ਪੰਜਾਬ ਨੂੰ ਦਰਪੇਸ਼ ਹੜ੍ਹਾਂ ਦੀ ਬਿਪਤਾ ਜਲਦੀ ਦੂਰ ਹੋਣ ਦੀ ਕੀਤੀ ਅਰਦਾਸ
ਸਮਾਣਾ/ਪਟਿਆਲਾ, 14 ਜੁਲਾਈ: ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਹਰਿਦੁਆਰ ਤੋਂ ਗੰਗਾ ਜਲ ਲੈਕੇ ਪੰਜਾਬ ਪੁੱਜੇ ਸਮਾਣਾ ਦੇ ਨੋਨਾ, ਵਿੱਕੀ ਅਤੇ ਹੋਰ ਸੰਗਤ ਦਾ ਸਮਾਣਾ ਪੁੱਜਣ 'ਤੇ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਭਗਤ ਬੇਸ਼ੱਕ ਪਿਛਲੇ ਦਿਨੀਂ ਭਾਰੀ ਬਾਰਸ਼ ਕਰਕੇ ਪਾਣੀ ਵਿੱਚ ਵੀ ਘਿਰ ਗਏ ਸਨ, ਪਰੰਤੂ ਇਨ੍ਹਾਂ ਨੇ ਪੂਰੀ ਸ਼ਰਧਾ ਅਤੇ ਹੌਂਸਲਾ ਦਿਖਾਇਆ ਹੈ ਅਤੇ ਇਹ ਸਾਡੇ ਸਾਰਿਆਂ ਦੇ ਸੁੱਖ ਤੇ ਸ਼ਾਂਤੀ ਲਈ ਹਰਿਦੁਆਰ ਤੋਂ ਕਾਂਵੜੀਆ ਦੇ ਰੂਪ ਵਿੱਚ ਗੰਗਾ ਜਲ ਲੈਕੇ ਆਉਣ 'ਤੇ ਉਹ ਪੰਜਾਬ ਪੁੱਜਣ 'ਤੇ ਹਾਰਦਿਕ ਸਵਾਗਤ ਕਰਦੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਵੀ ਅਰਦਾਸ ਕਰਦੇ ਹਨ ਕਿ ਪੰਜਾਬ ਨੂੰ ਦਰਪੇਸ਼ ਹੜ੍ਹਾਂ ਦੀ ਮੌਜੂਦਾ ਬਿਪਤਾ ਜਲਦੀ ਦੂਰ ਹੋਵੇ। ਉਨ੍ਹਾਂ ਕਿਹਾ ਕਿ ਸਮਾਣਾ ਦੀ ਬਹੁਤ ਸਾਰੀ ਸੰਗਤ ਕਾਂਵੜ ਦੇ ਰੂਪ ਵਿੱਚ ਸਮਾਜ ਦੀ ਭਲਾਈ ਤੇ ਸੁੱਖ ਸਾਂਤੀ ਲਈ ਹਰ ਸਾਲ ਗੰਗਾ ਜਲ ਲੈਕੇ ਇੱਥੇ ਪੁੱਜਦੇ ਹਨ, ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਹਰਮਿੰਦਰ ਸਿੰਘ ਮਿੰਟੂ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫ਼ੌਜੀ, ਅਮਰਦੀਪ ਸਿੰਘ ਸੋਨੂ ਥਿੰਦ, ਐੱਸ ਡੀ ਐਮ ਚਰਨਜੀਤ ਸਿੰਘ, ਬੀ ਡੀ ਪੀ ਓ ਸੁਖਵਿੰਦਰ ਸਿੰਘ ਟਿਵਾਣਾ ਤੇ ਅਜੈਬ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।