-ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਹਿਮਾਚਲ ਪ੍ਰਦੇਸ਼ ਅਤੇ ਰੂਪਨਗਰ ਵੱਲ ਨਾ ਜਾਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 10 ਜੁਲਾਈ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਲਗਾਤਾਰ ਹੋਈ
ਬਰਸਾਤ ਦੇ ਕਾਰਨ ਜ਼ਿਲ੍ਹੇ ਵਿਚ ਪੈਦਾ ਹੋਏ ਹਾਲਾਤ ਤੋਂ ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ
ਦੀ ਲੋੜ ਨਹੀਂ ਹੈ, ਕਿਉਂਕਿ ਜ਼ਿਲ੍ਹੇ ਵਿਚ ਹੁਣ ਸਥਿਤੀ ਪੂਰੀ ਤਰ੍ਹਾਂ ਨਾਲ ਕਾਬੂ ਹੇਠ
ਹੈ। ਉਨ੍ਹਾਂ ਲੋਕਾਂ ਨੂੰ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ
ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਵਾਸੀਆਂ ਦੇ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕੇ ਪੂਰੀ
ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਜਾਂ
ਜਾਣਕਾਰੀ ਹਾਸਲ ਕਰਨ ਲਈ ਜ਼ਿਲ੍ਹਾ ਅਤੇ ਤਹਿਸੀਲ ਪੱਧਰ 'ਤੇ ਬਣਾਏ ਗਏ ਹੜ੍ਹ ਕੰਟਰੋਲ ਰੂਮ
ਦੇ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਜਿਲ੍ਹਾ ਵਾਸੀਆਂ ਨੂੰ ਹਿਮਾਚਲ ਪ੍ਰਦੇਸ਼ ਅਤੇ ਰੂਪਨਗਰ ਵੱਲ ਨਾ ਜਾਣ
ਦੀ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿਚ ਬਰਸਾਤ ਕਾਰਨ ਸੜਕਾਂ ਕਾਫ਼ੀ ਖਰਾਬ
ਹੋ ਗਈਆਂ ਹਨ। ਇਸ ਲਈ ਬਿਨਾਂ ਵਜ੍ਹਾ ਪ੍ਰੇਸ਼ਾਨੀ ਤੋਂ ਬਚਣ ਲਈ ਉਹ ਬਹੁਤ ਜ਼ਰੂਰੀ ਹੋਣ
'ਤੇ ਹੀ ਸਫ਼ਰ ਕਰਨ। ਉਨ੍ਹਾਂ ਕਿਹਾ ਕਿ ਲੋਕ ਦਰਿਆਵਾਂ, ਨਹਿਰਾਂ, ਖੱਡਾਂ, ਚੋਆਂ ਅਤੇ
ਹੇਠਲੇ ਇਲਾਕਿਆਂ ਵੱਲ ਨਾ ਜਾਣ ਕਿਉਂਕਿ ਬਰਸਾਤ ਦੇ ਚੱਲਦਿਆਂ ਇਨ੍ਹਾਂ ਸਾਰੇ ਖੇਤਰਾਂ
ਵਿਚ ਪਾਣੀ ਦਾ ਪੱਧਰ ਵਧਿਆ ਹੈ ਅਤੇ ਕਿਸੇ ਵੇਲੇ ਵੀ ਡੈਮਾਂ ਦਾ ਪਾਣੀ ਛੱਡਿਆ ਜਾ ਸਕਦਾ
ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਕਿਸੇ ਵੀ ਤਰ੍ਹਾਂ ਦੀ
ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ 24 ਘੰਟੇ ਡਿਊਟੀ 'ਤੇ ਤਾਇਨਾਤ ਹਨ ਅਤੇ ਲੋਕਾਂ ਨੂੰ
ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਬਰਸਾਤ ਦੇ ਮੱਦੇਨਜ਼ਰ ਫ਼ੌਜਦਾਰੀ ਜ਼ਾਬਤਾ 1973 (1974 ਦਾ
ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ
ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਦੀ ਹੱਦ ਅੰਦਰ ਆਉਂਦੇ ਚੋਆਂ ਅਤੇ ਦਰਿਆਵਾਂ ਦੇ ਨੇੜੇ
ਕੋਈ ਵੀ ਵਿਅਕਤੀ ਨਹੀਂ ਜਾਵੇਗਾ ਅਤੇ ਆਪਣੇ ਪਸ਼ੂਆਂ ਆਦਿ ਨੂੰ ਇਨ੍ਹਾਂ ਖੇਤਰਾਂ ਤੋਂ ਦੂਰ
ਰੱਖੇਗਾ। ਉਨ੍ਹਾਂ ਕਿਹਾ ਕਿ ਬਰਸਾਤਾਂ ਕਾਰਨ ਚੋਆਂ ਅਤੇ ਦਰਿਆਵਾਂ ਵਿਚ ਪਾਣੀ ਦਾ ਪੱਧਰ
ਕਾਫ਼ੀ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਦੇਖਣ ਵਿਚ ਆਇਆ ਕਿ ਕੁਝ ਲੋਕ ਚੋਆਂ ਅਤੇ
ਦਰਿਆਵਾਂ ਵਿਚ ਨਹਾਉਣ ਅਤੇ ਕਈ ਤਰ੍ਹਾਂ ਦੇ ਕੰਮ ਕਰਨ, ਜਿਵੇਂ ਕਿ ਪਸ਼ੂਆਂ ਆਦਿ ਨੂੰ
ਨਹਾਉਣ ਲਈ ਲੈ ਜਾਂਦੇ ਹਨ ਅਤੇ ਕਈ ਵਾਰ ਇਕੱਠੇ ਹੋ ਕੇ ਵਗਦਾ ਪਾਣੀ ਦੇਖਣ ਅਤੇ ਵੀਡੀਓ
ਬਣਾਉਣ ਲਈ ਚਲੇ ਜਾਂਦੇ ਹਨ, ਜਿਸ ਕਾਰਨ ਕਈ ਵਾਰ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ।
ਬਰਸਾਤ ਸਬੰਧੀ ਪ੍ਰੇਸ਼ਾਨੀ ਆਉਣ 'ਤੇ ਕੰਟਰੋਲ ਰੂਮ ਦੇ ਨੰਬਰਾਂ 'ਤੇ ਕੀਤਾ ਜਾਵੇ ਸੰਪਰਕ :
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹੇ ਵਿਚ ਹੜ੍ਹਾਂ ਨਾਲ ਨਜਿੱਠਣ ਲਈ
ਜ਼ਿਲ੍ਹਾ ਤੇ ਤਹਿਸੀਲ ਪੱਧਰ 'ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ, ਜੋ ਕਿ 7 ਦਿਨ 24
ਘੰਟੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਕੰਟਰੋਲ ਰੂਮ ਜ਼ਿਲ੍ਹਾ
ਪ੍ਰਬੰਧਕੀ ਕੰਪਲੈਕਸ ਵਿਚ ਦਫ਼ਤਰ ਡਿਪਟੀ ਕਮਿਸ਼ਨਰ, ਕਮਰਾ ਨੰਬਰ 138 ਵਿਚ ਬਣਾਇਆ ਗਿਆ ਹੈ
ਅਤੇ ਜ਼ਿਲ੍ਹਾ ਪੱਧਰ 'ਤੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01882-220412 ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਹਿਸੀਲ ਪੱਧਰ 'ਤੇ ਵੀ ਹੜ੍ਹ ਕੰਟਰੋਲ ਰੂਮ ਸਥਾਪਿਤ
ਕੀਤੇ ਗਏ ਹਨ, ਜਿਸ ਵਿਚ ਤਹਿਸੀਲ ਹੁਸ਼ਿਆਰਪੁਰ ਦਾ ਕੰਟਰੋਲ ਰੂਮ ਤਹਿਸੀਲ ਦਫ਼ਤਰ
ਹੁਸ਼ਿਆਰਪੁਰ ਵਿਚ ਬਣਾਇਆ ਗਿਆ ਹੈ, ਜਿਸ ਦਾ ਟੈਲੀਫੋਨ ਨੰਬਰ 01882-244175, ਤਹਿਸੀਲ
ਗੜ੍ਹਸ਼ੰਕਰ ਦਾ ਕੰਟਰੋਲ ਰੂਮ ਤਹਿਸੀਲ ਦਫ਼ਤਰ ਗੜ੍ਹਸ਼ੰਕਰ ਬਣਾਇਆ ਗਿਆ ਹੈ, ਜਿਸ ਦਾ ਨੰਬਰ
01884-282026, ਤਹਿਸੀਲ ਦਸੂਹਾ ਦਾ ਕੰਟਰੋਲ ਰੂਮ ਤਹਿਸੀਲ ਦਫ਼ਤਰ ਦਸੂਹਾ ਬਣਾਇਆ ਗਿਆ
ਹੈ, ਜਿਸ ਦਾ ਨੰਬਰ 01883-506268 ਅਤੇ ਤਹਿਸੀਲ ਮੁਕੇਰੀਆਂ ਦਾ ਕੰਟਰੋਲ ਰੂਮ ਤਹਿਸੀਲ
ਦਫ਼ਤਰ ਮੁਕੇਰੀਆਂ ਬਣਾਇਆ ਗਿਆ ਹੈ, ਜਿਸ ਦਾ ਨੰਬਰ 01883-244310 ਹੈ। ਉਨ੍ਹਾਂ ਕਿਹਾ
ਕਿ ਜੇਕਰ ਜ਼ਿਲ੍ਹੇ ਵਿਚ ਬਰਸਾਤਾਂ ਦੌਰਾਨ ਹੜ੍ਹ ਦੀ ਕੋਈ ਸੂਚਨਾ ਮਿਲਦੀ ਹੈ, ਤਾਂ ਉਹ
ਸਥਾਪਿਤ ਕੀਤੇ ਗਏ ਇਨ੍ਹਾਂ ਕੰਟਰੋਲ ਰੂਮਾਂ 'ਤੇ ਇਸ ਦੀ ਸੂਚਨਾ ਤੁਰੰਤ ਦੇਣ। ਇਸ ਤੋਂ
ਇਲਾਵਾ ਹੜ੍ਹਾਂ ਸਬੰਧੀ ਕੋਈ ਵੀ ਸੂਚਨਾ ਲੈਣੀ ਹੋਵੇ, ਤਾਂ ਵੀ ਇਨ੍ਹਾਂ ਨੰਬਰਾਂ 'ਤੇ
ਸੰਪਰਕ ਕੀਤਾ ਜਾ ਸਕਦਾ ਹੈ।