ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਨੇ ਅੱਖਾਂ ਦਾਨ ਕਰਨ ਦਾ ਪ੍ਰਣ ਲੈ ਕੇ ਕਾਇਮ ਕੀਤੀ ਨਵੀਂ ਮਿਸਾਲ

ਡੀ ਸੀ ਤੋਂ ਪ੍ਰੇਰਿਤ ਹੋਏ ਸਿਵਲ ਸਰਜਨ ਡਾ. ਢਾਂਡਾ ਸਮੇਤ 300 ਸਿਹਤ ਸਟਾਫ਼ ਨੇ ਅੱਖਾਂ ਦਾਨ ਕਰਨ ਦਾ ਲਿਆ ਪ੍ਰਣ
ਨਵਾਂਸ਼ਹਿਰ, 1 ਸਤੰਬਰ :- ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਆਰੰਭੇ 37ਵੇਂ 'ਨੇਤਰਦਾਨ ਪੰਦਰਵਾੜੇ' ਦੌਰਾਨ ਹੋਰਨਾਂ ਲਈ ਮਿਸਾਲ ਬਣਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਮਰਣ ਉਪਰੰਤ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਲਿਆ।
ਉਨ੍ਹਾਂ ਕਿਹਾ ਕਿ 25 ਅਗਸਤ ਤੋਂ 8 ਸਤੰਬਰ ਤੱਕ ਮਨਾਏ ਜਾ ਰਹੇ 'ਨੇਤਰਦਾਨ ਪੰਦਰਵਾੜੇ' ਦਾ ਉਦੇਸ਼ ਲੋਕਾਂ ਵਿੱਚ ਮਰਣ ਉਪਰੰਤ ਅੱਖਾਂ ਦਾਨ ਕਰਨ ਪ੍ਰਤੀ ਪਾਈਆਂ ਜਾਂਦੀਆਂ ਗਲਤਫ਼ਹਿਮੀਆਂ ਨੂੰ ਦੂਰ ਕਰਕੇ, ਉਨ੍ਹਾਂ ਨੂੰ ਅਜਿਹੇ ਲੋਕਾਂ ਦੀਆਂ ਅੱਖਾਂ ਵਿੱਚ ਹਮੇਸ਼ਾਂ ਲਈ ਜਿਊਂਦਾ ਰੱਖਣ ਦੀ ਜਾਗਰੂਕਤਾ ਪੈਦਾ ਕਰਨਾ ਹੈ, ਜੋ ਕਿ ਵੱਖ-ਵੱਖ ਕਾਰਨਾਂ ਕਰਕੇ ਦੁਨੀਆ ਨੂੰ ਦੇਖਣ ਤੋਂ ਅਸਮਰੱਥ ਹਨ। ਉਨ੍ਹਾਂ ਹੋਰਨਾਂ ਲੋਕਾਂ ਅਤੇ ਸਵੈ-ਸੇਵੀ ਸੰਸਥਾਂਵਾਂ ਨੂੰ ਲੋਕਾਂ 'ਚ ਨੇਤਰਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਕੇ ਪ੍ਰਣ ਪੱਤਰ ਭਰਨ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੇ ਇਸ ਦੁਨੀਆਂ ਤੋਂ ਜਾਣ ਬਾਅਦ ਵੀ ਉਨ੍ਹਾਂ ਦੀ ਅੱਖਾਂ ਉਨ੍ਹਾਂ ਲਾਚਾਰ ਤੇ ਮਜਬੂਰ ਲੋਕਾਂ ਦੇ ਕੰਮ ਆ ਸਕਣ, ਜੋ ਅੱਖਾਂ ਦੀ ਰੌਸ਼ਨੀ ਨਾ ਹੋਣ ਕਾਰਨ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਨੇ ਨਵਾਂਸ਼ਹਿਰ 'ਚ ਕੰਮ ਕਰ ਰਹੀ ਨੇਤਰਦਾਨ ਸੰਸਥਾ 'ਆਈ ਡੋਨੇਸ਼ਨ ਐਸੋਸੀਏਸ਼ਨ' ਦੀ ਮਿਸਾਲ ਦਿੰਦਿਆਂ ਕਿਹਾ ਕਿ ਹੁਣ ਤੱਕ 543 ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨੇਤਰਦਾਨ ਪ੍ਰਤੀ ਜਾਗਰੂਕ ਕਰਕੇ 1000 ਦੇ ਕਰੀਬ ਲੋਕਾਂ ਦੀ ਹਨ੍ਹੇਰੀ ਜ਼ਿੰਦਗੀ ਨੂੰ ਰੁਸ਼ਨਾ ਚੁੱਕੀ ਇਹ ਸੰਸਥਾ ਨੇਤਰਦਾਨ ਦੀ ਅਹਿਮੀਅਤ ਦੀ ਸਭ ਤੋਂ ਵੱਡੀ ਉਦਾਹਰਣ ਹੈ।
ਇਸ ਮੌਕੇ ਮੌਜੂਦ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਮੁਖੀ ਵੱਲੋਂ ਅੱਖਾਂ ਦਾਨ ਦੇ ਪ੍ਰਣ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਸਮੇਤ ਜ਼ਿਲ੍ਹੇ ਦੇ 300 ਸਿਹਤ ਸਟਾਫ਼ ਨੇ ਨੇਤਰਦਾਨ ਦਾ ਪ੍ਰਣ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਦੇਸ਼ ਦੇ ਨੇਤਰਹੀਣ ਦਿਵਿਆਂਗਾਂ ਵਿੱਚ ਵੱਡੀ ਗਿਣਤੀ ਅਜਿਹੇ ਨੇਤਰਹੀਣ ਲੋਕਾਂ ਦੀ ਹੈ, ਜਿਨ੍ਹਾਂ ਨੂੰ 'ਕੋਰਨੀਅਲ ਬਲਾਈਂਡਨੈਸ' ਹੈ ਅਤੇ ਉਨ੍ਹਾਂ ਦਾ ਇਲਾਜ ਮਰਨ ਉਪਰੰਤ ਦਾਨ ਕੀਤੇ ਜਾ ਸਕਦੇ 'ਕੋਰਨੀਅਲ ਟ੍ਰਾਂਸਪਲਾਂਟੇਸ਼ਨ' ਨਾਲ ਸੰਭਵ ਹੈ। ਇਸ ਲਈ ਸਾਨੂੰ ਨੇਤਰਦਾਨ ਦੇ ਮਹਾਨ ਕਾਰਜ ਤੋਂ ਖੁੰਝਣਾ ਨਹੀਂ ਚਾਹੀਦਾ ਬਲਕਿ ਅੱਜ ਹੀ ਆਪਣੀ ਨੇਤਰਦਾਨ ਪ੍ਰਤੀ ਸਹਿਮਤੀ ਦਾ ਪ੍ਰਣ ਪੱਤਰ ਭਰਨਾ ਚਾਹੀਦਾ ਹੈ।
ਡਾ. ਢਾਂਡਾ ਨੇ ਦੱਸਿਆ ਕਿ ਨੇਤਰਹੀਣਤਾ ਸਾਡੇ ਦੇਸ਼ ਵਿੱਚ ਜਨਤਕ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ। ਵਿਸ਼ਵ ਸਿਹਤ ਸੰਸਥਾ ਦੇ ਅਨੁਸਾਰ ਮੋਤੀਆ ਬਿੰਦ ਤੋਂ ਬਾਅਦ, ਕੋਰਨੀਆ ਦੀਆਂ ਬਿਮਾਰੀਆਂ (ਅੱਖ ਦੇ ਅਗਲੇ ਹਿੱਸੇ ਨੂੰ ਢੱਕਣ ਵਾਲੇ ਟਿਸ਼ੂ ਨੂੰ ਕੋਰਨੀਆ ਕਿਹਾ ਜਾਂਦਾ ਹੈ), ਨਜ਼ਰ ਦੇ ਨੁਕਸਾਨ ਅਤੇ ਅੰਨ੍ਹੇਪਣ ਦੇ ਮੁੱਖ ਕਾਰਨ ਹਨ। ਕੋਰਨੀਆ ਦੇ ਨੁਕਸਾਨ ਦੇ ਕਾਰਨ ਨਜ਼ਰ ਦੇ ਨੁਕਸਾਨ ਨੂੰ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਜਾਂ ਕੇਰਾਟੋਪਲਾਸਟੀ ਵਜੋਂ ਜਾਣੀ ਜਾਂਦੀ ਇੱਕ ਸਰਜੀਕਲ ਪ੍ਰਕਿਰਿਆ ਦੁਆਰਾ ਠੀਕ ਕੀਤਾ ਜਾ ਸਕਦਾ ਹੈ, ਜਿੱਥੇ ਖਰਾਬ ਹੋਏ ਕੋਰਨੀਆ ਨੂੰ ਦਾਨੀ ਅੱਖ ਤੋਂ ਇੱਕ ਸਿਹਤਮੰਦ ਕੋਰਨੀਆ ਨਾਲ ਬਦਲਿਆ ਜਾਂਦਾ ਹੈ।
ਜ਼ਿਲ੍ਹਾ ਨੋਡਲ ਅਫ਼ਸਰ ਡਾ. ਬਲਵਿੰਦਰ ਕੁਮਾਰ ਨੇ 25 ਅਗਸਤ ਤੋਂ 8 ਸਤੰਬਰ ਤੱਕ ਮਨਾਏ ਜਾ ਰਹੇ ਇਸ ਪੰਦਰਵਾੜੇ ਦੌਰਾਨ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਗਰੂਕਤਾ ਰਾਹੀਂ ਅੱਖਾਂ ਦਾਨ ਸਬੰਧੀ ਭਰਮ-ਭੁਲੇਖਿਆਂ ਨੂੰ ਦੂਰ ਕੀਤਾ ਜਾ ਰਿਹਾ ਹੈ। ਅੱਖਾਂ ਦਾਨ ਕਰਨ ਲਈ ਰਜਿਸਟ੍ਰੇਸ਼ਨ ਫਾਰਮ ਜ਼ਿਲ੍ਹਾ ਹਸਪਤਾਲ, ਸਬ-ਡਵੀਜ਼ਨ ਹਸਪਤਾਲਾਂ ਅਤੇ ਹੋਰਨਾਂ ਸਿਹਤ ਸੈਂਟਰਾਂ ਵਿੱਚ ਉਪਲੱਬਧ ਹਨ। ਇਸ ਤੋਂ ਇਲਾਵਾ ਹੁਣ ਲੋਕ ਵੈੱਬਸਾਈਟ https://nhm.punjab.gov.in/Eye_Donation  'ਤੇ ਲੌਗਇਨ ਕਰਕੇ ਆਨਲਾਈਨ ਰਜਿਸਟਰ ਕਰਕੇ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਕਰ ਸਕਦੇ ਹਨ।
ਸਿਹਤ ਵਿਭਾਗ ਦੀ ਮਾਸਿਕ ਸਮੀਖਿਆ ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਜ਼ਿਲ੍ਹੇ 'ਚ ਚੱਲ ਰਹੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਸਮੇਤ ਡਿਪਟੀ ਕਮਿਸ਼ਨਰ ਨੂੰ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਠਗੜ੍ਹ ਵਿੱਚ ਡੇਂਗੂ ਆਊਟਬਰੇਕ ਦੀ ਸਥਿਤੀ ਬਣ ਗਈ ਸੀ, ਜਿਸ ਨੂੰ ਸਿਹਤ ਵਿਭਾਗ ਨੇ ਕੰਟਰੋਲ ਹੇਠ ਕਰ ਲਿਆ ਹੈ। 25 ਅਗਸਤ ਤੋਂ ਬਾਅਦ ਇਸ ਇਲਾਕੇ ਵਿੱਚ ਡੇਂਗੂ ਦਾ ਕੋਈ ਵੀ ਕੇਸ ਰਿਪੋਰਟ ਨਹੀਂ ਹੋਇਆ ਹੈ।
       ਮੀਟਿੰਗ ਵਿੱਚ ਐਸ ਡੀ ਐਮ ਬਲਾਚੌਰ ਸੂਬਾ ਸਿੰਘ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡਾ. ਗੁਰਲੀਨ ਸਿੱਧੂ ਸਮੇਤ ਸਿਹਤ ਵਿਭਾਗ ਦੇ ਵੱਖ-ਵੱਖ ਅਧਿਕਾਰੀ ਵੀ ਮੌਜੂਦ ਸਨ।

 width=Virus-free.www.avast.com