ਗੜ੍ਹਸ਼ੰਕਰ, 13 ਜੁਲਾਈ : ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦੇ ਪਿੰਡ ਨੰਗਲਾ ਅਤੇ ਰਾਮਪੁਰ ਦਾ ਦੌਰਾ ਕਰਕੇ ਮੀਂਹ ਅਤੇ ਪਾਣੀ ਭਰਨ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਸਥਾਨਕ ਲੋਕਾਂ 'ਚ ਸਰਕਾਰ ਦੀ ਨਾਕਾਮੀ ਨੂੰ ਲੈ ਕੇ ਭਾਰੀ ਰੋਸ ਪਾਇਆ ਗਿਆ, ਜੋ ਸਮੇਂ ਸਿਰ ਸਥਿਤੀ 'ਤੇ ਕਾਬੂ ਪਾਉਣ 'ਚ ਅਸਫਲ ਰਹੀ |ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਤੋਂ ਆਉਂਦੀ ਕੰਢੀ ਕੈਨਾਲ ਕਾਰਨ ਇਲਾਕੇ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਰੋਸ ਜ਼ਾਹਰ ਕੀਤਾ ਕਿ ਸਥਿਤੀ ਦੇ ਖਦਸ਼ੇ ਦੇ ਬਾਵਜੂਦ ਸਰਕਾਰ ਸਮੇਂ ਸਿਰ ਲੋੜੀਂਦੇ ਪ੍ਰਬੰਧ ਕਰਨ ਵਿੱਚ ਅਸਫਲ ਰਹੀ ਹੈ। ਉਹ ਇਸ ਮੁੱਦੇ ਨੂੰ ਆਉਣ ਵਾਲੇ ਸੈਸ਼ਨ ਵਿੱਚ ਵੀ ਉਠਾਉਣਗੇ, ਤਾਂ ਜੋ ਬਰਸਾਤ ਕਾਰਨ ਹਿਮਾਚਲ ਪ੍ਰਦੇਸ਼ ਤੋਂ ਆਏ ਪਾਣੀ ਕਾਰਨ ਹੋਏ ਨੁਕਸਾਨ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾ ਸਕੇ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਲੋਕ ਸਭਾ ਹਲਕੇ ਵਿੱਚ ਸਭ ਤੋਂ ਵੱਧ ਨੁਕਸਾਨ ਸਮੇਂ ਸਿਰ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਹੋਇਆ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਸੂਬਾ ਕਾਂਗਰਸ ਸਕੱਤਰ ਪੰਕਜ ਕ੍ਰਿਪਾਲ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ ਮੋਹਨ ਸਿੰਘ, ਪਵਨ ਕੁਮਾਰ, ਯੂਥ ਕਾਂਗਰਸ ਗੜ੍ਹਸ਼ੰਕਰ ਦੇ ਪ੍ਰਧਾਨ ਮਨਦੀਪ ਸਿੰਘ, ਹਰਮੇਸ਼ ਸਿੰਘ ਸਰਪੰਚ, ਬਲਵੀਰ ਸਿੰਘ ਪੰਚ, ਸੁਖਦੇਵ ਸਿੰਘ ਪ੍ਰਧਾਨ, ਰਾਜਿੰਦਰ ਸਿੰਘ (ਬਬਲੀ), ਦਲਜੀਤ ਸਿੰਘ, ਅਮਰੀਕ ਸਿੰਘ, ਨਿਰੰਜਨ ਸਿੰਘ, ਕਰਨੈਲ ਸਿੰਘ, ਸਰਪੰਚ ਰਜਿੰਦਰ ਸਿੰਘ, ਸਰਪੰਚ ਮਹਿੰਦਰ ਸਿੰਘ, ਰਾਜ ਕੁਮਾਰ ਰਾਜੂ ਆਦਿ ਹਾਜ਼ਰ ਸਨ |