ਖੇਡਾਂ ਦੇ ਖੇਤਰ ਵਿਚ ਪੰਜਾਬ ਦੀਆਂ ਧੀਆਂ ਕਰ ਰਹੀਆਂ ਹਨ ਸੂਬੇ ਦਾ ਨਾਂਅ ਰੋਸ਼ਨ : ਬ੍ਰਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਨੇ ਰਾਸ਼ਟਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਣ ਵਾਲੀ
ਰੋਸ਼ਨੀ ਮਰਵਾਹਾ ਨੂੰ ਕੀਤਾ ਸਨਮਾਨਿਤ
ਹੁਸ਼ਿਆਰਪੁਰ, 21 ਜੁਲਾਈ :ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ
ਦੀਆਂ ਧੀਆਂ ਜਿਥੇ ਸਿੱਖਿਆ ਦੇ ਖੇਤਰ
ਵਿਚ ਵੱਡੀਆਂ ਮੱਲ੍ਹਾਂ ਮਾਰ ਰਹੀਆਂ ਹਨ, ਉਥੇ ਹੀ ਖੇਡਾਂ ਦੇ ਖੇਤਰ ਵਿਚ ਵੀ ਸੂਬੇ ਦਾ
ਨਾਂਅ ਰੋਸ਼ਨ ਕਰ ਰਹੀਆਂ ਹਨ। ਸੀਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ 2023 ਵਿਚ
ਸੋਨ ਤਗਮਾ ਜਿੱਤਣ ਵਾਲੀ ਹੁਸ਼ਿਆਰਪੁਰ ਦੀ ਰੋਸ਼ਨੀ ਮਰਵਾਹਾ ਦਾ ਸਨਮਾਨ ਕਰਦਿਆਂ ਕੈਬਨਿਟ
ਮੰਤਰੀ ਨੇ ਕਿਹਾ ਕਿ ਇਸ ਬੱਚੀ ਨੇ ਪੰਜਾਬ ਕਿੱਕ ਬਾਕਸਿੰਗ ਐਸੋਸੀਏਸ਼ਨ ਵੱਲੋਂ ਲਵਲੀ
ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਕਰਵਾਈ ਇਸ ਰਾਸ਼ਟਰੀ ਚੈਂਪੀਅਨਸ਼ਿਪ ਵਿਚ 45 ਕਿਲੋ
ਕਿੱਕਲਾਈਟ ਭਾਰ ਵਰਗ ਵਿਚ ਸੋਨ ਤਗਮਾ ਜਿੱਤੇ ਕੇ ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਂਅ
ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੀਆਂ ਹੋਣਹਾਰ ਬੱਚੀਆਂ 'ਤੇ ਬੇਹੱਦ ਮਾਣ
ਹੈ। ਉਨ੍ਹਾਂ ਰੋਸ਼ਨੀ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ
ਪੂੁਰੀ ਉਮੀਦ ਹੈ ਕਿ ਉਹ ਅੰਤਰਰਾਸ਼ਟਰੀ ਪੱਧਰ 'ਤੇ ਵੀ ਮੱਲ੍ਹਾਂ ਮਾਰੇਗੀ। ਉਨ੍ਹਾਂ ਕਿਹਾ
ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ
ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ
ਇਸੇ ਤਹਿਤ ਉੱਭਰਦੇ ਖਿਡਾਰੀਆਂ ਨੂੰ ਸਾਰੀਆਂ ਲੋੜੀਂਦੀਆਂ ਸੁਵਿਧਾਵਾਂ ਅਤੇ ਮੌਕੇ
ਪ੍ਰਦਾਨ ਕੀਤੇ ਜਾ ਰਹੇ ਹਨ, ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ
ਮੱਲ੍ਹਾਂ ਮਾਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਖੇਡ
ਸੱਭਿਆਚਾਰ ਪੈਦਾ ਕਰਨ ਲਈ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਸੂਬੇ ਵਿਚ ਖੇਡ ਮੁਕਾਬਲੇ
ਕਰਵਾਏ ਗਏ ਹਨ, ਜਿਨ੍ਹਾਂ ਦੀ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਹੈ। ਇਸ ਮੌਕੇ
ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।