‘ਸੇਫ਼ ਸਕੂਲ ਵਾਹਨ’ ਪਾਲਿਸੀ ਤਹਿਤ 6 ਸਕੂਲ ਵਾਹਨਾਂ ਦੇ ਕੱਟੇ ਗਏ ਚਲਾਨ

ਨਵਾਂਸ਼ਹਿਰ, 6 ਦਸੰਬਰ : ਜ਼ਿਲ੍ਹੇ 'ਚ ਸਕੂਲੀ ਬੱਚਿਆਂ ਨੂੰ ਲੈ ਕੇ ਜਾਣ ਵਾਲੇ ਸਕੂਲ ਵਾਹਨਾਂ 'ਚ ਬੱਚਿਆਂ ਦੀ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਅੱਜ 'ਸੇਫ ਸਕੂਲ ਵਾਹਨ' ਪਾਲਿਸੀ ਤਹਿਤ ਸਕੂਲ ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ 6 ਵਾਹਨਾਂ ਦੇ ਪਾਲਿਸੀ ਦੀਆਂ ਸ਼ਰਤਾਂ ਅਨੁਸਾਰ ਮਿਆਰ ਨਾ ਹੋਣ 'ਤੇ ਚਲਾਨ ਕੀਤੇ ਗਏ।  ਡਿਪਟੀ ਕਮਿਸ਼ਨਰ ਨਵਜੋਤ ਸਿੰਘ ਰੰਧਾਵਾ ਅਨੁਸਾਰ ਐਸ ਡੀ ਐਮ ਨਵਾਂਸ਼ਹਿਰ ਮੇਜਰ ਡਾ. ਸ਼ਿਵਰਾਜ ਸਿੰਘ ਬੱਲ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਸਹਿਯੋਗੀ ਵਿਭਾਗਾਂ ਨੂੰ ਨਾਲ ਲੈ ਕੇ ਅੱਜ ਨਵਾਂਸ਼ਹਿਰ 'ਚ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਕਰੀਬ 9 ਸਕੂਲਾਂ ਦੀਆਂ 14 ਬੱਸਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ 'ਚੋਂ ਦਸਤਾਵੇਜ਼ਾਂ ਤੇ ਹੋਰ ਖਾਮੀਆਂ ਪਾਏ ਜਾਣ 'ਤੇ 6 ਬੱਸਾਂ ਦੇ ਚਲਾਨ ਵੀ ਕੱਟੇ ਗਏ। ਇਸ ਚੈਕਿੰਗ ਟੀਮ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ, ਮਿਸ ਰੋਹਿਤਾ (ਆਊਟ ਰੀਚ ਵਰਕਰ), ਡਾ. ਸੁਰਿੰਦਰ ਅਗਨੀਹੋਤਰੀ (ਪਿ੍ਰੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੰਗੜੋਆ), ਵਿਕਰਮਜੀਤ ਸਿੰਘ (ਕਲਰਕ, ਦਫਤਰ ਉਪ-ਮੰਡਲ ਮੈਜਿਸਟ੍ਰੇਟ), ਗੁਰਮੇਲ ਸਿੰਘ (ਏ.ਐਸ.ਆਈ. ਟ੍ਰੈਫਿਕ), ਅਮਰੀਕ ਸਿੰਘ (ਹੈੱਡ ਕਾਂਸਟੇਬਲ, ਟ੍ਰੈਫ਼ਿਕ ਪੁਲਿਸ) ਅਤੇ ਜਰਨੈਲ ਸਿੰਘ (ਏ.ਐਸ.ਆਈ.), ਰਾਮ ਸਿੰਘ (ਏ.ਐਸ.ਆਈ.), ਹਰਭਜਨ ਸਿੰਘ, ਪੁਲਿਸ ਵਿਭਾਗ ਨਵਾਂਸ਼ਹਿਰ ਸ਼ਾਮਿਲ ਸਨ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋ ਦੱਸਿਆ ਗਿਆ ਕਿ ਜਿਨ੍ਹਾਂ ਸਕੂਲੀ ਬੱਸਾਂ ਦਾ ਚਲਾਨ ਕੀਤਾ ਗਿਆ, ਉਨ੍ਹਾਂ 'ਚ ਸੇਂਟ ਸੋਲਜ਼ਰ ਸਕੂਲ, ਕੈਂਬਰੀਜ਼ ਪਬਲਿਕ ਸਕੂਲ, ਪ੍ਰਕਾਸ਼ ਮਾਡਲ ਸਕੂਲ ਅਤੇ ਗੁਰੂ ਨਾਨਕ ਮਿਸ਼ਨ ਸੀ. ਸੈ. ਸਕੂਲ ਤੇ ਸੇਂਟ ਜੋਸਫ਼ ਸਕੂਲ ਦੀਆਂ ਬੱਸਾਂ ਸ਼ਾਮਲ ਸਨ। ਚੈਕਿੰਗ ਦੌਰਾਨ ਪਾਇਆ ਗਿਆ ਕਿ ਕਈ ਸਕੂਲ ਵਾਹਨਾਂ ਦੇ ਦਸਤਾਵੇਜ਼ ਪੂਰੇ ਨਹੀ ਸਨ, ਕਈ ਸਕੂਲਾਂ ਵਿੱਚ ਲੇਡੀ ਅਟੈਂਡੈਂਟ ਨਹੀ ਸੀ, ਜਿਆਦਾਤਰ ਸਕੂਲ ਸਰਕਾਰ ਵੱਲੋ ਚਲਾਈ ਜਾ ਰਹੀ 'ਸੇਫ਼ ਸਕੂਲ ਵਾਹਨ' ਪਾਲਿਸੀ ਦੀਆਂ ਸ਼ਰਤਾਂ ਨੂੰ ਪੂਰਾ ਨਹੀ ਕਰਦੇ ਸਨ, ਇਸ ਲਈ 6 ਬੱਸਾਂ ਦੇ ਚਲਾਨ ਵੀ ਮੌਕੇ 'ਤੇ ਕੀਤੇ ਗਏ। ਜਿਨ੍ਹਾਂ ਵਿੱਚ ਪ੍ਰਦੂਸ਼ਨ ਸਰਟੀਫ਼ਿਕੇਟ, ਡਰਾਈਵਰ ਦੀ ਵਰਦੀ, ਬੀਮਾ, ਵਹੀਕਲ ਪਰਮਿਟ ਦੀ ਵੀ ਚੈਕਿੰਗ ਕੀਤੀ ਗਈ। ਇਸ ਤੋ ਇਲਾਵਾ ਮੌਕੇ 'ਤੇ 'ਸੇਫ਼ ਸਕੂਲ ਵਾਹਨ' ਪਾਲਿਸੀ ਦੀਆਂ ਹਦਾਇਤਾਂ ਸਬੰਧੀ ਡਰਾਈਵਰਾਂ/ਵਾਹਨ ਮਾਲਕਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਹਦਾਇਤ ਕੀਤੀ ਗਈ ਕਿ 'ਸੇਫ਼ ਸਕੂਲ ਵਾਹਨ' ਪਾਲਿਸੀ ਅਨੁਸਾਰ ਸਕੂਲੀ ਬੱਸਾਂ ਦੇ ਸਾਰੇ ਦਸਤਾਵੇਜ਼ ਜਲਦ ਤੋ ਜਲਦ ਪੂਰੇ ਕੀਤੇ ਜਾਣ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਸਕੂਲੀ ਬੱਸਾਂ ਦੀ ਚੈਕਿੰਗ ਲਗਾਤਾਰ ਕੀਤੀ ਜਾਵੇਗੀ ਤਾਂ ਜੋ ਬੱਸਾਂ ਰਾਹੀ ਸਕੂਲ ਤੱਕ ਸਫ਼ਰ ਕਰਨ ਵਾਲੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਫ਼ੋਟੋ ਕੈਪਸ਼ਨ: ਨਵਾਂਸ਼ਹਿਰ ਵਿੱਚ ਮੰਗਲਵਾਰ ਨੂੰ 'ਸੇਫ਼ ਸਕੂਲ ਵਾਹਨ' ਪਾਲਿਸੀ ਅਨੁਸਾਰ ਸਕੂਲੀ ਵਾਹਨਾਂ ਦੀ ਚੈਕਿੰਗ ਕਰਦੀ ਹੋਈ ਟੀਮ।