ਏਡਜ਼ ਸਬੰਧੀ ਜਾਗਰੂੂਕਤਾ ਨਾਲ ਸੂਬੇ 'ਚੋਂ ਏਡਜ਼ ਨੂੰ ਦੂਰ ਕਰਨ 'ਚ ਕਰੇਗੀ ਮੱਦਦ -
ਜ਼ਿਲ੍ਹਾ ਸਿਖਿਆ ਅਫ਼ਸਰ ਕੁਲਤਰਨਜੀਤ ਸਿੰਘ
ਬੰਗਾ, 9 ਦਸੰਬਰ : ਜ਼ਿਲ੍ਹਾ ਸਿਖਿਆ ਅਫ਼ਸਰ (ਸੈਕੰਡਰੀ ਸਿਖਿਆ) ਕੁਲਤਰਨਜੀਤ ਸਿੰਘ ਨੇ
ਡਾਇਰੈਕਟਰ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਤੇ ਪੰਜਾਬ ਸਟੇਟ ਏਡਜ਼
ਕੰਟਰੋਲ ਸੁਸਾਇਟੀ ਦੀ ਪਹਿਲ ਕਦਮੀ 'ਤੇ ਸਕੂਲਾਂ 'ਚ ਚਲਾਈ ਜਾ ਰਹੀ ਏਡਜ਼ ਜਾਗਰੂਕਤਾ ਅਤੇ
ਕਿਸ਼ੋਰ ਅਵਸਥਾ ਤਬਦੀਲੀਆਂ ਸਬੰਧੀ ਮੁਹਿੰਮ ਨੂੰ ਸੂਬੇ 'ਚੋਂ ਇਸ ਬਿਮਾਰੀ ਨੂੰ ਦੂਰ ਕਰਨ
ਪ੍ਰਤੀ ਵੱਡਾ ਉਪਰਾਲਾ ਕਰਾਰ ਦਿੱਤਾ। ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ
ਨੌਰਾ ਵਿਖੇ ਜ਼ਿਲ੍ਹੇ ਦੇ ਨੋਡਲ ਅਧਿਆਪਕਾਂ ਦੀ ਐਡਵੋਕੇਸੀ ਵਰਕਸ਼ਾਪ ਦੇ ਦੂਸਰੇ ਤੇ ਆਖਰੀ
ਦਿਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਿਲ ਅਤੇ
ਝਿਜਕ ਵਾਲੇ ਵਿਸ਼ੇ 'ਤੇ ਜਾਣਕਾਰੀ ਬਹੁਤ ਹੀ ਅਸਾਨੀ ਨਾਲ ਪੜ੍ਹਾ ਸਕਦੇ ਹਨ। ਹੁਣ ਸਮਾਂ ਆ
ਗਿਆ ਹੈ ਕਿ ਸਾਨੂੰ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਜਾਣਕਾਰੀ ਨੂੰ ਲੁਕੋਣ ਦੀ ਥਾਂ ਜੁਆਨ
ਹੋ ਰਹੀ ਪੀੜ੍ਹੀ ਨੂੰ ਇਨ੍ਹਾਂ ਨਾਲ ਸਬੰਧਤ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਆਪਣੇ
ਆਲੇ-ਦੁਆਲੇ 'ਚ ਜਾਗਰੂਕਤਾ ਫੈਲਾਉਣ ਲਈ ਦੱਸਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ
ਸਕੂਲਾਂ ਅੰਦਰ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਨਾਲ ਸੂਬੇ ਅੰਦਰੋਂ ਏਡਜ਼ ਰੋਗੀਆਂ ਦੀ
ਗਿਣਤੀ ਨੂੰ ਘੱਟ ਕਰਨ 'ਚ ਵੀ ਮੱਦਦ ਮਿਲੇਗੀ ਅਤੇ ਜੇਕਰ ਕੋਈ ਪੀੜਤ ਹੋਇਆ ਤਾਂ ਉਸ ਨੂੰ
ਜਾਗਰੂਕਤਾ ਰਾਹੀਂ ਇਲਾਜ ਕਰਵਾਉਣ ਵੱਲ ਪ੍ਰੇਰਿਤ ਕਰਨ ਨਾਲ ਵੀ ਅਸੀਂ ਸਮਾਜ ਦਾ ਭਲਾ ਕਰ
ਸਕਦੇ ਹਾਂ। ਉਨ੍ਹਾਂ ਕਿਹਾ ਕਿ ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹਨ। ਇਸ ਕਰਕੇ ਸਾਨੂੰ
ਇਨ੍ਹਾਂ ਦੇ ਭਵਿੱਖ ਅਤੇ ਸਖਸ਼ੀ ਵਿਕਾਸ ਵਿੱਚ ਕੋਈ ਵੀ ਕਮੀ ਨਹੀ ਛੱਡਣੀ ਚਾਹੀਦੀ।
ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦੋ ਦਿਨਾਂ ਵਰਕਸ਼ਾਪ ਦਾ ਲਾਹਾ ਲੈ ਕੇ,
ਵਰਕਸ਼ਾਪ ਵਿੱਚੋਂ ਪ੍ਰਾਪਤ ਕੀਤੇ ਗਿਆਨ ਨੂੰ ਆਪਣੇ ਸਕੂਲਾਂ ਦੇ ਵਿਦਿਆਰਥੀਆਂ ਤੱਕ ਵੀ
ਜ਼ਰੂਰ ਪਹੁੰਚਾਉਣ। ਰਾਜੇਸ਼ ਕੁਮਾਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਮਾਜ ਵਿੱਚ ਆ ਰਹੀਆਂ
ਕੁਰੀਤੀਆਂ ਨੂੰ ਵਿਦਿਆਰਥੀਆਂ ਦੇ ਮਾਧਿਅਮ ਰਾਹੀਂ ਖਤਮ ਕਰਨ ਲਈ ਪ੍ਰੇਰਿਤ ਕੀਤਾ।
ਜਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਨੇ ਜਿਲ੍ਹਾ ਸਿੱਖਿਆ ਅਫ਼ਸਰ ਅਤੇ ਵਰਕਸ਼ਾਪ
ਵਿੱਚ ਜ਼ਿਲੇ੍ਹ ਦੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਸਮੂਹ ਅਧਿਆਪਕਾਂ ਦਾ ਧੰਨਵਾਦ
ਕਰਦਿਆਂ, ਵਿਦਿਆਰਥੀਆਂ ਨੂੰ ਇਸ ਉਮਰ ਗਰੁੱਪ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਤੋਂ
ਵਿਸਥਾਰਪੂਰਵਕ ਜਾਣੂ ਕਰਵਾਇਆ। ਇਸ ਮੌਕੇ ਨਵੀਨ ਪਾਲ ਗੁਲਾਟੀ ਮੁੱਖ ਅਧਿਆਪਕ ਸਰਕਾਰੀ
ਹਾਈ ਸਕੂਲ ਗਰਚਾ, ਨਵਨੀਤ ਕੌਰ ਲੈਕਚਰਾਰ ਬਾਇਓ ਨੇ ਕਿਸ਼ੋਰ ਅਵਸਥਾ ਸੰਬੰਧੀ ਵਿਦਿਆਰਥੀਆਂ
ਵਿੱਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਤਬਦੀਲੀਆਂ ਸੰਬੰਧੀ ਵੱਖ-ਵੱਖ ਬੁਲਾਰਿਆਂ ਦੁਆਰਾ
ਵਿਚਾਰ ਚਰਚਾ ਕੀਤੀ। ਇਸ ਮੌਕੇ ਬੁਲਾਰਿਆਂ ਨੇ ਵਾਤਾਵਰਣ, ਖਾਣ-ਪੀਣ, ਰਹਿਣ-ਸਹਿਣ,
ਪੜ੍ਹਨ, ਸੱਭਿਅਤਾ ਆਦਿ ਵਿੱਚ ਆ ਰਹੀਆਂ ਤਬਦੀਲੀਆਂ ਤੇ ਅਧਿਆਪਕਾਂ ਨਾਲ਼ ਵਿਦਿਆਰਥੀਆਂ
ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹੋਰ ਕਈ ਨੁਕਤੇ ਵੀ ਸਾਂਝੇ ਕੀਤੇ ਗਏ। ਉਨ੍ਹਾਂ
ਵਿਦਿਆਰਥੀਆਂ ਨੂੰ ਡਰੱਗ, ਮੋਬਾਈਲ ਆਦਿ ਦੇ ਬੁਰੇ ਪ੍ਰਭਾਵਾਂ ਸੰਬੰਧੀ ਵੀ ਜਾਣੂ
ਕਰਵਾਇਆ। ਇਸ ਮੌਕੇ ਪਿ੍ਰੰਸੀਪਲ ਸੁਰਿੰਦਰਪਾਲ ਅਗਨੀਹੋਤਰੀ, ਮੁਖੀ ਜ਼ਿਲ੍ਹਾ ਸਿੱਖਿਆ
ਸੁਧਾਰ ਕਮੇਟੀ, ਨਿਰਮਲ ਨਵਾਂਗ੍ਰਾਈ ਮੈਂਬਰ ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ, ਅਮਰਦੀਪ
ਕੌਰ, ਇੰਚਾਰਜ ਸਕੰਸਸਸ ਨੌਰਾ, ਸੰਜੀਵ ਕੁਮਾਰ ਸਾਇੰਸ ਮਾਸਟਰ ਸਸਸਸ ਮੁਕੰਦਪੁਰ, ਜਸਵੀਰ
ਚੰਦ ਨੌਰਾ, ਪੰਜਾਬੀ ਮਾਸਟਰ, ਬਲਵਿੰਦਰ ਕੁਮਾਰ, ਸੰਦੀਪ ਸਿੰਘ, ਬਲਦੀਸ਼ ਲਾਲ ਜ਼ਿਲ੍ਹਾ
ਗਾਈਡੈਂਸ ਕੌਂਸਲਰ ਆਦਿ ਹਾਜਰ ਸਨ।