ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲੇ ਤੇ 6 ਸਤੰਬਰ ਨੂੰ ਫਸਲਾਂ ਦੇ ਨਵੇਂ ਬੀਜ ਮਿਲਣਗੇ

ਉਦਘਾਟਨ ਡਿਪਟੀ ਸਪੀਕਰ ਜੈ ਕਿ੍ਰਸ਼ਨ ਸਿੰਘ ਰੌੜੀ ਕਰਨਗੇ, ਵਿਧਾਇਕਾ ਸੰਤੋਸ਼ ਕਟਾਰੀਆ ਵਿਸ਼ੇਸ਼ ਮਹਿਮਾਨ ਹੋਣਗੇ ਤੇ ਉਪ ਕੁਲਪਤੀ ਡਾ. ਸਤਵੀਰ ਸਿਘ ਗੋਸਲ ਪ੍ਰਧਾਨਗੀ ਕਰਨਗੇ
ਨਵਾਂਸ਼ਹਿਰ, 3 ਸਤੰਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਸ਼ੁਰੂ ਕੀਤੇ ਹਾੜ੍ਹੀ ਰੁੱਤ ਦੇ ਕਿਸਾਨ ਮੇਲਿਆਂ ਦੀ ਲੜੀ ਵਿਚੋਂ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿਖੇ ਆਯੋਜਿਤ ਕੀਤਾ ਜਾਂਦਾ ਕਿਸਾਨ ਮੇਲਾ ਲਗਪਗ ਦੋ ਸਾਲਾਂ ਬਾਅਦ ਆਫ-ਲਾਈਨ ਤਰੀਕੇ ਰਾਹੀਂ ਮਿਤੀ 6 ਸਤੰਬਰ, 2022 ਦਿਨ ਮੰਗਲਵਾਰ ਨੂੰ ਲਗਾਇਆ ਜਾ ਰਿਹਾ ਹੈ।
ਡਾ. ਮਨਮੋਹਨਜੀਤ ਸਿੰਘ, ਨਿਰਦੇਸ਼ਕ, ਖੇਤਰੀ ਖੋਜ ਕੇਂਦਰ ਨੇ ਦੱਸਿਆ ਕਿ ਇਸ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ "ਕਿਸਾਨੀ, ਜਵਾਨੀ ਅਤੇ ਪੌਣ-ਪਾਣੀ ਬਚਾਈਏ, ਆਓ ਰੰਗਲਾ ਪੰਜਾਬ ਬਣਾਈਏ" ਵਿਸ਼ੇ ਨੂੰ ਸਮਰਪਿਤ ਹੋਣਗੇ। ਇਸ ਮੌਕੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਤਕਨੀਕੀ ਜਾਣਕਾਰੀ ਸਾਂਝੀ ਕਰਨ ਦੇ ਨਾਲ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ। ਮਾਂਹ, ਮੱਕੀ, ਕਣਕ, ਜੌਂ, ਮਾਂਹ, ਮੂੰਗੀ, ਮਸਰ, ਛੋਲੇ, ਤੇਲਬੀਜ ਆਦਿ ਦੀਆਂ ਸੁਧਰੀਆ ਕਿਸਮਾਂ ਦੇ ਬੀਜ ਅਤੇ ਹਾੜ੍ਹੀ ਰੁੱਤ ਵਿੱਚ ਲਗਾਉਣ ਵਾਲੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਵੀ ਮੇਲੇ ਵਿੱਚ ਦਿੱਤੀਆਂ ਜਾਣਗੀਆਂ। ਇਸ ਮੇਲੇ ਵਿੱਚ ਕਣਕ ਦੀ ਨਵੀਂ ਕਿਸਮ ਪੀ ਬੀ ਡਬਲਯੂ 826 ਦਾ ਬੀਜ  ਵੀ ਮਿਲੇਗਾ। ਇਸ ਤੋਂ ਇਲਾਵਾ ਫਲਦਾਰ ਬੂਟੇ ਜਿਵੇਂ ਕਿ ਲੀਚੀ, ਅੰਬ, ਅਮਰੂਦ, ਕਿੰਨੂ, ਆਂਵਲਾ, ਜਾਮਣ, ਅੰਗੂਰ, ਅਨਾਰ, ਨਿੰਬੂ ਦੀਆਂ ਸੁਧਰੀਆਂ ਕਿਸਮਾਂ ਅਤੇ ਸਬਜੀਆਂ ਦੀ ਪਨੀਰੀ ਦੀ ਵਿੱਕਰੀ ਵੀ ਕੀਤੀ ਜਾਵੇਗੀ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਲੋਂ ਨਵੀਆਂ ਤਕਨੀਕਾਂ ਦੀਆਂ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ। ਇਸ ਮੌਕੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਿਸਟੀ ਤੋਂ ਪਸ਼ੂਆਂ ਦੇ ਡਾਕਟਰ ਬੀਮਾਰ ਪਸ਼ੂਆਂ ਦੇ ਇਲਾਜ ਲਈ ਮੁਫਤ ਜਾਣਕਾਰੀ ਦੇਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਪਸ਼ੂਆਂ ਵਿੱਚ ਫੈਲੀ ਲੰਪਬਿਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਮੇਲੇ ਤੇ ਪਸ਼ੂਆਂ ਨੂੰ ਇਲਾਜ ਲਈ  ਨਾ ਲਿਆਉਣ ।
ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ, ਜੈ ਕਿ੍ਰਸ਼ਨ ਸਿੰਘ ਰੌੜੀ ਸ਼ਾਮਿਲ ਹੋਣਗੇ ਜਦਕਿ ਐਮ.ਐਲ.ਏ. ਬਲਾਚੌਰ, ਸ੍ਰੀਮਤੀ ਸੰਤੋਸ਼ ਕਟਾਰੀਆ ਵਿਸ਼ੇਸ਼ ਮਹਿਮਾਨ ਵਜੋਂ ਪੁੱਜਣਗੇ ਜਦਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਵੀਰ ਸਿਘ ਗੋਸਲ ਮੇਲੇ ਦੀ ਪ੍ਰਧਾਨਗੀ ਕਰਨਗੇ।