ਕੂੜਾ ਪ੍ਰਬੰਧਨ ’ਚ ਪਿੰਡ ਭਾਰਟਾ ਕਲਾਂ ਮਾਡਲ ਪਿੰਡ ਵਜੋਂ ਉਭਰਿਆ

ਗਰਾਮ ਪੰਚਾਇਤ ਕੂੜੇ ਦੇ ਪ੍ਰਬੰਧਨ ਤੋਂ ਵੀ ਕਮਾਈ ਕਰੇਗੀ
ਨਵਾਂਸ਼ਹਿਰ, 9 ਸਤੰਬਰ :  ਕੂੜੇ ਦੇ ਪ੍ਰਬੰਧਨ ਅਤੇ ਪਿੰਡਾਂ ਨੂੰ ਸਾਫ-ਸੁਥਰਾ ਬਣਾਉਣ ਦਾ ਹਾਂ-ਪੱਖੀ ਰੁਝਾਨ ਸੂਬੇ ਭਰ ਦੇ ਪਿੰਡਾਂ ਦਾ ਧਿਆਨ ਖਿੱਚ ਰਿਹਾ ਹੈ, ਇਨ੍ਹਾਂ ਵਿੱਚੋਂ ਕਈ ਪਿੰਡਾਂ ਨੇ ਠੋਸ ਅਤੇ ਤਰਲ ਰਹਿੰਦ-ਖੂੰਹਦ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਵਾਲੀਆਂ ਪ੍ਰਣਾਲੀਆਂ ਅਪਣਾਈਆਂ। ਅਜਿਹੇ ਹੀ ਪਿੰਡਾਂ ਤੋਂ ਸੇਧ ਲੈਂਦਿਆਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਭਾਰਟਾ ਕਲਾਂ ਨੇ ਪਿੰਡ ਦੇ ਕੂੜੇ ਦੇ ਸੁਚੱਜੇ ਪ੍ਰਬੰਧਨ ਨਾਲ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਰੱਖਣ ਦੀ ਸ਼ੁਰੁਆਤ ਕਰਕੇ ਨਵੀਂ ਪੈੜ ਪਾਈ ਹੈ।
ਸਵੱਛ ਭਾਰਤ ਮਿਸ਼ਨ ਗ੍ਰਾਮੀਣ (ਐਸ.ਬੀ.ਐਮ.-ਜੀ) ਦੇ ਦੂਜੇ ਪੜਾਅ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਔੜ ਬਲਾਕ ਦੇ ਪਿੰਡ ਭਾਰਟਾ ਕਲਾਂ ਦੀ ਗਰਾਮ ਪੰਚਾਇਤ ਵੱਲੋਂ ਠੋਸ ਅਤੇ ਤਰਲ ਰਹਿੰਦ-ਖੂੰਹਦ ਦੇ ਢੁਕਵੇਂ ਹੱਲ ਕਈ ਕੀਤੇ ਯਤਨਾਂ ਬਾਅਦ ਪਿੰਡ ਦੀ ਸਾਫ਼-ਸੁਥਰੀ ਦਿੱਖ ਸਾਹਮਣੇ ਆਈ ਹੈ। ਪਹਿਲੇ ਪੜਾਅ ਦੇ ਸਫ਼ਲਤਾਪੂਰਵਕ ਲਾਗੂ ਹੋਣ ਉਪਰੰਤ, ਭਾਰਟਾ ਕਲਾਂ ਕੂੜਾ ਪ੍ਰਬੰਧਨ ਯਤਨਾਂ ਨੂੰ ਮੁਕੰਮਲ ਕਰਨ ਅਤੇ ਓ.ਡੀ.ਐਫ. ਸਥਿਰਤਾ ਵਲ ਕਦਮ ਵਧਾ ਰਿਹਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪੁਨੀਤ ਭਸੀਨ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਪਿੰਡ ਵਾਸੀਆਂ ਨੇ ਕੂੜੇ ਦੇ ਢੇਰਾਂ ਤੋਂ ਪੈਦਾ ਹੁੰਦੀ ਬਦਬੂ ਅਤੇ ਆਲੇ-ਦੁਆਲੇ ਕੂੜਾ ਕਰਕਟ ਹੋਣ ਕਾਰਨ ਪਿੰਡ ਦੀ ਸਫ਼ਾਈ ਲਈ ਹੋਰ ਉਪਰਾਲੇ ਕੀਤੇ ਜਾਣ ਦੀ ਲੋੜ ਨੂੰ ਮਹਿਸੂਸ ਕੀਤਾ। ਗਰਾਮ ਪੰਚਾਇਤ ਕੂੜੇ ਦੇ ਵਾਧੇ ਅਤੇ ਇਸ ਦੇ ਮਾੜੇ ਪ੍ਰਬੰਧਨ ਤੋਂ ਚਿੰਤਤ ਸੀ। ਉਨ੍ਹਾਂ ਨੇ ਵੱਖ-ਵੱਖ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕਰਕੇ ਪਿੰਡ ਪੱਧਰ 'ਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪਲਾਂਟ ਸਥਾਪਤ ਕਰਨ ਦਾ ਵਿਚਾਰ ਕੀਤਾ।
ਫੰਡਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਗ੍ਰਾਮ ਪੰਚਾਇਤ ਨੇ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਪਰਕ ਕੀਤਾ ਜਿੱਥੇ ਉਨ੍ਹਾਂ ਨੂੰ ਵੱਖ-ਵੱਖ ਸਕੀਮਾਂ ਜਿਵੇਂ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ), ਮਗਨਰੇਗਾ ਅਤੇ ਵਿੱਤ ਕਮਿਸ਼ਨ ਦੀਆਂ ਗਰਾਂਟਾਂ ਰਾਹੀਂ ਫੰਡ ਜੁਟਾਉਣ ਅਤੇ ਵਿਵਹਾਰ 'ਚ ਤਬਦੀਲੀ ਲਈ ਸਭ ਤੋਂ ਪਹਿਲਾ ਭਾਈਚਾਰੇ ਨੂੰ ਲਾਮਬੰਦ ਕਰਨ ਬਾਰੇ ਦੱਸਿਆ ਗਿਆ। ਇਸ ਉਪਰੰਤ ਗਰਾਮ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਕੂੜਾ-ਕਰਕਟ ਵੱਖ-ਵੱਖ ਕਰਨ ਦੇ ਅਭਿਆਸਾਂ ਨੂੰ ਅਪਨਾਉਣ ਬਾਰੇ ਜਾਗਰੂਕ ਕਰਨ ਦਾ ਫੈਸਲਾ ਕੀਤਾ।
ਪਿੰਡ ਵਾਸੀਆਂ ਦਾ ਸਹਿਯੋਗ ਹਾਸਲ ਕਰਨ ਉਪਰੰਤ ਗਰਾਮ ਪੰਚਾਇਤ ਨੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪਲਾਂਟ ਸਥਾਪਿਤ ਕੀਤਾ ਜੋ ਹੁਣ ਕਾਰਜਸ਼ੀਲ ਹੈ। ਇਸ ਨੂੰ ਬਹੁਤ ਹੀ ਵਧੀਆਂ ਢੰਗ ਨਾਲ ਡਿਜ਼ਾਇਨ ਕੀਤਾ ਗਿਆ ਹੈ ਅਤੇ ਜਨ-ਜਾਗਰੂਕਤਾ ਪੈਦਾ ਕਰਨ ਲਈ ਉਸ ਉੱਤੇ ਪੇਂਟ ਨਾਲ ਸਵੱਛਤਾ ਸਬੰਧੀ ਨਾਅਰੇ ਲਿਖੇ ਗਏ ਹਨ। ਪੰਚਾਇਤ ਵੱਲੋਂ ਪਲਾਂਟ ਤਿਆਰ ਕਰਨ ਅਤੇ ਇਸ ਦੀ ਕਾਰਜਸ਼ੀਲਤਾ ਲਈ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਤੇ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਤੋਂ ਲਗਭਗ 8.05 ਲੱਖ ਰੁਪਏ ਜੁਟਾਏ ਗਏ।
ਪਿੰਡ ਦੇ ਸਰਪੰਚ ਦੀ ਅਗਵਾਈ ਵਿੱਚ 4 ਮੈਂਬਰਾਂ ਦੀ ਇੱਕ ਕਮੇਟੀ ਇਸ ਪਲਾਂਟ ਦਾ ਸੰਚਾਲਨ ਅਤੇ ਰੱਖ-ਰਖਾਅ ਕਰਦੀ ਹੈ। ਪੰਚਾਇਤ ਵੱਲੋਂ ਇਸ ਦੀ ਸਾਂਭ-ਸੰਭਾਲ ਲਈ ਕੂੜਾ-ਕਰਕਟ ਇਕੱਤਰ ਕਰਨ ਦੀ ਜ਼ਿੰਮੇਂਵਾਰੀ ਸੁਖਬੀਰ ਸਿੰਘ ਨੂੰ ਦਿੱਤੀ ਗਈ ਹੈ ਅਤੇ ਉਸ ਨੂੰ 12,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ। ਉਹ ਪਲਾਂਟ ਦੇ ਆਲੇ-ਦੁਆਲੇ ਦੀ ਸਫ਼ਾਈ ਨੂੰ ਯਕੀਨੀ ਬਣਾਉਂਦਾ ਹੈ ਅਤੇ ਸਮੇਂ-ਸਮੇਂ ਸਫ਼ਾਈ ਤੇ ਖਾਦ ਬਣਾਉਣ ਸਬੰਧੀ ਪ੍ਰਕਿ੍ਰਆ ਦੀ ਜਾਂਚ ਕਰਦਾ ਹੈ। ਇਸ ਪ੍ਰੋਜੈਕਟ ਨਾਲ ਲਗਭਗ 80 ਫੀਸਦੀ ਘਰ ਜੁੜੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਖਾਦ ਦਾ ਪਹਿਲਾ ਬੈਚ ਅਗਲੇ ਹਫਤੇ ਤੱਕ ਤਿਆਰ ਹੋ ਜਾਵੇਗਾ ਅਤੇ ਇਸ ਦੀ ਵਰਤੋਂ ਖੇਤੀ ਲਈ ਕੀਤੀ ਜਾਵੇਗੀ। ਗਰਾਮ ਪੰਚਾਇਤ ਨੇ ਇਹ ਵੀ ਵਿਚਾਰ ਕੀਤਾ ਹੈ ਕਿ ਖਾਦ ਦੀ ਗੁਣਵੱਤਾ ਅਤੇ ਇਸ ਦੇ ਲਾਭ ਬਾਰੇ ਭਾਈਚਾਰੇ ਤੋਂ ਫੀਡਬੈਕ ਪ੍ਰਾਪਤ ਕਰਨ ਉਪਰੰਤ ਇਸ ਦੀ ਮਾਰਕੀਟਿੰਗ ਕੀਤੀ ਜਾਵੇਗੀ ਅਤੇ ਪਲਾਂਟ ਦੀ ਸਾਂਭ-ਸੰਭਾਲ ਲਈ ਮਾਲੀਆ ਇਕੱਤਰ ਕਰਨ ਵਾਸਤੇ ਇਸ ਨੂੰ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਛੋਟੇ ਪੈਕਟਾਂ ਵਿੱਚ ਵੇਚਿਆ ਜਾਵੇਗਾ।
ਇਸ ਪਲਾਂਟ ਨਾਲ ਵਧ ਰਹੇ ਕੂੜੇ ਦੇ ਢੇਰਾਂ ਅਤੇ ਕੂੜਾ ਕਰਕਟ ਦੀ ਸਮੱਸਿਆ ਵੀ ਹੱਲ ਹੋ ਗਈ ਹੈ ਜਿਸ ਨਾਲ ਪਿੰਡ ਨੂੰ ਸਵੱਛ ਅਤੇ ਹਰਿਆ ਭਰਿਆ ਬਣਾਉਣ ਦਾ ਰਾਹ ਪੱਧਰਾ ਹੋ ਰਿਹਾ ਹੈ। ਇਸ ਤੋਂ ਪਹਿਲਾਂ ਮਹਿਲਾਵਾਂ ਨੂੰ ਰਸੋਈ ਅਤੇ ਘਰੇਲੂ ਕੂੜੇ ਦਾ ਪ੍ਰਬੰਧਨ ਕਰਨ ਅਤੇ ਇਸ ਨੂੰ ਸੁੱਟਣ ਲਈ ਥਾਂ ਲੱਭਣ ਵਿੱਚ ਮੁਸ਼ਕਿਲ ਮਹਿਸੂਸ ਹੋ ਰਹੀ ਸੀ। ਪਿੰਡ ਵਾਸੀ ਵੀ ਕੂੜੇ ਨੂੰ ਖਾਦ ਵਿੱਚ ਬਦਲਣ ਦੇ ਸੰਕਲਪ ਨੂੰ ਬਹੁਤ ਪਸੰਦ ਕਰ ਰਹੇ ਹਨ। ਇਹ ਪ੍ਰੋਜੈਕਟ ਪਿੰਡ ਵਿੱਚ ਰੋਜ਼ਗਾਰ ਪੈਦਾ ਕਰਨ ਦੇ ਨਾਲ-ਨਾਲ ਲੋੜਵੰਦਾਂ ਨੂੰ ਰੋਜ਼ੀ-ਰੋਟੀ ਵੀ ਮੁਹੱਈਆ ਕਰਵਾ ਰਿਹਾ ਹੈ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਪਿੰਡ ਦੀ ਪੰਚਾਇਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਨੇ ਠੋਸ ਰਹਿੰਦ-ਖੂੰਹਦ ਦੀ ਸਮੱਸਿਆ ਦੇ ਹੱਲ ਲਈ ਸੱਚਮੁੱਚ ਹੀ ਮਿਸਾਲੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹੋਰ ਪਿੰਡਾਂ ਵਿੱਚ ਵੀ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਭਾਰਟਾ ਕਲਾਂ ਦੇ ਪਲਾਂਟ ਦੀ ਸਫਲਤਾ ਦਰ ਦੀ ਪੜਚੋਲ ਕਰ ਰਹੇ ਹਾਂ।

ਫ਼ੋਟੋ ਕੈਪਸ਼ਨ:
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਭਾਰਟਾ ਕਲਾਂ ਵਿਖੇ ਕੂੜੇ ਦੇ ਨਿਪਟਾਰੇ ਲਈ ਕੀਤੇ ਗਏ ਪ੍ਰਬੰਧਾਂ ਦੀਆਂ ਤਸਵੀਰਾਂ।