-ਹੁਸ਼ਿਆਰਪੁਰ ਵਾਸੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਬਿਹਤਰੀਨ ਸਿਹਤ ਸੁਵਿਧਾਵਾਂ : ਬ੍ਰਮ ਸ਼ੰਕਰ ਜਿੰਪਾ

-ਕੈਬਨਿਟ ਮੰਤਰੀ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਸਥਾਪਿਤ ਸੀ.ਟੀ. ਸਕੈਨ ਮਸ਼ੀਨ ਤੇ ਲੈਬੋਰਟਰੀ ਤੋਂ ਇਲਾਵਾ ਆਮ ਆਦਮੀ ਕਲੀਨਿਕ ਨੂੰ ਦੱਸਿਆ ਸਿਹਤ ਖੇਤਰ 'ਚ ਕ੍ਰਾਂਤੀਕਾਰੀ ਕਦਮ
-ਸਿਵਲ ਹਸਪਤਾਲ 'ਚ ਸਥਾਪਿਤ ਸੀ.ਟੀ. ਸਕੈਨ ਮਸ਼ੀਨ 'ਚ 754 ਮਰੀਜ਼ਾਂ ਦੀ ਹੋਈ ਸਕੈਨ, 5832 ਮਰੀਜ਼ਾਂ ਦੇ ਹੋਏ ਲੈਬ ਟੈਸਟ
-ਹਸਪਤਾਲ 'ਚ ਮਾਰਕੀਟ ਤੋਂ 70 ਤੋਂ 80 ਫੀਸਦੀ ਘੱਟ ਰੇਟਾਂ 'ਤੇ ਕੀਤੇ ਜਾ ਰਹੇ ਹਨ ਟੈਸਟ
-ਆਮ ਆਦਮੀ ਕਲੀਨਿਕਾਂ 'ਚ ਇਕ ਮਹੀਨੇ 'ਚ ਹੋਈ 6778 ਮਰੀਜ਼ਾਂ ਦੀ ਓ.ਪੀ.ਡੀ. ਤੇ 630 ਮਰੀਜ਼ਾਂ ਦੇ ਲੈਬ ਟੈਸਟ

ਹੁਸ਼ਿਆਰਪੁਰ, 14 ਸਤੰਬਰ:  ਕੈਬਨਿਟ ਮੰਤਰੀ ਪੰਜਾਬ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਮੁਫ਼ਤ ਦਵਾਈਆਂ ਤੋਂ ਇਲਾਵਾ ਹੋਰ ਸਾਰੀਆਂ ਬੁਨਿਆਦੀ ਸੁਵਿਧਾਵਾਂ ਸਹੀ ਤਰੀਕੇ ਨਾਲ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੁਸ਼ਿਆਰਪੁਰ ਵਾਸੀਆਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਲੜੀ ਵਿਚ ਸਿਹਤ ਖੇਤਰ ਵਿਚ ਵੱਡੇ ਪੱਧਰ 'ਤੇ ਸੁਧਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਸਥਾਪਿਤ ਕੀਤੀ ਗਈ ਸੀ.ਟੀ. ਸਕੈਨ ਮਸ਼ੀਨ ਅਤੇ ਲੈਬਾਰਟਰੀ ਵਿਚ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ, ਕਿਉਂਕਿ ਇਥੇ ਮਹਿੰਗੇ ਤੋਂ ਮਹਿੰਗੇ ਟੈਸਟ 70 ਤੋਂ 80 ਫੀਸਦੀ ਘੱਟ ਰੇਟਾਂ 'ਤੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਘਰਾਂ ਦੇ ਨਜ਼ਦੀਕ ਸਿਹਤ ਸੇਵਾਵਾਂ ਪਹੁੰਚਾਉਣ ਦੇ ਮਕਸਦ ਨਾਲ ਸ਼ਹਿਰ ਵਿਚ ਖੋਲ੍ਹੇ ਗਏ 4 ਆਮ ਆਦਮੀ ਕਲੀਨਿਕ ਵੀ ਲੋਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣ ਵਿਚ ਸਹਾਇਕ ਸਾਬਿਤ ਹੋ ਰਹੇ ਹਨ।
ਕੈਬਨਿਟ ਮੰਤਰੀ ਨੈ ਕਿਹਾ ਕਿ ਜਿਲ੍ਹੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਵਿਚ ਵਾਧਾ ਕਰਦੇ ਹੋਏ ਸਿਵਲ ਹਸਪਤਾਲ ਵਿਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਕ੍ਰਸਨਾ ਡਾਇਗੋਨਾਸਟਿਕ ਸੈਂਟਰ ਵਲੋਂ ਸੀ.ਟੀ. ਸਕੈਨ ਮਸ਼ੀਨ ਅਤੇ ਲੈਬਾਰਟਰੀ ਸਥਾਪਿਤ ਕੀਤੀ ਗਈ ਹੈ, ਜਿਥੇ 24 ਤਰ੍ਹਾਂ ਦੇ ਸੀ.ਟੀ. ਸਕੈਨ ਅਤੇ 23 ਤਰ੍ਹਾਂ ਦੇ ਲੈਬ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੀ.ਟੀ. ਸਕੈਨ ਮਸ਼ੀਨ ਨਾਲ 18 ਜੁਲਾਈ ਤੋਂ ਲੈ ਕੇ ਹੁਣ ਤੱਕ 754 ਮਰੀਜ਼ਾਂ ਦੇ ਟੈਸਟ ਅਤੇ 1 ਜੁਲਾਈ ਤੋਂ ਹੁਣ ਤੱਕ 5832 ਮਰੀਜ਼ਾਂ ਦੇ ਲੈਬ ਟੈਸਟ ਘੱਟ ਰੇਟਾਂ 'ਤੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੀ.ਟੀ. ਸਕੈਨ ਬਰੇਨ, ਜੋ ਕਿ ਮਾਰਕੀਟ ਵਿਚ 3000 ਤੋਂ 3500 ਰੁਪਏ ਦੇ ਕਰੀਬ ਹੈ, ਉਹ ਸਕੈਨ ਇਥੇ 485 ਰੁਪਏ ਵਿਚ ਕੀਤੀ ਜਾ ਰਹੀ ਹੈ। ਵਿਟਾਮਿਨ-ਡੀ ਦਾ ਟੈਸਟ ਜੋ ਕਿ ਮਾਰਕੀਟ ਵਿਚ 1200-1300 ਰੁਪਏ ਵਿਚ ਕੀਤਾ ਜਾਂਦਾ ਹੈ, ਉਹ ਟੈਸਟ ਇਥੇ ਸਿਰਫ 290 ਰੁਪਏ ਵਿਚ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਬਾਕੀ ਸਕੈਨ ਅਤੇ ਲੈਬ ਟੈਸਟ ਵੀ ਇਥੇ ਬਹੁਤ ਘੱਟ ਰੇਟਾਂ ਵਿਚ ਮੁਹੱਈਆ ਕਰਵਾਏ ਜਾਂਦੇ ਹਨ। ਇਸ ਸਬੰਧੀ ਰੇਟ ਲਿਸਟ ਨੂੰ ਡਾਇਗੋਨਾਸਟਿਕ ਸੈਂਟਰ ਦੇ ਬਾਹਰ ਡਿਸਪਲੇਅ ਕਰ ਦਿੱਤਾ ਗਿਆ ਹੈ।
ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਸੇ ਤਰ੍ਹਾਂ ਸ਼ਹਿਰ ਵਿਚ ਅੰਤਰ-ਰਾਸ਼ਟਰੀ ਪੱਧਰ 'ਤੇ ਬਣਾਈਆਂ ਗਈਆਂ ਆਮ ਆਦਮੀ ਕਲੀਨਿਕਾਂ ਵੀ ਆਮ ਜਨਤਾ ਲਈ ਕਾਫ਼ੀ ਉਪਯੋਗੀ ਸਾਬਤ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਵਿਚ ਖੋਲ੍ਹੀਆਂ ਗਈਆਂ 4 ਆਮ ਆਦਮੀ ਕਲੀਨਿਕਾਂ ਵਿਚ 15 ਅਗਸਤ ਤੋਂ ਲੈ ਕੇ ਹੁਣ ਤੱਕ 6778 ਮਰੀਜ਼ਾਂ ਦੀ ਓ.ਪੀ.ਡੀ. ਕੀਤੀ ਗਈ ਹੈ ਅਤੇ 630 ਮਰੀਜ਼ਾਂ ਦੇ ਲੈਬ ਟੈਸਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਡਰੇਨੇਜ਼ ਵਿਭਾਗ ਦਫਤਰ ਵਿਚ ਹੁਣ ਤੱਕ 1837 ਮਰੀਜ਼ਾਂ ਦੀ ਓ.ਪੀ.ਡੀ. ਅਤੇ 144 ਦੇ ਲੈਬ ਟੈਸਟ, ਆਮ ਆਦਮੀ ਕਲੀਨਿਕ ਫਾਇਰ ਬ੍ਰਿਗੇਡ ਦਫ਼ਤਰ ਵਿਚ 1682 ਮਰੀਜਾਂ ਦੀ ਓ.ਪੀ.ਡੀ. ਅਤੇ 198 ਮਰੀਜ਼ਾਂ ਦੇ ਲੈਬ ਟੈਸਟ, ਆਮ ਆਦਮੀ ਕਲੀਨਿਕ ਨਗਰ ਨਿਗਮ ਪਾਰਕ ਵਿਚ 1868 ਮਰੀਜ਼ਾਂ ਦੀ ਓ.ਪੀ.ਡੀ. ਅਤੇ 146 ਮਰੀਜਾਂ ਦੇ ਲੈਬ ਟੈਸਟ ਅਤੇ ਆਮ ਆਦਮੀ ਕਲੀਨਿਕ ਨਲੋਈਆਂ ਚੌਕ ਵਿਚ 1391 ਮਰੀਜ਼ਾਂ ਦੀ ਓ.ਪੀ.ਡੀ., 142 ਮਰੀਜਾਂ ਦੇ ਲੈਬ ਟੈਸਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਹੋਰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਖੁਦ ਸਮੇਂ-ਸਮੇਂ 'ਤੇ ਸਿਹਤ ਕੇਂਦਰਾਂ ਦਾ ਅਚਨਚੇਤੀ ਨਿਰੀਖਣ ਕਰਦੇ ਰਹਿਣਗੇ ਅਤੇ ਜੋ ਵੀ ਕਮੀਆਂ ਹੋਣਗੀਆਂ ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ।