ਪਟਿਆਲਾ ਘਰਾਣੇ ਦੀ ਗਾਇਕੀ ਰੰਗੀਲੀ, ਰਸੀਲੀ, ਨਜ਼ਾਕਤ ਭਰਪੂਰ, ਦਿੱਲ ਖਿਚਵੀਂ ਤਾਸੀਰ ਤੇ ਨਿਵੇਕਲੇ ਗੁਣਾਂ ਕਰਕੇ ਸਰਵ-ਸ੍ਰੇਸ਼ਟ ਗਾਇਕੀ ਵਜੋਂ ਪ੍ਰਸਿੱਧ-ਡਾ. ਕਪਿਲਾ


ਪਟਿਆਲਾ, 7 ਨਵੰਬਰ:
ਪਟਿਆਲਾ ਦੀ ਉੱਘੀ ਸੰਗੀਤਾਚਾਰੀਆ ਅਤੇ ਸਰਕਾਰੀ ਕਾਲਜ ਲੜਕੀਆਂ ਦੀ ਸਾਬਕਾ ਪ੍ਰਿੰਸੀਪਲ ਡਾ. ਸੁਰਿੰਦਰ ਕਪਿਲਾ ਨੇ ਸਰਬ-ਅਕਾਲ ਸੰਗੀਤ ਚੇਤਨਾ ਮੰਚ ਵੱਲੋਂ 'ਪਟਿਆਲਾ ਘਰਾਣੇ ਦਾ ਸੰਗੀਤ ਨੂੰ ਯੋਗਦਾਨ' ਵਿਸ਼ੇ 'ਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਨਿਵੇਦਿਤਾ ਸਿੰਘ ਦੀ ਅਗਵਾਈ 'ਚ ਕਰਵਾਏ ਵੈਬੀਨਾਰ 'ਚ ਇਕ ਖੋਜ ਭਰਪੂਰ ਪਰਚਾ ਪੇਸ਼ ਕੀਤਾ। ਡਾ. ਕਪਿਲਾ ਨੇ ਇਸ ਦੌਰਾਨ ਪਟਿਆਲਾ ਘਰਾਣੇ ਵੱਲੋਂ ਭਾਰਤੀ ਸੰਗੀਤ ਵਿੱਚ ਪਾਏ ਗਏ ਵਿਸ਼ੇਸ਼ ਯੋਗਦਾਨ ਸਬੰਧੀ ਬਾਰੀਕੀ ਨਾਲ ਜਾਣਕਾਰੀ ਦਿੱਤੀ। ਵੈਬੀਨਾਰ 'ਚ ਉਘੇ ਲਿਖਾਰੀ ਬਲਬੀਰ ਸਿੰਘ ਕੰਵਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਸਨ। ਡਾ. ਸੁਰਿੰਦਰ ਕਪਿਲਾ ਨੇ ਆਪਣੇ ਪਰਚੇ 'ਚ ਪਟਿਆਲਾ ਸੰਗੀਤ ਘਰਾਣੇ ਦੇ ਸੰਸਥਾਪਕ ਤੇ ਮਹਾਰਾਜਾ ਮਹਿੰਦਰ ਸਿੰਘ ਦੇ ਦਰਬਾਰੀ ਗਾਇਕ ਉਸਤਾਦ ਜੱਸੇ ਖਾਂ ਤੋਂ ਲੈਕੇ ਉਸਤਾਦ ਬੜੇ ਗੁਲਾਮ ਅਲੀ ਖਾਂ ਸਾਹਿਬ ਤੱਕ ਦੇ ਪਟਿਆਲਾ ਘਰਾਣੇ ਦੇ ਸੰਗੀਤ ਇਤਿਹਾਸ 'ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਡਾ. ਕਪਿਲਾ ਨੇ ਦੱਸਿਆ ਕਿ ਇਸ ਘਰਾਣੇ ਦੀ ਗਾਇਕੀ ਰੰਗੀਲੀ, ਰਸੀਲੀ ਅਤੇ ਨਜ਼ਾਕਤ ਭਰਪੂਰ, ਦਿੱਲ ਖਿਚਵੀਂ ਤਾਸੀਰ ਅਤੇ ਆਪਣੇ ਨਿਵੇਕਲੇ ਗੁਣਾਂ ਕਰਕੇ ਸਰਵ-ਸ੍ਰੇਸ਼ਟ ਗਾਇਕੀ ਵਜੋਂ ਜਾਣੀ ਜਾਂਦੀ ਹੈ ਤੇ ਆਪਣੀ ਇਸੇ ਵਿਲੱਖਣਤਾ ਕਰਕੇ ਹੀ ਪਟਿਆਲਾ ਘਰਾਣੇ ਦੀ ਸ਼ੈਲੀ ਸੰਸਾਰ ਵਿੱਚ ਬੁਲੰਦੀਆਂ 'ਤੇ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਘਰਾਣੇ ਦੇ ਕਲਾਕਾਰ ਇਸ ਘਰਾਣੇ ਦੀਆਂ ਵਿਸ਼ੇਸ਼ ਸ਼ੈਲੀਆਂ, ਖਿਆਲ, ਠੁਮਰੀ, ਟੱਪਾ, ਗਜ਼ਲ, ਕਵਾਲੀ, ਸੂਫ਼ੀ ਆਦਿ ਸ਼ੈਲੀਆਂ ਹਿੰਦੀ, ਪੰਜਾਬੀ, ਸਿੰਧੀ, ਪੂਰਬੀ ਅਤੇ ਕਸ਼ਮੀਰੀ ਭਾਸ਼ਾਵਾਂ ਵਿੱਚ ਵੀ ਗਾਉਣ ਦੀ ਸਮਰੱਥਾ ਰੱਖਦੇ ਹਨ। ਪਟਿਆਲਾ ਘਰਾਣੇ ਦੇ ਕਲਾਕਾਰਾਂ ਨੇ ਹੋਰਨਾਂ ਘਰਾਣੇ ਦੇ ਕਲਾਕਾਰਾਂ ਪਾਸੋਂ ਵੀ ਸੰਗੀਤਕ ਗਿਆਨ ਹਾਸਲ ਕੀਤਾ ਅਤੇ ਹੋਰਨਾਂ ਘਰਾਣੇ ਦੇ ਕਲਾਕਾਰਾਂ ਨੂੰ ਤਾਲੀਮ ਦੇਣ 'ਚ ਵੀ ਹਮੇਸ਼ਾ ਖੁਲ੍ਹਦਿਲੀ ਦਿਖਾਈ। ਡਾ. ਸੁਰਿੰਦਰ ਕਪਿਲਾ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦਿਆ ਅੰਤ 'ਚ ਮੌਜੂਦਾ ਹਾਲਾਤਾਂ 'ਤੇ ਚਰਚਾ ਕਰਦਿਆ ਚਿੰਤਾ ਪ੍ਰਗਟਾਈ ਕਿ ਘਰਾਣਿਆਂ ਦੀ ਚੱਲੀ ਆ ਰਹੀ ਗਾਇਕੀ 'ਚ ਗੰਢਾਬੱਧ ਸ਼ਾਗਿਰਦੀ ਦੀ ਪ੍ਰੰਪਰਾ ਹੁਣ ਬਹੁਤ ਘੱਟ ਗਈ ਹੈ ਜਿਸ ਨਾਲ ਸ਼ਾਸਤਰੀ ਸੰਗੀਤ ਪੱਖੋਂ ਸਰੋਤੇ ਅਤੇ ਸ਼ੈਲੀ ਦੋਵੇਂ ਘੱਟ ਰਹੇ ਹਨ। ਵੈਬੀਨਾਰ ਸੰਚਾਲਕ ਡਾ. ਨਿਵੇਦਿਤਾ ਸਿੰਘ ਨੇ ਦੱਸਿਆ ਕਿ ਸਰਬ ਅਕਾਲ ਚੇਤਨਾ ਮੰਚ ਵੱਲੋਂ 1 ਤੋਂ 7 ਨਵੰਬਰ ਤੱਕ ਸੰਗੀਤ ਚਿੰਤਨ ਤਹਿਤ ਸੰਗੀਤ ਜਗਤ ਦੀਆਂ ਨਾਮਵਰ ਮਹਿਲਾ ਸਕਾਲਰਾਂ ਦੇ ਲੈਕਚਰ ਕਰਵਾਏ ਗਏ ਹਨ। ਇਨ੍ਹਾਂ 'ਚ ਡਾ. ਸੁਰਿੰਦਰ ਕਪਿਲਾ ਸਮੇਤ ਡਾ. ਅਨੂਪਮ ਮਹਾਜਨ, ਡਾ. ਡੇਜੀ ਵਾਲੀਆ, ਡਾ. ਦਵਿੰਦਰ ਕੌਰ, ਡਾ. ਨੀਰਜਾ ਗਰੋਵਰ ਅਤੇ ਡਾ. ਨੀਲਮ ਪੌਲ ਵੱਲੋਂ ਆਪਣੇ ਸੰਗੀਤਕ ਜੀਵਨ ਦੇ ਤਜਰਬੇ ਸਾਂਝੇ ਕੀਤੇ ਜੋ ਸੰਗੀਤ ਦੀ ਤਾਲੀਮ ਹਾਸਲ ਕਰਨ ਵਾਲਿਆਂ ਲਈ ਇਕ ਚਾਨਣ ਮੁਨਾਰੇ ਦਾ ਕੰਮ ਕਰਨਗੇ।
ਕੈਪਸ਼ਨ: 'ਪਟਿਆਲਾ ਘਰਾਣੇ ਦਾ ਸੰਗੀਤ ਨੂੰ ਯੋਗਦਾਨ' ਵਿਸ਼ੇ 'ਤੇ ਪਰਚਾ ਪੜ੍ਹਦੇ ਹੋਏ ਡਾ. ਸੁਰਿੰਦਰ ਕਪਿਲਾ