ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਮਿਲਟ ਡੇਅ 2023 ਨੂੰ ਸਮਰਪਿਤ ਜਾਗਰੁਕਤਾ ਸਮਾਗਮ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਮਿਲਟ ਡੇਅ 2023 ਨੂੰ ਸਮਰਪਿਤ ਜਾਗਰੁਕਤਾ ਸਮਾਗਮ
ਬੰਗਾ 20 ਜੁਲਾਈ :-() ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੈਲਥੀ ਫੂਡ ਹੈਪੀ ਲਾਈਫ ਸੰਸਥਾ ਜਲੰਧਰ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਮਿਲਟ ਦਿਵਸ ਨੂੰ ਸਮਰਪਿਤ ਜਾਗਰੁਕਤਾ ਸਮਾਗਮ ਕਰਵਾਇਆ ਗਿਆ । ਸਮਾਗਮ ਦੇ ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਨੇ ਸੰਬੋਧਨ ਕਰਦੇ ਹੋਏ ਇਕੱਤਰ ਜਨ ਸਮੂਹ ਨੂੰ ਵਰਲਡ ਮਿਲਟ ਡੇਅ 2023 ਦੀਆਂ ਵਧਾਈਆਂ ਦਿੱਤੀਆਂ ਅਤੇ ਦੱਸਿਆ ਕਿ ਪੁਰਾਤਨ ਸਮੇਂ ਤੋ ਕੋਧਰਾ, ਕੁਟਕੀ, ਸਵਾਂਕ, ਕੰਗਣੀ, ਹਰੀ ਕੰਗਣੀ ਅਤੇ ਹੋਰ ਮਿਲਟਸ ਦੇਸ਼ ਦੇ ਲੋਕਾਂ ਦੀ ਰੋਜ਼ਾਨਾ ਦੀ ਖੁਰਾਕ ਦਾ ਅਨਿੱਖੜਵਾਂ ਅੰਗ ਰਹੇ ਸਨ। ਇਹ ਸੰਸਾਰ ਵਿਚ ਮਨੁੱਖਾਂ ਲਈ ਸਭ ਤੋਂ ਪੁਰਾਣੇ ਜਾਣੇ ਜਾਂਦੇ ਪੌਸ਼ਟਿਕ ਭੋਜਨਾਂ ਵਿੱਚੋਂ ਇੱਕ ਹਨ, ਜਿਹਨਾਂ ਦੇ ਖਾਣ ਨਾਲ ਅਨੇਕਾਂ  ਮਨੁੱਖੀ ਸਰੀਰਿਕ ਬਿਮਾਰੀਆਂ ਠੀਕ ਹੁੰਦੀਆਂ ਹਨ ।
ਇਸ ਮੌਕੇ ਮਿਲਟਸ (ਪੁਰਾਤਨ ਅਨਾਜਾਂ) ਦੇ ਵਿਸ਼ਾ ਮਾਹਿਰ ਡਾ. ਲਾਲ ਸਿੰਘ ਮੁਖੀ ਹੈਲਥੀ ਫੂਡ ਹੈਪੀ ਲਾਈਫ ਸੰਸਥਾ ਜਲੰਧਰ ਨੇ  ਕੋਧਰਾ, ਕੁਟਕੀ, ਸਵਾਂਕ, ਕੰਗਣੀ, ਹਰੀ ਕੰਗਣੀ ਅਤੇ ਹੋਰ ਅਨਾਜਾਂ ਦੀ ਮਹਾਨਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਹ ਅਨਾਜ ਸਾਡੇ ਸਰੀਰ ਦੀਆਂ ਅਨੇਕਾਂ ਬਿਮਾਰੀਆਂ ਤੋਂ ਦੂਰ ਕਰਦੇ ਹਨ,  ਘੱਟ ਪਾਣੀ ਨਾਲ ਪੈਦਾ ਹੁੰਦੇ ਹਨ ਅਤੇ ਵਾਤਾਵਰਣ ਨੂੰ ਬਚਾਉਣ ਵਿਚ ਵੀ ਸਹਾਇਕ ਹੁੰਦੇ ਹਨ । ਇਸ ਲਈ ਮਿਲਟਾਂ ਸਬੰਧੀ ਜਾਗਰੁਕਤਾ ਪੈਦਾ ਕਰਨ ਅਤੇ ਇਹਨਾਂ ਦੇ ਉਤਪਾਦਨ ਅਤੇ ਖਪਤ ਨੂੰ ਵਧਾਉਣ ਦੇ ਉਦੇਸ਼ ਨਾਲ, ਸੰਯੁਕਤ ਰਾਸ਼ਟਰ ਨੇ ਭਾਰਤ ਸਰਕਾਰ ਦੇ ਕਹਿਣ 'ਤੇ ਸਾਲ 2023 ਨੂੰ  ਅੰਤਰਰਾਸ਼ਟਰੀ ਮਿਲਟ ਯੀਅਰ -2023 (ਪੁਰਾਤਨ ਅਨਾਜ ਦਿਵਸ) ਐਲਾਨਿਆ ਹੈ।
            ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਭਾਰਤ ਸਰਕਾਰ ਵੱਲੋਂ ਕੋਧਰਾ, ਕੁਟਕੀ, ਸਵਾਂਕ, ਕੰਗਣੀ, ਹਰੀ ਕੰਗਣੀ ਅਤੇ ਹੋਰ ਪੁਰਾਤਨ ਪੌਸ਼ਟਿਕ ਮੋਟੇ ਅਨਾਜਾਂ ਪ੍ਰਤੀ ਜਾਗੁਰਕਤਾ ਪੈਦਾ ਕਰਨ ਦੀ ਮੁਹਿੰਮ ਆਰੰਭ ਕਰਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਇਹਨਾਂ ਪੌਸ਼ਟਿਕ ਭੋਜਨਾਂ ਦੇ ਖਾਣ ਨਾਲ ਲੋਕਾਂ ਦਾ ਬਿਮਾਰੀਆਂ ਤੋਂ ਬਚਾਅ ਹੋਵੇਗਾ । ਇਸੇ ਸੇਵਾ ਮਿਸ਼ਨ ਤਹਿਤ ਪਿਛਲੇ ਡੇਢ ਸਾਲ ਤੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਨੂੰ ਇਹ ਪੁਰਾਤਨ ਪੌਸ਼ਟਿਕ ਮਿਲਟ ਦੀ ਖਿੱਚੜੀ ਮੁਫਤ ਪ੍ਰਦਾਨ ਕੀਤੀ ਜਾ ਰਹੀ ਹੈ । ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੰਟਰਨੈਸ਼ਨਲ ਮਿਲਟ ਦਿਵਸ ਮੌਕੇ ਸਮਾਗਮ ਵਿਚ ਮੁੱਖ ਮਹਿਮਾਨ ਅਤੇ ਸਹਿਯੋਗੀਆਂ ਨੂੰ ਯਾਦਚਿੰਨ੍ਹ ਪ੍ਰਦਾਨ ਕਰਕੇ ਸਨਮਾਨਿਤ ਵੀ ਕੀਤਾ ਗਿਆ।  ਸਮਾਗਮ ਦੌਰਾਨ ਸਟੇਜ ਸੰਚਾਲਨਾ ਦੀ ਜ਼ਿੰਮੇਵਾਰੀ ਜਗਜੀਤ ਕੌਰ ਆਈ ਸੀ ਐਨ ਨੇ ਬਾਖੂਬੀ ਨਿਭਾਈ ।
             ਵਰਲਡ ਮਿਲਟ ਡੇਅ 2023 ਸਮਾਗਮ ਵਿਚ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ, ਡਾ. ਆਰ ਕੇ ਅਮਨਦੀਪ (ਔਰਤਾਂ ਦੀਆਂ ਬਿਮਾਰੀਆਂ ਦਾ ਮਾਹਿਰ),  ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ, ਟਰੱਸਟ ਅਧੀਨ ਚੱਲਦੇ ਸਮੂਹ ਅਦਾਰਿਆਂ ਦਾ ਸਟਾਫ਼, ਡਾਕਟਰ ਸਾਹਿਬਾਨ, ਮੈਡੀਕਲ ਸਟਾਫ, ਪੈਰਾ ਮੈਡੀਕਲ ਸਟਾਫ, ਨਰਸਿੰਗ ਕਾਲਜ ਅਤੇ ਪੈਰਾ ਮੈਡੀਕਲ ਕਾਲਜ ਦੇ ਵਿਦਿਆਰਥੀਆਂ  ਹਾਜ਼ਰ ਸਨ । ਸਮਾਗਮ ਮੌਕੇ ਕੋਧਰਾ ਅਤੇ ਹੋਰ ਮਿਲਟਸ ਦੀ ਬਣਾਈ ਖੀਰ ਅਤੇ ਪੁਲਾਅ ਵੀ ਹਾਜ਼ਰ ਸਰੋਤਿਆ ਅਤੇ ਮਹਿਮਾਨਾਂ ਨੂੰ ਵਰਤਾਇਆ ਗਿਆ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਮਿਲਟ ਡੇਅ 2023 ਨੂੰ  ਸਮਰਪਿਤ ਜਾਗਰੁਕਤਾ ਸਮਾਗਮ ਦੀਆਂ ਤਸਵੀਰਾਂ