ਦੇਸ਼ ਅਤੇ ਰਾਜ ਨਾਲ ਸਬੰਧਤ ਨਫ਼ਰਤੀ, ਫਿਰਕੂ ਅਤੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਨਾ ਕਰੋ
ਨਵਾਂਸ਼ਹਿਰ, 7 ਦਸੰਬਰ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਚਲਾਏ ਜਾ ਰਹੇ ਵੈਬ/ਸੋਸ਼ਲ
ਮੀਡੀਆ ਚੈਨਲਾਂ ਪਾਸੋਂ ਸਹਿਯੋਗ ਦੀ ਮੰਗ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਭਾਗੀਰਥ ਸਿੰਘ
ਮੀਣਾ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਿਸੇ ਵੀ
ਤਰ੍ਹਾਂ ਦੀ ਗੁੰਮਰਾਹਕੁੰਨ ਜਾਣਕਾਰੀ ਜਾਂ ਜਾਅਲੀ ਸੂਚਨਾਵਾਂ ਸਾਂਝੀਆਂ ਨਾ ਕਰਨ। ਅੱਜ
ਜ਼ਿਲ੍ਹਾ ਪੁਲਿਸ ਦਫ਼ਤਰ, ਨਵਾਂਸ਼ਹਿਰ ਵਿਖੇ ਸੋਸ਼ਲ ਮੀਡੀਆ ਚੈਨਲਾਂ ਦੀ ਮੀਟਿੰਗ ਕਰਦੇ ਹੋਏ
ਐਸ ਐਸ ਪੀ ਮੀਣਾ ਨੇ ਕਿਹਾ ਕਿ ਸਾਨੂੰ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ
ਆਈ.ਟੀ.ਐਕਟ 2000 ਦੀਆਂ ਧਾਰਾਵਾਂ 69-ਏ-1 ਅਤੇ 79-3-ਬੀ ਵਿੱਚ ਦਰਜ ਦਿਸ਼ਾ-ਨਿਰਦੇਸ਼ਾਂ
ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੋਸ਼ਲ ਮੀਡੀਆ
ਚੈਨਲਾਂ ਨੂੰ ਅਧੂਰੀਆਂ, ਅਪ੍ਰਮਾਣਿਤ ਖਿੱਚ ਪਾਊ ਸੁਰਖੀਆਂ ਦੀ ਬਜਾਏ ਸਹੀ ਅਤੇ ਤੱਥਾਂ
'ਤੇ ਅਧਾਰਤ ਜਾਣਕਾਰੀ ਪ੍ਰਸਾਰਿਤ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਵੀ ਭਾਈਚਾਰੇ, ਰਾਜ ਅਤੇ ਰਾਸ਼ਟਰ ਨਾਲ ਸਬੰਧਤ
ਕਿਸੇ ਵੀ ਗ਼ਲਤ ਖ਼ਬਰ/ਸੂਚਨਾ ਨੂੰ ਰੋਕਣ ਅਤੇ ਹਟਾਉਣ ਅਤੇ ਸਬੰਧਤ ਅਥਾਰਟੀ ਵੱਲੋਂ ਦਿੱਤੇ
ਸਹੀ ਤੱਥਾਂ ਮੁਤਾਬਕ ਆਮ ਲੋਕਾਂ ਨੂੰ ਜਾਣੂ ਕਰਵਾਉਣ ਵਿੱਚ ਸਹਿਯੋਗ ਦੇਣ।
ਸਮਾਜ ਵਿੱਚ ਰਹਿੰਦੇ ਭਾਈਚਾਰਿਆਂ, ਧਰਮਾਂ ਜਾਂ ਕਿਸੇ ਹੋਰ ਵਿਚਕਾਰ ਟਕਰਾਅ ਦੀ
ਪਛਾਣ ਨਾਲ ਸਬੰਧਤ ਕਿਸੇ ਵੀ ਸੰਵੇਦਨਸ਼ੀਲ ਜਾਣਕਾਰੀ ਜਨਤਕ ਕਰਨ ਤੋਂ ਬਚਣ ਦੀ ਅਪੀਲ
ਕਰਦਿਆਂ, ਉਨ੍ਹਾਂ ਕਿਹਾ ਕਿ ਕੋਈ ਵੀ ਜਾਣਕਾਰੀ ਜਾਂ ਇੰਟਰਵਿਊ ਸਾਂਝੀ ਕਰਨ ਤੋਂ ਪਹਿਲਾਂ
ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪ੍ਰੋਗਰਾਮ ਦੀ ਭਾਵਨਾ ਰਾਜ ਅਤੇ ਰਾਸ਼ਟਰ ਦੀ ਏਕਤਾ
ਤੇ ਅਖੰਡਤਾ, ਸ਼ਾਂਤੀ ਅਤੇ ਸਦਭਾਵਨਾ ਦੇ ਨਾਲ-ਨਾਲ ਸਮਾਜ ਵਿੱਚ ਰਹਿੰਦੇ ਭਾਈਚਾਰਿਆਂ ਜਾਂ
ਰਾਸ਼ਟਰਾਂ ਦਰਮਿਆਨ ਸਮਾਜਿਕ ਸਾਂਝ ਨੂੰ ਨੁਕਸਾਨ ਨਾ ਪਹੁੰਚਾ ਸਕੇ। ਐਸ ਐਸ ਪੀ ਭਗੀਰਥ
ਸਿੰਘ ਮੀਣਾ ਨੇ ਸੋਸ਼ਲ ਮੀਡੀਆ ਚੈਨਲਾਂ ਨੂੰ ਜਾਣਕਾਰੀ ਦੇ ਸਰੋਤਾਂ ਦੇ ਪ੍ਰਮਾਣ ਦੀ
ਮਹੱਤਤਾ ਦੱਸਦਿਆਂ, ਸਿਰਫ਼ ਉਹੀ ਜਾਣਕਾਰੀ ਸਾਂਝੀ ਕਰਨ 'ਤੇ ਜ਼ੋਰ ਦਿੱਤਾ, ਜੋ ਪ੍ਰਮਾਣਿਤ
ਹੋਵੇ। ਮੀਟਿੰਗ ਵਿੱਚ ਡੀ.ਐਸ.ਪੀਜ਼ ਮਾਧਵੀ ਸ਼ਰਮਾ ਅਤੇ ਲਖਵੀਰ ਸਿੰਘ ਵੀ ਹਾਜ਼ਰ ਸਨ।