ਨਵਾਂਸ਼ਹਿਰ, 03 ਜੁਲਾਈ: ਭਾਸ਼ਾ ਵਿਭਾਗ, ਪੰਜਾਬ ਵਲੋਂ ਜਿੱਥੇ ਨਿੱਤ ਦਿਨ ਸਾਹਿਤਕ ਸਰਗਰਮੀਆਂ ਕੀਤੀਆਂ ਜਾਂਦੀਆਂ ਹਨ, ਉੱਥੇ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਨਾਲ-ਨਾਲ ਉਰਦੂ ਭਾਸ਼ਾ ਦੀ ਸਿਖਲਾਈ ਲਈ ਵੀ ਯਤਨ ਕੀਤੇ ਜਾ ਰਹੇ ਹਨ। ਡਾਇਰੈਕਟਰ, ਭਾਸ਼ਾ ਵਿਭਾਗ ਵਲੋਂ ਇਸ ਸੈਸ਼ਨ ਤੋਂ ਉਰਦੂ ਸਿਖਲਾਈ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜ਼ਿਲ੍ਹਾ ਭਾਸ਼ਾ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਦੇ ਖੋਜ ਅਫ਼ਸਰ ਸੰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਵਲੋਂ ਉਰਦੂ ਸਿੱਖਣ ਦੇ ਚਾਹਵਾਨ ਵਿਅਕਤੀਆਂ ਲਈ ਉਰਦੂ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਰਸ ਦੀ ਮਿਆਦ 6 ਮਹੀਨੇ ਹੋਵੇਗੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਉਮਰ ਦਾ ਵਿਅਕਤੀ ਇਸ ਕੋਰਸ ਵਿੱਚ ਦਾਖਲਾ ਲੈ ਸਕਦਾ ਹੈ। ਉਰਦੂ ਸਿੱਖਣ ਦੇ ਚਾਹਵਾਨ ਇਸ ਕੋਰਸ ਲਈ ਦਾਖਲਾ ਫ਼ਾਰਮ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਕਮਰਾ ਨੰਬਰ 23, ਵਿਖੇ ਕਿਸੇ ਵੀ ਕੰਮ-ਕਾਜ ਵਾਲੇ ਦਿਨ ਮੁਫ਼ਤ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫ਼ਾਰਮ ਭਰਨ ਦੀ ਮਿਤੀ 10 ਜੁਲਾਈ 2023 ਹੈ ਅਤੇ ਹੋਰ ਜਾਣਕਾਰੀ ਲਈ ਸੰਦੀਪ ਸਿੰਘ ਖੋਜ ਅਫ਼ਸਰ ਦੇ ਮੋਬਾਇਲ ਨੰਬਰ 84376-26373 'ਤੇ ਸੰਪਰਕ ਕੀਤਾ ਜਾ ਸਕਦਾ ਹੈ।