ਡਾ. ਬਲਬੀਰ ਸਿੰਘ ਵੱਲੋਂ ਭਾਰੀ ਮੀਂਹ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ

ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤਹਿਤ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣ
ਦਿੱਤਾ ਜਾਵੇਗਾ, ਪ੍ਰਸ਼ਾਸਨ ਤੇ ਉਹ ਖ਼ੁਦ ਲੋਕਾਂ ਦੀ ਸੇਵਾ 'ਚ ਹਾਜ਼ਰ
ਪਟਿਆਲਾ, 9 ਜੁਲਾਈ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ
ਅੱਜ ਭਾਰੀ ਮੀਂਹ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਆਪਣੇ ਬਾਕੀ ਦੇ ਸਾਰੇ
ਰੁਝੇਵੇਂ ਰੱਦ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੂੰ ਨਾਲ ਲੈਕੇ ਮੌਕੇ ਦਾ ਨਿਰੀਖਣ
ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਹੁਕਮਾਂ ਦੇ ਮੱਦੇਨਜ਼ਰ ਡਾ. ਬਲਬੀਰ ਸਿੰਘ ਨੇ
ਪਟਿਆਲਾ ਦਿਹਾਤੀ ਹਲਕੇ ਦੀਆਂ ਵੱਖ-ਵੱਖ ਕਲੋਨੀਆਂ, ਜਿੱਥੇ ਕਿ ਅਕਸਰ ਮੀਂਹ ਕਾਰਨ ਨੀਵੇਂ
ਇਲਾਕਿਆਂ ਵਿੱਚ ਪਾਣੀ ਭਰ ਜਾਂਦਾ ਹੈ, ਦਾ ਦੌਰਾ ਕਰਨ ਸਮੇਤ ਵੱਡੀ ਤੇ ਛੋਟੀ ਨਦੀ ਦਾ ਵੀ
ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸ਼ਨਰ
(ਸ਼ਹਿਰੀ ਵਿਕਾਸ) ਗੁਰਪ੍ਰੀਤ ਸਿੰਘ ਥਿੰਦ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਜੀਵਨਜੋਤ
ਕੌਰ ਤੇ ਨਮਨ ਮਾਰਕੰਨ, ਨਿਗਰਾਨ ਇੰਜੀਨੀਅਰ ਸ਼ਾਮ ਲਾਲ, ਪੀ.ਡੀ.ਏ ਤੇ ਸਿਵਲ ਪ੍ਰਸ਼ਾਸਨ ਦੇ
ਹੋਰ ਅਧਿਕਾਰੀ ਵੀ ਮੌਜੂਦ ਸਨ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੱਡੀ ਨਦੀ ਤੇ ਛੋਟੀ ਨਦੀ ਦੇ ਬੰਧੇ ਦੇ ਨਾਲ ਲੱਗਦੇ
ਇਲਾਕਿਆਂ ਸਮੇਤ ਤ੍ਰਿਪੜੀ ਇਲਾਕਾ, ਫੂਲਕੀਆਂ ਇਨਕਲੇਵ ਦਾ ਗੇਟ, ਪੁਲਿਸ ਲਾਈਨ, ਜੁਝਾਰ
ਨਗਰ, ਬਿਸ਼ਨ ਨਗਰ, ਮਨਜੀਤ ਨਗਰ, ਭਾਦਸੋਂ ਰੋਡ, ਤਫੱਜਲਪੁਰਾ ਅਤੇ ਹੋਰ ਕਲੋਨੀਆਂ ਦਾ
ਦੌਰਾ ਕਰਕੇ ਸਥਾਨਕ ਵਸਨੀਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਦਾ ਗੰਭੀਰਤਾ ਨਾਲ
ਜਾਇਜ਼ਾ ਲਿਆ।
ਡਾ. ਬਲਬੀਰ ਸਿੰਘ ਵੱਲੋਂ ਮੌਕੇ 'ਤੇ ਦਿੱਤੀਆਂ ਗਈਆਂ ਹਦਾਇਤਾਂ ਮੁਤਾਬਕ ਨਗਰ ਨਿਗਮ ਤੇ
ਪ੍ਰਸ਼ਾਸਨ ਦੀਆਂ ਟੀਮਾਂ ਨੇ ਜੇ.ਸੀ.ਬੀ ਮਸ਼ੀਨਾਂ ਨਾਲ ਪਾਣੀ ਦੇ ਵਹਾਅ ਵਿੱਚ ਪੈਦਾ ਹੋਈਆਂ
ਰੁਕਾਵਟਾਂ ਦੂਰ ਕਰਵਾਈਆਂ ਅਤੇ ਪੰਪਿੰਗ ਮਸ਼ੀਨਾਂ ਲਗਾਕੇ ਨੀਵੇਂ ਥਾਵਾਂ ਵਿੱਚੋਂ ਪਾਣੀ
ਦੀ ਨਿਕਾਸੀ ਕਰਵਾਈ, ਜਿਸ 'ਤੇ ਲੋਕਾਂ ਨੇ ਕਾਫ਼ੀ ਰਾਹਤ ਮਹਿਸੂਸ ਕੀਤੀ।
ਸਥਾਨਕ ਵਸਨੀਕਾਂ ਨੂੰ ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ
ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਉਹ ਖ਼ੁਦ ਹਰ ਵੇਲੇ ਚੌਕਸ ਅਤੇ ਲੋਕਾਂ ਦੀ ਸੇਵਾ
ਵਿੱਚ ਹਾਜ਼ਰ ਹਨ, ਜਿਸ ਕਰਕੇ ਆਮ ਲੋਕਾਂ ਦੀ ਜਾਨ-ਮਾਨ ਦੀ ਰਾਖੀ ਕੀਤੀ ਜਾਵੇਗੀ ਅਤੇ
ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।
ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਹਟ ਵਿੱਚ ਨਾ ਆਉਣ ਅਤੇ ਨਾ ਹੀ
ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਪਰੰਤੂ ਲੋੜ ਪੈਣ 'ਤੇ ਜ਼ਿਲ੍ਹਾ
ਪ੍ਰਸ਼ਾਸਨ ਦੇ ਫਲੱਡ ਕੰਟਰੋਲ ਰੂਮ ਨੰਬਰ 0175-2350550 'ਤੇ ਹੀ ਸੰਪਰਕ ਕਰਕੇ ਪਾਣੀ
ਆਉਣ ਦੀ ਪੁਸ਼ਟੀ ਕਰਨ।