ਨਵਾਂਸ਼ਹਿਰ 27 ਜੁਲਾਈ :- ਪੰਜਾਬ ਦੀ ਮਾਨ ਸਰਕਾਰ ਵੱਲੋਂ ਮਾਂ ਬੋਲੀ ਪੰਜਾਬੀ ਦਾ ਵਿਸ਼ਾ ਹਰ ਸਕੂਲ ਵਿੱਚ ਪੜਾਉਣਾ ਲਾਜ਼ਮੀ ਕੀਤੇ ਜਾਣ ਵਾਲਾ ਫੈਸਲਾ ਮਾਂ ਬੋਲੀ ਪੰਜਾਬੀ ਲਈ ਬਹੁਤ ਅਗਾਂਹਵਧੂ ਅਤੇ ਰਾਹਤ ਦੇਣ ਵਾਲਾ ਫੈਸਲਾ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਨਗਰ ਸੁਧਾਰ ਟਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਫੈਸਲੇ ਨਾਲ ਜਿਥੇ ਸਾਡੀ ਮਾਂ ਬੋਲੀ ਪੰਜਾਬੀ ਨੂੰ ਹੋਰ ਪ੍ਰਾਥਮਿਕਤਾ ਮਿਲੇਗੀ ਉਥੇ ਆਉਣ ਵਾਲੀ ਪੀੜ੍ਹੀ ਲਈ ਵੀ ਮਾਂ ਬੋਲੀ ਪੰਜਾਬੀ ਪ੍ਰਤੀ ਮੋਹ ਪਿਆਰ ਤੇ ਸਤਿਕਾਰ ਹੋਰ ਵਧੇਗਾ, ਜਲਵਾਹਾ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਨਾ ਪੜਾਉਣ ਵਾਲੇ ਸਕੂਲਾਂ ਪ੍ਰਤੀ ਸਖ਼ਤੀ ਕਰਦਿਆਂ ਮੋਹਾਲੀ ਦੇ ਅਮੇਟੀ ਪਬਲਿਕ ਸਕੂਲ ਨੂੰ ਪੰਜਾਬੀ ਵਿਸ਼ਾ ਨਾ ਪੜਾਉਣ ਕਰਕੇ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ ਅਤੇ ਅਗਰ ਸਕੂਲ ਵੱਲੋਂ ਇਹ ਗ਼ਲਤੀ ਦੁਆਰਾ ਕੀਤੀ ਗਈ ਤਾਂ ਮਾਨ ਸਰਕਾਰ ਨੇ ਸਕੂਲ ਮੈਨੇਜ਼ਮੈਂਟ ਨੂੰ ਮਾਨਤਾ ਰੱਦ ਕਰ ਦੀ ਚੇਤਾਵਨੀ ਦਿੱਤੀ ਹੈ, ਚੇਅਰਮੈਨ ਜਲਵਾਹਾ ਨੇ ਕਿਹਾ ਕਿ ਜਿਥੇ ਇਸ ਫੈਸਲੇ ਨਾਲ ਪੂਰੇ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਵਿੱਚ ਮਾਂ ਬੋਲੀ ਪੰਜਾਬੀ ਪ੍ਰਤੀ ਪਹਿਲਕਦਮੀ ਅਤੇ ਪੰਜਾਬੀ ਵਿਸ਼ਾ ਪੜਾਉਣ ਵਿੱਚ ਰੁਚੀ ਵਧੀ ਹੈ ਉਥੇ ਹੀ ਹੁਣ ਪੰਜਾਬ ਦੇ ਕਿਸੇ ਵੀ ਸਕੂਲ ਵਿੱਚ ਅਗਰ ਪੰਜਾਬੀ ਵਿਸ਼ਾ ਨਹੀਂ ਪੜਾਇਆ ਜਾਂਦਾ ਤਾਂ ਮਾਪੇ ਜ਼ਰੂਰ ਉਸ ਸਕੂਲ ਬਾਰੇ ਪਹਿਲਾਂ ਲੋਕਲ ਲੀਡਰਾਂ ਦੇ ਧਿਆਨ ਵਿੱਚ ਇਹ ਗੱਲ ਪ੍ਰਮੁੱਖਤਾ ਨਾਲ ਲਿਆਉਣ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਤੋਂ ਵਾਝਾਂ ਨਾ ਰੱਖਿਆ ਜਾਵੇ, ਅਤੇ ਮਾਂ ਬੋਲੀ ਪੰਜਾਬੀ ਦਾ ਵਿਸ਼ਾ ਨਾ ਪੜਾਉਣ ਵਾਲੇ ਸਕੂਲਾਂ ਨੂੰ ਨੱਥ ਪਾਈ ਜਾ ਸਕੇ, ਜਲਵਾਹਾ ਨੇ ਕਿਹਾ ਕਿ ਪੰਜਾਬ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਨੂੰ ਹੀ ਅਗਰ ਮਾਂ ਬੋਲੀ ਪੰਜਾਬੀ ਨਹੀਂ ਪੜਾਈ ਜਾਵੇਗੀ ਤਾਂ ਆਉਣ ਵਾਲੇ ਕੁਝ ਸਾਲਾਂ ਬਾਅਦ ਸਾਡੀ ਮਾਂ ਬੋਲੀ ਨੂੰ ਵੱਡੀ ਢਾਹ ਲੱਗੇਗੀ। ਮਾਨ ਸਰਕਾਰ ਵੱਲੋਂ ਮਾਂ ਬੋਲੀ ਪੰਜਾਬੀ ਪ੍ਰਤੀ ਲਿਆ ਗਿਆ ਸੁਹਿਰਦ ਫੈਸਲਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਸ ਫੈਸਲੇ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਮਾਂ ਬੋਲੀ ਪੰਜਾਬੀ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੋਵੇਗੀ ਅਤੇ ਸਾਡੀ ਬੋਲੀ ਹੋਰ ਪ੍ਰਫੁੱਲਤ ਹੋਵੇਗੀ। ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਪੰਜਾਬ ਵਿੱਚ ਪੈਦਾ ਹੋਣ ਵਾਲੇ ਹਰ ਇਕ ਵਿਅਕਤੀ ਦੀਆਂ ਤਿੰਨ ਮਾਂਵਾਂ ਹਨ, ਪਹਿਲਾਂ ਮਾਂ ਜਨਮ ਦੇਣ ਵਾਲੀ ਦੂਜੀ ਮਾਂ ਧਰਤੀ ਮਾਤਾ ਤੇ ਤੀਜੀ ਮਾਂ ਬੋਲੀ ਪੰਜਾਬੀ ਭਾਸ਼ਾ ਹੈ। ਜਿਸ ਮਾਂ ਬੋਲੀ ਪੰਜਾਬੀ ਨਾਲ ਅਸੀਂ ਆਪਣੇ ਮਨ ਦੇ ਵਲਵਲੇ ਹਰ ਇਕ ਵਿਅਕਤੀ ਨਾਲ ਸਾਂਝੇ ਕਰਦੇ ਹਾਂ ਅਤੇ ਆਪਣੇ ਮਨ ਦੀ ਹਰ ਗੱਲ ਇੱਕ ਦੂਜੇ ਨਾਲ ਸਾਂਝੀ ਕਰਦੇ ਹਾਂ। ਮੈਨੂੰ ਆਪਣੀ ਬੋਲੀ ਤੇ ਪੰਜਾਬੀ ਹੋਣ ਉਤੇ ਮਾਣ ਹੈ।