ਪਿੰਡ ਵਾਸੀਆਂ ਵਲੋਂ ਚਿੱਪ ਵਾਲੇ ਮੀਟਰ ਲਾਉਣ ਦਾ ਕੀਤਾ ਸਖਤ ਵਿਰੋਧ

ਨਵਾਂਸ਼ਹਿਰ  26 ਜੁਲਾਈ : ਪਿੰਡ ਸ਼ਹਾਬਪੁਰ ਵਿਖੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਲਾਕਾ ਪ੍ਰਧਾਨ ਪਰਮਜੀਤ ਸਿੰਘ ਸੰਘਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਵਲੋਂ ਬਿਜਲੀ ਬੋਰਡ ਦੇ ਕਰਮਚਾਰੀਆਂ ਵਲੋਂ ਚਿੱਪ ਵਾਲੇ ਮੀਟਰ ਲਾਉਣ ਦਾ ਜਬਰਦਸਤ ਵਿਰੋਧ ਕੀਤਾ ਗਿਆ। ਬਿਜਲੀ ਬੋਰਡ ਦੇ ਅਧਿਕਾਰੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਪਿੰਡ ਵਿੱਚ ਲਗਾਏ ਗਏ ਮੀਟਰਾਂ ਨੂੰ ਪੁਟਣ ਅਤੇ ਪੁਰਾਣੇ ਮੀਟਰ ਲਾਉਣ ਲਈ ਮਜਬੂਰ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਵੱਲੋਂ ਪੁਲੀਸ ਦੀ ਮਦਦ ਨਾਲ ਪਿੰਡ ਵਾਲਿਆਂ ਨੂੰ ਧਮਕਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਖੇਧੀ ਕੀਤੀ। ਸ੍ਰੀ ਸੰਘਾ ਨੇ ਕਿਹਾ ਕਿ ਇਲਾਕੇ ਵਿੱਚ ਕਿਧਰੇ ਵੀ ਮੀਟਰ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਜਬਰਦਸਤੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਕੱਲ੍ਹ 27 ਤਾਰੀਖ ਨੂੰ ਪਿੰਡ ਜਾਡਲਾ ਵਿਖੇ 11 ਵਜੇ ਐਸ ਡੀ ਓ ਦੇ ਦਫ਼ਤਰ ਅੱਗੇ ਇਕੱਠੇ ਹੋਣ ਦਾ ਸਮਾਂ ਦਿੱਤਾ ਗਿਆ ਹੈ ਤਾਂ ਕਿ ਅਧਿਕਾਰੀਆਂ ਨਾਲ ਗੱਲ ਕੀਤੀ ਜਾ ਸਕੇ। ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਵਿੱਚ ਮਹਿੰਦਰ ਪਾਲ, ਸੋਨੀ ਬੈਂਸ, ਮੋਹਤ ਸਿੰਘ, ਮਲਕੀਤ ਸਿੰਘ, ਸੁਨੀਲ ਕੁਮਾਰ, ਮੇਜਰ ਸਿੰਘ, ਜੋਗਿੰਦਰ ਸਿੰਘ, ਬਿੰਦਰ ਸਿੰਘ, ਜੋਗਾ ਸਿੰਘ, ਸੀਤਾ ਰਾਣੀ , ਪਰਮਜੀਤ ਕੌਰ, ਸੁਚਾ ਸਿੰਘ, ਭੁਪਿੰਦਰ ਸਿੰਘ, ਮਨਜੀਤ ਕੌਰ, ਅਜਮੇਰ ਕੌਰ, ਬਬੀਤਾ ਅਤੇ ਭੋਲੀ ਹਾਜ਼ਰ ਸਨ।