ਵਪਾਰਕ ਅਦਾਰਿਆਂ ਤੇ ਦੁਕਾਨਾਂ ਦੇ ਸੂਚਨਾ ਬੋਰਡਾਂ ਉੱਤੇ ਪੰਜਾਬੀ ਭਾਸ਼ਾ ਨੂੰ ਦਿੱਤੀ ਜਾਵੇ ਪਹਿਲ

ਨਵਾਂਸ਼ਹਿਰ, 13 ਜੁਲਾਈ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵਲੋਂ ਸਮੁੱਚੇ ਪੰਜਾਬ ਰਾਜ ਵਿੱਚ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਨੂੰ ਪਹਿਲ ਦੇਣ ਬਾਰੇ ਕੀਤੀਆਂ ਹਦਾਇਤਾਂ ਦੀ ਲੜੀ ਵਿੱਚ ਵਪਾਰਕ ਅਦਾਰਿਆਂ ਅਤੇ ਦੁਕਾਨਾਂ ਦੇ ਸੂਚਨਾ ਬੋਰਡਾਂ ਉੱਤੇ ਪੰਜਾਬੀ ਭਾਸ਼ਾ ਨੂੰ ਪਹਿਲ ਦੇਣ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਲਾਗੂ ਕਰਾਉਣ ਲਈ ਭਾਸ਼ਾ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵਿਖੇ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਚੇਅਰਮੈਨ ਮਾਰਕੀਟ ਕਮੇਟੀ, ਨਵਾਂਸ਼ਹਿਰ, ਗਗਨ ਅਗਨੀਹੋਤਰੀ, ਜ਼ਿਲ੍ਹਾ ਪ੍ਰਧਾਨ, ਯੂਥ ਵਿੰਗ, ਵਨੀਤ ਰਾਣਾ ਅਤੇ ਨਗਰ ਕੌਂਸਲ ਰਾਹੋਂ, ਬੰਗਾ ਅਤੇ ਨਵਾਂਸ਼ਹਿਰ ਦੇ ਅਧਿਕਾਰੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ ਨੇ ਕਿਹਾ ਕਿ ਪੰਜਾਬ ਦੇ ਵਾਸੀ ਹੋਣ ਦੇ ਨਾਤੇ ਸਾਡਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਅਸੀਂ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦਈਏ। ਇਸ ਮੌਕੇ ਮੀਟਿੰਗ ਹਾਜ਼ਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਮੁਨਿਆਦੀ ਕਰਵਾਉਣ ਲਈ ਕਿਹਾ ਅਤੇ ਇਸ ਫ਼ੈਸਲੇ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਵਾਉਣ ਲਈ ਸਮੂਹ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਬੋਰਡਾਂ ਉੱਪਰ ਪੰਜਾਬੀ ਭਾਸ਼ਾ ਨੂੰ ਪਹਿਲ ਦੇਣ ਦੀ ਅਪੀਲ ਵੀ ਕੀਤੀ । ਜ਼ਿਲ੍ਹਾ ਭਾਸ਼ਾ ਅਫ਼ਸਰ, ਸੰਦੀਪ ਸਿੰਘ ਨੇ ਪ੍ਰਮੁੱਖ ਸਕੱਤਰ, ਉਚੇਰੀ ਸਿੱਖਿਆ ਅਤੇ ਭਾਸ਼ਾ ਵਲੋਂ ਜਾਰੀ ਆਦੇਸ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਮੂਹ ਸਰਕਾਰੀ,ਅਰਧ ਸਰਕਾਰੀ ਦਫ਼ਤਰ,ਵਿਭਾਗ,ਅਦਾਰੇ, ਸੰਸਥਾਵਾਂ, ਵਿੱਦਿਅਕ ਅਦਾਰੇ, ਬੋਰਡਾਂ, ਨਿਗਮਾਂ ਅਤੇ ਗ਼ੈਰ-ਸਰਕਾਰੀ ਸੰਸਥਾਵਾਂ, ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਅਤੇ ਸੜਕਾਂ ਦੇ ਨਾਮ, ਨਾਮ ਪੱਟੀਆਂ, ਮੀਲ ਪੱਥਰ, ਸੂਚਨਾ ਬੋਰਡ ਲਿਖਣ ਸਮੇਂ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਨੂੰ ਪਹਿਲ ਦੇਣ ਲਈ ਆਖਿਆ।