ਡਿਪਟੀ ਕਮਿਸ਼ਨਰਾਂ ਨੇ ਬੰਦ ਸਾਇਫਨ ਖੁਲ੍ਹਵਾਏ -ਪਿੰਡ ਕਾਠਗੜ੍ਹ, ਭੱਲਾ ਅਤੇ ਬੰਨਾਂ ਪਿੰਡਾਂ ਦਾ ਦੌਰਾ ਕੀਤਾ

ਨਵਾਂ ਸ਼ਹਿਰ 17 ਜੁਲਾਈ: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸੋਮਵਾਰ
ਨੂੰ ਪਿੰਡ ਕਾਠਗੜ੍ਹ, ਭੱਲਾ ਅਤੇ ਬਨਾਂ ਦਾ ਦੌਰਾ ਕੀਤਾ ਅਤੇ ਬੰਦ ਪਏ ਸਾਇਫਨਾ ਨੂੰ
ਖੁਲ੍ਹਵਾਉਣ ਸਬੰਧੀ ਨਿਰਦੇਸ਼ ਜਾਰੀ ਕੀਤੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ
ਵਿਚੋਂ ਨਿੱਕਲਣ ਵਾਲੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਲਈ ਬਣਾਏ ਸਾਇਫਨ ਰੇਤਾ ਅਤੇ
ਲੱਕੜੀਆਂ ਫਸ ਜਾਣ ਕਾਰਨ ਬੰਦ ਹੋ ਗਏ ਸਨ । ਇਸ ਦੇ ਬੰਦ ਹੋ ਜਾਣ ਦੇ ਕਾਰਨ ਬਰਸਾਤ ਦੇ
ਪਾਣੀ ਦੀ ਨਿਕਾਸੀ ਜੋ ਦਰਿਆ ਵਾਲੇ ਪਾਸੇ ਨੂੰ ਹੁੰਦੀ ਹੈ ਬੰਦ ਹੋ ਜਾਂਦੀ ਹੈ। ਉਨ੍ਹਾਂ
ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਸਮੇਂ
ਸਮੇਂ ਤੇ ਚੈੱਕ ਕਰਦੇ ਰਹਿਣ ਤਾਂ ਜੋ ਬਰਸਾਤ ਹੋਣ 'ਤੇ ਸਿੱਧਾ ਪਾਣੀ ਦਰਿਆ ਵੱਲ ਨੂੰ
ਨਿਕਲ ਜਾਵੇ। ਡਿਪਟੀ ਕਮਿਸ਼ਨਰਾਂ ਨੇ ਪਿੰਡ ਵਾਸੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਅਤੇ
ਪਾਣੀ ਦੀ ਨਿਕਾਸੀ ਦੇ ਲਈ ਪੱਕੇ ਤੌਰ 'ਤੇ ਕੰਮ ਕਰਨ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ
ਨਿਰਦੇਸ਼ ਵੀ ਦਿੱਤੇ। ਇਸ ਮੌਕੇ 'ਤੇ ਐਸ.ਡੀ.ਐਮ ਬਲਾਚੌਰ ਬਿਕਰਮਜੀਤ ਪੰਥੇ ਤੋਂ ਇਲਾਵਾ
ਹੋਰ ਵੀ ਅਧਿਕਾਰੀ ਮੌਜੂਦ ਸਨ।