ਨਵਾਂਸ਼ਹਿਰ, 20 ਜੁਲਾਈ:- ਅੱਜ ਕੱਲ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਅਤੇ ਭਾਰੀ
ਬਾਰਸ਼ਾਂ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਨਾਲ ਕਿਸਾਨ ਮੁਸ਼ਕਿਲਾਂ ਦਾ ਸਾਹਮਣਾ
ਵੀ ਕਰ ਰਹੇ ਹਨ, ਪਰ ਕਿਸਾਨਾਂ
ਦੇ ਹੌਂਸਲੇ ਬੁਲੰਦ ਹਨ। ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਹੁਤ ਹੀ ਅਗਾਂਹਵਧੂ
ਕਿਸਾਨ ਖੇਤੀ ਕਰਨ ਰਹੇ ਹਨ, ਜੋ ਕਿ ਹੱਥੀ ਮਿਹਨਤ ਵੀ ਕਰਦੇ ਹਨ। ਬਲਾਕ ਬਲਾਚੌਰ ਵਿਖੇ
ਕਾਫੀ ਕਿਸਾਨ ਬਾਗਬਾਨੀ ਕਰ ਰਹੇ ਹਨ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਆੜੂਆਂ ਦੇ ਬਾਗ
ਸੰਭਾਲ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਭਾਗ ਦੇ ਸਹਾਇਕ
ਡਾਇਰੈਕਟਰ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਬਲਾਕ ਬੰਗਾ,ਨਵਾਂਸ਼ਹਿਰ ਅਤੇ ਔੜ ਵਿਖੇ ਵੀ
ਬਾਗਾਂ ਦਾ ਬਹੁਤ ਸਕੋਪ ਹੈ, ਕਿਉਂਕਿ ਜਿੰਨੇ ਕਿਸਾਨਾਂ ਨੇ ਬਾਗਾਂ ਵੱਲ ਰੁਖ ਕੀਤਾ ਹੈ
ਉਹ ਸਫਲ ਹੋਏ ਹਨ। ਕਣਕ, ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ਸਾਨੂੰ ਬਾਗਬਾਨੀ
ਫਸਲਾਂ ਵਾਲੇ ਪਾਸੇ ਆਉਣ ਦੀ ਲੋੜ ਹੈ, ਤਾਂ ਜੋ ਅਸੀਂ ਆਪਣੀ ਮਿੱਟੀ, ਪਾਣੀ ਅਤੇ ਹਵਾ
ਆਦਿ ਕੁਦਰਤੀ ਸਰੋਤਾਂ ਦੀ ਸੰਭਾਲ ਕਰ ਸਕੀਏ ਅਤੇ
ਇਨ੍ਹਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਈਏ। ਇਸ ਨਾਲ ਜਿੱਥੇ ਕਿਸਾਨਾਂ ਦੀ ਆਮਦਨ
ਵਧੇਗੀ, ਉੱਥੇ ਅਸੀ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਵੀ ਬਹੁਤ ਕੁਝ ਵਧੀਆ
ਕਰਕੇ/ਛੱਡਕੇ ਜਾਵਾਂਗੇ। ਉਨ੍ਹਾਂ ਦੱਸਿਆਂ ਕਿ ਪੰਜਾਬ ਸਰਕਾਰ ਵੱਲੋ ਕਿਸਾਨਾਂ ਦੀ
ਬਿਹਤਰੀ ਲਈ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਜਿੰਨਾਂ ਦਾ ਕਿਸਾਨਾਂ ਨੂੰ
ਫਾਇਦਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮਹਿਕਮਾ ਬਾਗਬਾਨੀ ਵੱਲੋਂ ਵੱਧ ਤੋਂ ਵੱਧ
ਕਿਸਾਨਾਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ
ਵੀ ਵੱਧ ਤੋਂ ਵੱਧ ਬਾਗਬਾਨੀ ਦਫਤਰਾਂ ਦੇ ਨਾਲ ਸੰਪਰਕ ਰੱਖਣ।
ਉਨ੍ਹਾਂ ਦੱਸਿਆਂ ਕਿ ਇਸ ਵੇਲੇ ਸਦਾਬਹਾਰ ਫਲਦਾਰ ਬੂਟੇ ਲਗਾਉਣ ਦਾ ਬਹੁਤ ਹੀ
ਢੁੱਕਵਾਂ ਸਮਾਂ ਹੈ ਇਸ ਲਈ ਕਿਸਾਨ ਬਾਗ ਲਗਾਉਣ ਲਈ ਮਹਿਕਮੇ ਨਾਲ ਰਾਬਤਾ ਕਰਕੇ ਆਪਣੀ
ਮੰਗ ਅਨੁਸਾਰ ਫਲਦਾਰ ਬੂਟੇ ਬੁੱਕ ਕਰਵਾ ਸਕਦੇ ਹਨ।ਇਸੇ ਤਰ੍ਹਾਂ ਹੀ ਸਬਜ਼ੀਆਂ ਦੀ ਖੇਤੀ
ਵਿੱਚ ਵੀ ਬਹੁਤ ਕੁਝ ਨਵਾਂ ਕੀਤਾ ਜਾ ਸਕਦਾ ਹੈ। ਅੱਧ ਅਗਸਤ ਤੋਂ ਬਾਅਦ ਸਬਜ਼ੀਆਂ ਲਈ ਵੀ
ਬਹੁਤ ਵਧੀਆਂ ਸਮਾਂ ਹੋਵੇਗਾ। ਉਹਨਾਂ ਕਿਸਾਨਾਂ ਨੂੰ ਭਰੋਸਾ ਦਿਵਾਉਂਦਿਆ ਦੱਸਿਆ ਕਿ
ਕਿਸਾਨਾਂ ਨੂੰ ਲੋੜੀਂਦੀ ਹਰ ਤਰ੍ਹਾਂ ਦੀ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਸਰਕਾਰ
ਦੇ ਆਦੇਸ਼ਾਂ ਅਨੁਸਾਰ ਹਰ ਸੰਭਵ ਮਦਦ ਵੀ ਕੀਤੀ ਜਾਵੇਗੀ । ਉਨ੍ਹਾਂ ਉਮੀਦ ਕੀਤੀ ਕਿ
ਜਿਵੇਂ ਕਿਸਾਨਾਂ ਵਿੱਚ ਉਤਸ਼ਾਹ ਹੈ, ਇਸ ਨਾਲ ਬਾਗਬਾਨੀ ਫਸਲਾਂ ਹੇਠ ਰਕਬਾ ਜਰੂਰ ਵਧੇਗਾ।
ਡਾ.ਪਰਮਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ
ਵਲੋਂ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਸਾਰੇ ਬਲਾਕਾਂ ਦੇ ਕਿਸਾਨਾਂ ਨਾਲ ਰਾਬਤਾ ਕੀਤਾ ਜਾ
ਰਿਹਾ ਹੈ ਅਤੇ ਫਲਦਾਰ ਬੂਟਿਆਂ ਦੀ ਬੁਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ
ਵਧੇਰੀ ਜਾਣਕਾਰੀ ਲਈ ਕਿਸਾਨ ਮੋਬਾਇਲ ਨੰਬਰ 75080-18828 'ਤੇ ਕਿਸੇ ਵੇਲੇ ਵੀ ਸੰਪਰਕ
ਕਰ ਸਕਦੇ ਹਨ।