ਹੁੰਦਲ ਦਾ ਵਿਛੋੜਾ ਸਾਹਿਤ ਜਗਤ ਲਈ ਵੱਡਾ ਘਾਟਾ - ਪ੍ਰਗਤੀਸ਼ੀਲ ਲੇਖਕ ਸੰਘ

ਹੁਸ਼ਿਆਰਪੁਰ, 14 ਜੁਲਾਈ: ਲੋਕ ਚੇਤਨਾ ਨਾਲ ਜੁੜੇ ਲੇਖਕ ਹਰਭਜਨ ਸਿੰਘ ਹੁੰਦਲ ਦਾ ਵਿਛੋੜਾ ਜਿਥੇ ਸਾਹਿਤਕ ਹਲਕਿਆਂ ਵਿਚ ਬੜੀ ਗੰਭੀਰਤਾ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ, ਉਥੇ ਸਮਾਜ ਦੇ ਆਮ ਲੋਕਾਂ ਵਲੋਂ ਇਕ ਸਮਾਜਿਕ ਕਾਰਕੁੰਨ ਜੋ ਸਮਾਜਿਕ ਤਬਦੀਲੀ ਲਈ ਯਤਨਸ਼ੀਲ ਸਨ, ਦੇ ਸਮਾਜਿਕ ਦ੍ਰਿਸ਼ ਤੋਂ ਸਦਾ ਲਈ ਚਲੇ ਜਾਣ ਦੇ ਘਾਟੇ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ। ਪ੍ਰਗਤੀਸ਼ੀਲ ਲੇਖਕ ਸੰਘ ਹੁਸ਼ਿਆਰਪੁਰ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਹੁੰਦਲ ਦੇ ਤੁਰ ਜਾਣ 'ਤੇ ਦੁੱਖ ਪ੍ਰਗਟ ਕਰਦਿਆਂ ਉਸ ਦੇ ਸਾਹਿਤਕ ਅਤੇ ਸਮਾਜਿਕ ਕਰਮ ਨੂੰ ਯਾਦ ਕੀਤਾ ਅਤੇ ਉਸ ਦੇ ਵਿਅਕਤੀਗਤ ਸੰਘਰਸ਼ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਪ੍ਰੋ: ਬਲਦੇਵ ਸਿੰਘ ਬੱਲੀ ਅਤੇ ਜਨਰਲ ਸਕੱਤਰ ਨਵਜੋਤ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਲੇਖਕ ਹੁੰਦਲ ਨੂੰ ਇਕ ਵਿਅਕਤੀ ਸੰਸਥਾ ਵਜੋਂ ਸਦਾ ਹੀ ਯਾਦ ਕੀਤਾ ਜਾਂਦਾ ਰਹੇਗਾ।