ਸਾਉਣੀ ਦੀਆਂ ਫਸਲਾਂ ਅਤੇ ਵਿਭਾਗੀ ਸਕੀਮਾਂ ਦੀ ਸਮੀਖਿਆ
ਨਵਾਂਸ਼ਹਿਰ, 14 ਸਤੰਬਰ, 2022: ਪੰਜਾਬ ਸਰਕਾਰ ਵਲੋਂ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਲਈ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਜੋ ਕਿਸਾਨਾਂ ਨੂੰ ਹਾੜੀ ਸੀਜਨ ਦੌਰਾਨ ਬੀਜਾਂ, ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਕੋਈ ਘਾਟ ਨਾ ਆਵੇ।
ਇਹ ਪ੍ਰਗਟਾਵਾ ਗੁਰਵਿੰਦਰ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ 'ਤੇ ਇੱਥੇ ਪੁੱਜੇ ਦਲਜੀਤ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ ਨੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਮੂਹ ਸਟਾਫ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਮੀਟਿੰਗ ਦੌਰਾਨ ਉਨ੍ਹਾਂ ਨੇ ਸਾਉਣੀ ਦੀਆਂ ਪੱਕ ਰਹੀਆਂ ਫਸਲਾਂ ਜਿਵੇਂ ਝੋਨਾ, ਬਾਸਮਤੀ ਅਤੇ ਮੱਕੀ ਦੀ ਹਾਲਤ ਦਾ ਜਾਇਜ਼ਾ ਵੀ ਲਿਆ। ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਰੀਵਿੳੂ ਕੀਤਾ ਅਤੇ ਹੁਣ ਤੱਕ ਦੀ ਪ੍ਰਗਤੀ ਉਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਸਮੂਹ ਤਕਨੀਕੀ ਸਟਾਫ਼ ਅਤੇ ਬਾਕੀ ਵਿਭਾਗਾਂ ਦੇ ਸਟਾਫ਼ ਨੂੰ ਫਸਲਾਂ ਦੀ ਰਹਿੰਦ-ਖੂੰਹਦ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਆਦੇਸ਼ ਦਿੱਤੇ ।
ਹਰਵਿੰਦਰ ਲਾਲ ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਨੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਦੇ ਧਿਆਨ ਵਿਚ ਲਿਆਂਦਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਜ਼ਿਲ੍ਹੇ ਵਿਚ ਨੋਡਲ ਅਫ਼ਸਰ ਅਤੇ ਕਲੱਸਟਰ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ ਅਤੇ 15 ਸਤੰਬਰ ਤੋਂ ਲਗਾਤਾਰ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਇਸ ਗੰਭੀਰ ਮਸਲੇ ਸਬੰਧੀ ਜਾਗਰੂਕ ਕੀਤਾ ਜਾਵੇਗਾ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਵਾਹੁਣ ਵਾਲੀਆਂ ਮਸ਼ੀਨਾਂ ਦੇ ਡਰਾਅ ਕੱਢਣ ਉਪਰੰਤ ਬਿਨੈਕਾਰਾਂ ਨੂੰ ਮਸ਼ੀਨਾਂ ਖਰੀਦਣ ਲਈ ਮਨਜੂਰੀ ਪੱਤਰ ਜਾਰੀ ਕਰ ਦਿੱਤੇ ਗਏ ਹਨ।