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 15ਵੇਂ ਵਿੱਤ ਕਮਿਸ਼ਨ ਤਹਿਤ ਇਹ ਲਾਇਬ੍ਰੇਰੀਆਂ ਪਿੰਡਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਲੋਕਾਂ ਅਤੇ ਖਾਸ ਕਰਕੇ ਸਾਡੇ ਬੱਚਿਆਂ ਤੇ ਨੌਜਵਾਨਾਂ ਨੂੰ ਪੜ੍ਹਨ ਦੀ ਚੇਟਕ ਲੱਗ ਸਕੇ। ਉਨ੍ਹਾਂ ਦੱਸਿਆ ਕਿ ਇਹ ਲਾਇਬ੍ਰੇਰੀਆਂ ਛੋਟੇ ਬਕਸਿਆਂ ਦੇ ਰੂਪ 'ਚ ਹਨ, ਜਿਨ੍ਹਾਂ ਵਿੱਚ ਕਿਤਾਬਾਂ ਰੱਖੀਆਂ ਜਾਣਗੀਆਂ ਅਤੇ ਇਨ੍ਹਾਂ ਨੂੰ ਪਿੰਡਾਂ ਵਿੱਚ ਕਿਸੇ ਸਾਂਝੀ ਥਾਂ 'ਤੇ ਰੱਖਿਆ ਜਾ ਸਕੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਲੋਕਾਂ 'ਚ ਕਿਤਾਬਾਂ ਤੇ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਲਾਇਬ੍ਰੇਰੀਆਂ ਪਿੰਡਾਂ 'ਚ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਛੋਟੀਆਂ ਲਾਇਬ੍ਰੇਰੀਆਂ ਪੰਚਾਇਤ ਘਰਾਂ, ਸਕੂਲਾਂ ਜਾਂ ਹੋਰ ਸਾਂਝੀਆਂ ਥਾਵਾਂ 'ਤੇ  ਰੱਖੀਆ ਜਾ ਸਕਣਗੀਆਂ ਤਾਂ ਕਿ ਲੋਕ ਪੁਸਤਕਾਂ ਰਾਹੀਂ ਗਿਆਨ ਦਾ ਲਾਭ ਲੈ ਸਕਣ।
ਇਸ ਮੌਕੇ ਬਲਾਕ ਸੰਮਤੀਆਂ ਦੇ ਚੇਅਰਮੈਨ ਅਸ਼ਵਨੀ ਬੱਤਾ ਸਨੌਰ, ਤਰਸੇਮ ਸਿੰਘ ਝੰਡੀ ਪਟਿਆਲਾ, ਸਰਬਜੀਤ ਸਿੰਘ ਰਾਜਪੁਰਾ, ਅਰਚਨਾ ਰਾਣੀ ਸ਼ੰਭੂ ਕਲਾਂ, ਸੋਨੀ ਸਿੰਘ ਸਮਾਣਾ, ਕਿਰਨਾ ਰਾਣੀ ਪਾਤੜਾਂ, ਸਹਾਇਕ ਕਮਿਸ਼ਨਰ (ਆਈ.ਏ.ਐਸ. ਯੂ.ਟੀ.) ਡਾ. ਨਿਰਮਲ ਓਸੀਪਚਨ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਰੂਪ ਸਿੰਘ, ਬੀਡੀਪੀਓਜ ਗੁਰਿੰਦਰ ਸਿੰਘ ਤੁੰਗ ਤੇ ਕ੍ਰਿਸ਼ਨ ਸਿੰਘ ਵੀ ਮੌਜੂਦ ਸਨ।
ਫੋਟੋ ਕੈਪਸ਼ਨ-ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਚੇਅਰਪਰਸਨ ਸ੍ਰੀਮਤੀ ਰਾਜ ਕੌਰ ਗਿੱਲ ਅਤੇ ਏ.ਡੀ.ਸੀ. (ਵਿਕਾਸ) ਡਾ. ਪ੍ਰੀਤੀ ਯਾਦਵ ਜ਼ਿਲ੍ਹੇ ਦੀਆਂ ਬਲਾਕ ਸੰਮਤੀਆਂ ਨੂੰ ਲਾਇਬ੍ਰੇਰੀਆਂ ਸੌਂਪਦੇ ਹੋਏ।